ਕੋਰੋਨਾ ਵਾਇਰਸ ਦੇ ਬਚਾਅ ਲਈ ਦੁਕਾਨਦਾਰਾਂ ਵੱਲੋਂ ਮੁਫ਼ਤ ਵੰਡੇ ਗਏ ਮਾਸਕ
Saturday, Mar 21, 2020 - 04:24 PM (IST)
ਬੁਢਲਾਡਾ, (ਬਾਂਸਲ): ਭਾਰਤ ਸਮੇਤ ਪੂਰੀ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਫੈਲੀ ਭਿਆਨਕ ਮਹਾਮਾਰੀ ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਦੁਨੀਆ ਭਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਰ ਰਹੇ ਹਨ ਉੱਥੇ ਇਸ ਦੇ ਬਚਾਅ ਲਈ ਸਰਕਾਰਾਂ ਵੱਲੋਂ ਵੀ ਸਾਵਧਾਨੀਆਂ ਵਰਤਣ ਲਈ ਕਿਹਾ ਜਾ ਰਿਹਾ ਹੈ। ਇਸੇ ਤਹਿਤ ਅੱਜ ਸ਼ਹਿਰ ਦੇ ਬੱਸ ਸਟੈਂਡ ਨਜ਼ਦੀਕ ਚੁੰਗੀ ਵਾਲੀ ਗਲੀ ਵਿੱਚ ਸਮੂਹ ਦੁਕਾਨਦਾਰਾਂ ਵੱਲੋਂ ਸ਼ਹਿਰ ਵਾਸੀਆਂ ਅਤੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਮੁਫ਼ਤ ਵਿੱਚ ਮਾਸਕ ਵੰਡੇ ਗਏ ਅਤੇ ਸੈਨੇਟਾਈਜ਼ਰ ਨਾਲ ਹੱਥ ਧੋਣ ਸਮੇਤ ਹੋਰ ਸਾਵਧਾਨੀਆਂ ਵਰਤਣ ਲਈ ਦੱਸਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਜਰਨਲ ਸਕੱਤਰ ਰਾਜਿੰਦਰ ਸੈਣੀ ਝੰਡਾ ਨੇ ਦੱਸਿਆ ਕਿ ਅੱਜ ਜਿੱਥੇ ਇੱਕ ਭਿਆਨਕ ਮਹਾਮਾਰੀ ਨਾਲ ਪੂਰਾ ਦੇਸ਼ ਜੂਝ ਰਿਹਾ ਹੈ ਉੱਥੇ ਚੀਨ ਜਾਪਾਨ ਸਮੇਤ ਕਈ ਹੋਰ ਦੇਸ਼ ਵੀ ਇਸ ਬੀਮਾਰੀ ਦੀ ਲਪੇਟ ਵਿਚ ਆ ਰਹੇ ਹਨ ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਲੋਕਾਂ ਨੂੰ ਇਸ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਸ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਲਈ ਸਾਨੂੰ ਮੂੰਹ ਤੇ ਮਾਸਕ ਲਗਾ ਕੇ ਰੱਖਣ ਦੀ ਬਹੁਤ ਜ਼ਰੂਰਤ ਹੈ ਅਤੇ ਸਮੇਂ ਸਮੇਂ ਸਿਰ ਦਿਨ ਵਿੱਚ ਕਈ ਵਾਰ ਆਪਣੇ ਹੱਥ ਵੀ ਧੋਣੇ ਚਾਹੀਦੇ ਹਨ ਤਾਂ ਕਿ ਇਸ ਮਹਾਮਾਰੀ ਤੋਂ ਆਪਣੇ ਆਪ ਨੂੰ ਵੀ ਬਚਾਇਆ ਜਾ ਸਕੇ ਅਤੇ ਆਲੇ ਦੁਆਲੇ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਦੇ ਚੱਲਦੇ ਅੱਜ ਸਮੂਹ ਮਾਰਕੀਟ ਵੱਲੋਂ ਆਉਂਦੇ ਜਾਂਦੇ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਮਾਸਕ ਵੰਡੇ ਗਏ ਅਤੇ ਸੈਨੇਟਾਈਜ਼ਰ ਨਾਲ ਹੱਥ ਤੋਂ ਲਈ ਪ੍ਰੇਰਤ ਕੀਤਾ ਗਿਆ। ਇਸ ਮੌਕੇ ਵੈਦ ਰਘਬੀਰ ਸਿੰਘ, ਲੱਕੀ ਕੁਮਾਰ, ਦੀਪਕ ਗੋਇਲ, ਮੰਨੂ ਸੈਣੀ, ਲਵਪ੍ਰੀਤ ਸੈਣੀ, ਬਲਵਿੰਦਰ ਸਿੰਘ, ਹੈਪੀ, ਜਸਵਿੰਦਰ ਸਿੰਘ ਸਮੇਤ ਸਮੂਹ ਦੁਕਾਨਦਾਰ ਹਾਜ਼ਰ ਸਨ।