ਕੋਰੋਨਾ ਤੋਂ ਬਚਣ ਲਈ ਕਾਂਗਰਸ ਦੇ ਮੰਤਰੀ ਨੇ ਦਿੱਤੀ ਇਹ ਸਲਾਹ, ਜ਼ਰੂਰ ਕਰੋ ਗੌਰ
Saturday, Mar 28, 2020 - 06:25 PM (IST)
ਰੂਪਨਗਰ (ਵਿਜੇ ਸ਼ਰਮਾ,ਸੱਜਣ ਸੈਣੀ)— ਸੂਬੇ 'ਚ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ। ਪੰਜਾਬ ਸਰਕਾਰ ਕਰਫਿਊ ਦੌਰਾਨ ਸਾਰਿਆਂ ਨੂੰ ਆਟਾ, ਦਾਲ ਅਤੇ ਰਾਸ਼ਨ ਘਰਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਇਹ ਜਾਣਕਾਰੀ ਤਕਨੀਕੀ ਸਿੱਖਿਆ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਡਿਪਟੀ ਕਮਿਸ਼ਨਰ ਸੋਨਾਲੀ ਗਿਗੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਚੌਕਸ ਹੈ ਅਤੇ ਪ੍ਰਸ਼ਾਸਨ ਦਿਨ-ਰਾਤ ਲੋਕਾਂ ਨੂੰ ਘਰਾਂ 'ਚ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਲਾਕਡਾਊਨ ਤੱਕ ਸਾਰੇ 'ਟੋਲ ਪਲਾਜ਼ੇ' ਬੰਦ ਰੱਖਣ ਦਾ ਫੈਸਲਾ
ਹਰ ਪਰਿਵਾਰ ਨੂੰ 30 ਕਿਲੋ ਆਟਾ ਤੇ ਦਾਲ ਘਰਾਂ 'ਚ ਮੁਹੱਈਆ ਕਰਵਾਉਣ ਦਾ ਕੀਤਾ ਗਿਐ ਪ੍ਰਬੰਧ
ਉਨ੍ਹਾਂ ਕਿਹਾ ਕਿ ਹਰ ਪਰਿਵਾਰ ਨੂੰ 30 ਕਿੱਲੋ ਆਟਾ ਅਤੇ ਦਾਲ ਘਰਾਂ 'ਚ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਜਿਹੜੇ ਲੋਕਾਂ ਦਾ ਨਾਂ ਨੀਲੇ ਕਾਰਡ 'ਚ ਦਰਜ ਨਹੀਂ ਹੈ ਅਤੇ ਜਿਹੜੇ ਝੁੱਗੀ ਝੋਪੜੀਆਂ 'ਚ ਰਹਿੰਦੇ ਹਨ ਅਤੇ ਦਿਹਾੜੀਦਾਰ ਹਨ, ਉਨ੍ਹਾਂ ਨੂੰ 10 ਕਿਲੋ ਆਟਾ, 2 ਕਿੱਲੋ ਦਾਲ ਅਤੇ 2 ਕਿੱਲੋ ਖੰਡ ਦਾ ਪੈਕਟ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਨੀਲੇ ਕਾਰਡ ਵਾਲਿਆਂ ਨੂੰ 5 ਕਿੱਲੋ ਕਣਕ ਪ੍ਰਤੀ ਵਿਅਕਤੀ ਦਿੱਤੀ ਜਾਂਦੀ ਸੀ। ਹੁਣ ਇਸ ਨੂੰ ਦੁੱਗਣਾ ਕਰਕੇ 10 ਕਿਲੋ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਦਾ ਇਕੱਠਾ ਆਟਾ 30 ਕਿਲੋ ਪ੍ਰਤੀ ਵਿਅਕਤੀ ਦਿੱਤਾ ਜਾਵੇਗਾ ਅਤੇ ਨਾਲ ਦਾਲ ਵੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ
ਚੰਨੀ ਨੇ ਦਿੱਤੀ ਕੋਰੋਨਾ ਨਾਲ ਲੜਨ ਦੀ ਇਹ ਸਲਾਹ
ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਵਿਚ ਡਾਕਟਰਾਂ ਸਮੇਤ ਸਾਰੇ ਇੰਤਜ਼ਾਮ ਕੀਤੇ ਗਏ ਹਨ। ਵੱਖਰੇ ਤੌਰ ਤੇ ਵਾਰਡ ਅਤੇ ਕਮਰੇ ਵੀ ਤਿਆਰ ਕੀਤੇ ਗਏ ਹਨ। ਜੇ ਕੋਈ ਮਰੀਜ਼ ਆਉਂਦਾ ਹੈ ਤਾਂ ਉਸ ਨੂੰ ਰੱਖਣ ਲਈ ਸਾਰੇ ਇੰਤਜ਼ਾਮ ਹਨ। ਉਨ੍ਹਾਂ ਨੇ ਕਿਹਾ ਕਿ ਇਸ ਬੀਮਾਰੀ ਨਾਲ ਘਰ 'ਚ ਰਹਿ ਕੇ ਲੜਿਆ ਜਾ ਸਕਦਾ ਹੈ। ਇਸ ਦਾ ਇਕੋ-ਇੱਕ ਰਾਮਬਾਣ ਇਲਾਜ ਇਹੀ ਹੈ ਕਿ ਲੋਕ ਆਪਣੇ ਘਰਾਂ 'ਚ ਰਹਿਣ ਅਤੇ ਘਰੋਂ ਬਾਹਰ ਨਾ ਨਿਕਲਣ। ਇਹ ਬੀਮਾਰੀ ਇਕ ਦੂਜੇ ਦੇ ਸੰਪਰਕ ਨਾਲ ਫੈਲਦੀ ਹੈ। ਲੋਕ ਆਪਣੇ ਘਰਾਂ 'ਚ ਰਹਿਣ ਅਤੇ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਘਰਾਂ 'ਚ ਰਹਿਣ ਅਤੇ ਜਿਨਾਂ ਹੋ ਕੇ ਇਕ ਦੂਜੇ ਦੇ ਸੰਪਰਕ 'ਚ ਨਾ ਆਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਆਪਣੇ ਗੰਨਮੈਨ, ਡਰਾਇਵਰ ਅਤੇ ਹੋਰ ਮੁਲਾਜ਼ਮਾਂ ਨੂੰ ਛੁੱਟੀ ਦਿੱਤੀ ਗਈ ਹੈ ਕਿ ਉਹ ਆਪਣੇ ਘਰਾਂ 'ਚ ਰਹਿਣ, ਇਸ ਲਈ ਉਹ ਇਕੱਲੇ ਖੁਦ ਗੱਡੀ ਡਰਾਈਵ ਕਰਕੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਬੀਬੀ ਜਗੀਰ ਕੌਰ ਨੇ ਬਾਣੀ ਦੀਆਂ ਤੁੱਕਾਂ ਨਾਲ ਕੀਤਾ ਲਾਮਬੰਦ
ਉਨ੍ਹਾਂ ਕਿਹਾ ਕਿ ਜਿਹੜੇ ਨਵੇਂ ਲੜਕੇ ਡਾਕਟਰੀ ਕਰਕੇ ਨਿਕਲੇ ਹਨ ਉਨ੍ਹਾਂ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ। ਜਦੋਂ ਵੀ ਜ਼ਰੂਰਤ ਪਵੇਗੀ ਤਾਂ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਦੇ ਲਈ ਉਨ੍ਹਾਂ ਨੂੰ ਤਨਖਾਹ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਜ਼ਿਲੇ 'ਚ ਵੀ 850 ਦੇ ਕਰੀਬ ਡਾਕਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਲੋੜ ਪੈਣ 'ਤੇ ਇਨ੍ਹਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਸਕਦੀਆਂ ਹਨ। ਉੁਨ੍ਹਾਂ ਕਿਹਾ ਪਸ਼ੂ ਪਾਲਕਾਂ ਲਈ ਫੀਡ ਅਤੇ ਦਵਾਈਆਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਰਾਜਪੁਰਾ ਸਮੇਤ ਜਿੱਥੇ-ਜਿੱਥੇ ਫੀਡ ਬਣਦੀ ਹੈ, ਉਹ ਫੈਕਟਰੀਆਂ ਖੋਲ੍ਹ ਦਿੱਤੀਆਂ ਗਈਆਂ ਹਨ। ਘਰਾਂ ਤੱਕ ਹਰਾ ਚਾਰਾ ਪਹੁੰਚਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਦੋਧੀਆਂ ਵੱਲੋਂ ਸਵੇਰ ਦੇ ਸਮੇਂ ਘਰਾਂ ਦੇ 'ਚ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਕਣਕ ਦੀ ਫਸਲ ਅਤੇ ਸਪਰੇਅ ਕਰਾਉਣ ਦੀ ਜ਼ਰੂਰਤ ਹੈ ਤਾਂ ਘਰਾਂ 'ਚ ਹੀ ਉਨ੍ਹਾਂ ਨੂੰ ਇਸ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਦੀ ਸਪਲਾਈ ਲਈ ਵਲੰਟੀਅਰਜ਼ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਇਟਲੀ ਤੋਂ ਪੰਜਾਬ ਤੱਕ ਦੇਖੋ ਕਿਵੇਂ ਪੁੱਜਾ ਕੋਰੋਨਾ, ਬਲਦੇਵ ਸਿੰਘ ਦੀਆਂ ਵੀਡੀਓਜ਼ ਆਈਆਂ ਸਾਹਮਣੇ
ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਹਰ ਇਕ ਰੇਟ ਫਿਕਸ, ਵਾਧੂ ਰੇਟ 'ਤੇ ਸਾਮਾਨ ਵੇਚਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ
ਉਨ੍ਹਾਂ ਕਿਹਾ ਕਿ ਏਰੀਏ ਦੇ ਨਜ਼ਦੀਕੀ ਹਰ ਕਰਿਆਨਾ ਸਟੋਰ ਨੂੰ ਵਾਰੀ ਵਾਰੀ ਘਰਾਂ ਵਿਚ ਸਪਲਾਈ ਭੇਜਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਹਰ ਇਕ ਚੀਜ਼ ਦੇ ਰੇਟ ਫਿਕਸ ਕਰ ਦਿੱਤੇ ਗਏ ਹਨ ਘਰਾਂ 'ਚ ਰੇਹੜੀ ਵਾਲਿਆਂ ਵੱਲੋਂ ਜਾਂ ਕਿਸੇ ਦੁਕਾਨਦਾਰ ਵੱਲੋਂ ਵਾਧੂ ਰੇਟ 'ਤੇ ਕੋਈ ਸਮਾਨ ਵੇਚਿਆ ਜਾਂਦਾ ਹੈ ਤਾਂ ਪਰਚਾ ਦਰਜ ਕਰਕੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਸਾਰੇ ਰੇਟਾਂ ਦੀ ਲਿਸਟ ਸ਼ੋਸ਼ਲ ਮੀਡੀਆ 'ਤੇ ਪਾ ਦਿੱਤੀ ਗਈ ਹੈ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਬਲੈਕਮੇਲਿੰਗ ਕਰੇਗਾ ਤਾਂ ਉਸ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੋਲ ਸੇਲ ਵਪਾਰੀਆਂ ਨੂੰ ਛੋਟ ਦਿੱਤੀ ਗਈ ਹੈ ਕਿ ਉਹ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਦੁਕਾਨਾਂ ਅਤੇ ਸਪਲਾਈ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਸੋਚ ਹੈ ਕਿ ਰਾਜ 'ਚ ਕਿਸੇ ਨੂੰ ਵੀ ਭੁੱਖੇ ਨਹੀਂ ਸੌਣ ਦਿੱਤਾ ਜਾਵੇਗਾ ਅਤੇ ਹਰ ਇਕ ਦੇ ਘਰ ਵਿੱਚ ਰਾਸ਼ਨ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਲਾਂ 'ਚ ਜਿਨ੍ਹਾਂ ਨੇ ਛੋਟੇ ਕਰਾਇਮ ਕੀਤੇ ਹਨ ਉਨ੍ਹਾਂ ਨੂੰ ਛੱਡਣ ਸਬੰਧੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਇਕ ਦੋ ਦਿਨ 'ਚ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਦੀਪ ਸਿੰਘ ਗੁਜਰਾਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ: ਕਰਫਿਊ 'ਚ ਇਹ ਪਰਿਵਾਰ ਘਰ ਬੈਠੇ ਇੰਝ ਕਰ ਰਿਹੈ ਸੇਵਾ ਕਾਰਜ