ਰਾਹਤ ਭਰੀ ਖਬਰ, ਪਿੰਡ ਨੰਗਲੀ ਜਲਾਲਪੁਰ ਦੇ 10 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
Sunday, May 31, 2020 - 04:14 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿਛਲੇ ਦਿਨਾਂ 'ਚ ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) 'ਚ ਲਗਾਤਾਰ 18 ਕੋਰੋਨਾ ਪਾਜ਼ੇਟਿਵ ਕੇਸ ਆਉਣ ਕਾਰਨ ਪੈਦਾ ਹੋਈ ਦਹਿਸ਼ਤ ਦੌਰਾਨ ਕੁਝ ਰਾਹਤ ਵਾਲੀ ਖਬਰ ਮਿਲੀ ਹੈ। ਇਸ ਪਿੰਡ 'ਚੋਂ ਲਏ ਗਏ ਕੋਰੋਨਾ ਟੈਸਟ ਦੇ ਨਮੂਨਿਆਂ 'ਚੋਂ 10 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਕੋਰੋਨਾ ਕਾਰਨ ਮਰੇ ਲਖਵਿੰਦਰ ਸਿੰਘ ਦੇ ਸੰਪਰਕ 'ਚ ਆਏ ਬਲਦੇਵ ਸਿੰਘ ਦੇ ਸੰਪਰਕ 'ਚ ਆਏ 10 ਵਾਸੀਆਂ ਦੇ ਬੀਤੇ ਦਿਨ ਟੈਸਟ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ।
ਇਸ ਦੀ ਪੁਸ਼ਟੀ ਕਰਦੇ ਡਾਕਟਰ ਕੇ. ਆਰ. ਬਾਲੀ ਨੇ ਦੱਸਿਆ ਕਿ ਅਜੇ ਪਿੰਡ ਦੇ 59 ਵਾਸੀਆਂ ਦੀ ਰਿਪੋਰਟ ਆਉਣੀ ਬਾਕੀ ਹੈ ਅਤੇ ਕੱਲ੍ਹ 70 ਟੈਸਟ ਕਰਵਾਏ ਜਾਣਗੇ। ਡਾਕਟਰ ਬਾਲੀ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਘਰਾਂ ਤੋਂ ਜ਼ਰੂਰੀ ਕੰਮ ਲਈ ਬਾਹਰ ਨਿਕਲਣ ਵਾਲੇ ਹਰ ਵਿਅਕਤੀ ਲਈ ਮੂੰਹ 'ਤੇ ਮਾਸਕ ਲਗਾਉਣਾ ਜ਼ਰੂਰੀ ਹੈ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ 200 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰਾਂ ਜਨਤਕ ਸਥਾਨਾਂ 'ਤੇ ਥੁੱਕਣ ਵਾਲੇ ਵਿਅਕਤੀ ਨੂੰ 100 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ।