ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ 15000 ਕੋਰੋਨਾ ਵਲੰਟੀਅਰਾਂ ਨੂੰ ਕੀਤਾ ਜਾਵੇਗਾ ਸਿੱਖਿਅਤ

Tuesday, Aug 31, 2021 - 10:16 PM (IST)

ਚੰਡੀਗੜ੍ਹ (ਬਿਊਰੋ) : ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਨਾਲ ਅਗਾਊਂ ਨਜਿੱਠਣ ਲਈ ਮਿਸ਼ਨ ਫਤਹਿ 2.0 ਅਧੀਨ ਸੂਬੇ ਵਿੱਚ ਬਣਾਏ ਗਏ 15000 ਕੋਰੋਨਾ ਵਲੰਟੀਅਰਾਂ ਨੂੰ ਸਿਖਲਾਈ ਦੇਣ ਵਾਸਤੇ ਮਾਸਟਰ ਟਰੇਨਰ ਵਲੰਟੀਅਰਾਂ ਨੂੰ ਅੱਜ ਮੋਹਾਲੀ ਵਿਖੇ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਦੌਰਾਨ ਕੋਵਿਡ ਤੋਂ ਇਹਤਿਆਤ ਅਤੇ ਜਾਗਰੂਕ ਕਰਨ ਲਈ ਵਿਸ਼ੇਸ਼ੀਕ੍ਰਿਤ ਟ੍ਰੇਨਿੰਗ ਦਿੱਤੀ ਗਈ। ਯੁਵਕ ਸੇਵਾਵਾਂ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਿਸਾਨ ਵਿਕਾਸ ਚੈਂਬਰ ਮੋਹਾਲੀ ਵਿਖੇ ਕਰਵਾਏ ਗਏ ਸੂਬਾ ਪੱਧਰੀ ਟ੍ਰੇਨਿੰਗ ਪ੍ਰੋਗਰਾਮ ਵਿੱਚ 1 ਵਲੰਟੀਅਰ ਪ੍ਰਤੀ ਬਲਾਕ ਦੇ ਹਿਸਾਬ ਨਾਲ ਪੰਜਾਬ ਭਰ ਦੇ 150 ਬਲਾਕਾਂ ਅਤੇ ਸ਼ਹਿਰਾਂ ਵਿੱਚੋਂ ਕੁੱਲ 165 ਵਲੰਟੀਅਰ ਸ਼ਾਮਲ ਹੋਏ। ਇਸ ਵਰਕਸ਼ਾਪ ਦਾ ਉਦਘਾਟਨ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਨੇ ਕੀਤਾ ਅਤੇ ਸਮਾਗਮ ਦੀ ਪ੍ਰਧਾਨਗੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸਕੱਤਰ ਅਤੇ ਐੱਨ. ਐੱਚ. ਐੱਮ. ਦੇ ਮਿਸ਼ਨ ਡਾਇਰੈਕਟਰ ਕੁਮਾਰ ਰਾਹੁਲ ਨੇ ਕੀਤੀ। ਉਨ੍ਹਾਂ ਨਾਲ ਖੇਡ ਵਿਭਾਗ ਦੇ ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ, ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਡਾ. ਅਰੀਤ ਕੌਰ ਅਤੇ ਯੂਨੀਸੈਫ ਤੋਂ ਮਿਸ ਹਬੀਬਾ ਅਤੇ ਮਿਸ ਤ੍ਰਿਪਤ ਕੌਰ ਮੌਜੂਦ ਸਨ।

PunjabKesari

ਇਸ ਦੌਰਾਨ ਆਪਣੇ ਸੰਬੋਧਨ ਵਿੱਚ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਿਰੁੱਧ ਉਲੀਕੇ ਮਿਸ਼ਨ ਫਤਹਿ 2.0 ਤਹਿਤ ਪੰਜਾਬ ਭਰ ਵਿੱਚ ਪੇਂਡੂ ਤੇ ਸ਼ਹਿਰੀ ਕੋਰੋਨਾ ਵਲੰਟੀਅਰ ਬਣਾਉਣ ਦੇ ਆਦੇਸ਼ ਦਿੱਤੇ ਗਏ ਸਨ। ਇਸ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਸੂਬੇ ਦੇ ਸਮੂਹ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ 15000 ਕੋਰੋਨਾ ਵਲੰਟੀਅਰਾਂ ਦੇ ਗਰੁੱਪ ਬਣਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗਰੁੱਪਾਂ ਨੂੰ ਵਿਸ਼ੇਸ਼ੀਕ੍ਰਿਤ ਸਿਖਲਾਈ ਦੇਣ ਵਾਸਤੇ ਸੂਬੇ ਦੇ ਹਰ ਬਲਾਕ ਵਿੱਚੋਂ ਇੱਕ-ਇੱਕ ਮਾਸਟਰ ਟਰੇਨਰ ਵਲੰਟੀਅਰ ਨਿਯੁਕਤ ਕੀਤਾ ਗਿਆ ਹੈ, ਜੋ ਅੱਜ ਦੀ ਟ੍ਰੇਨਿੰਗ ਪਿੱਛੋਂ ਆਪਣੇ ਬਲਾਕ ਦੇ ਵਲੰਟੀਅਰਾਂ ਨੂੰ ਸਿਖਲਾਈ ਦੇਵੇਗਾ ਅਤੇ ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਨਾਲ ਕਰੜੇ ਹੱਥੀਂ ਨਜਿੱਠਣ ਲਈ ਤਿਆਰ ਕਰੇਗਾ। ਇਹ ਕੋਰੋਨਾ ਵਲੰਟੀਅਰ ਸੂਬੇ ਦੇ ਕਿਸੇ ਵੀ ਖੇਤਰ ਵਿੱਚ ਸੰਭਾਵੀ ਤੀਜੀ ਲਹਿਰ ਦੌਰਾਨ ਮਾਮਲੇ ਸਾਹਮਣੇ ਆਉਣ `ਤੇ ਕੋਵਿਡ ਰਿਸਪਾਂਸ ਟੀਮਾਂ ਸਮੇਤ ਅਹਿਮ ਰੋਲ ਅਦਾ ਕਰਨਗੇ।

PunjabKesari

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਨੁਮਾਇੰਦਿਆਂ ਨੇ ਆਪਣੇ ਸੰਬੋਧਨ ਦੌਰਾਨ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੀਆਂ ਸੰਭਾਵਨਾਵਾਂ ਦੇ ਸਨਮੁਖ ਹੋਰ ਵੀ ਜਾਗਰੂਕ ਹੋਣ ਦੀ ਲੋੜ `ਤੇ ਜ਼ੋਰ ਦਿੱਤਾ। ਮਾਸਟਰ ਟਰੇਨਰ ਵਲੰਟੀਅਰਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਜਾਗਰੂਕਤਾ ਸਬੰਧੀ ਵੀਡੀਓ ਦਿਖਾਈਆਂ ਗਈਆਂ। ਇਸ ਦੇ ਨਾਲ ਹੀ ਯੂਨੀਸੈਫ ਵੱਲੋਂ ਕੋਰੋਨਾ ਸਬੰਧੀ ਤਿਆਰ ਕੀਤੀ ਗਈ ਵਿਸ਼ੇਸ਼ ਵੀਡੀਓ ਵੀ ਵਿਖਾਈ ਗਈ ਤਾਂ ਜੋ ਮਾਸਟਰ ਟਰੇਨਰਾਂ ਨੂੰ ਕੋਰੋਨਾ ਮਹਾਮਾਰੀ ਦੀਆਂ ਬਾਰੀਕੀਆਂ ਅਤੇ ਬਚਾਅ ਦੇ ਅਹਿਮ ਇਹਤਿਆਤ ਸਬੰਧੀ ਜਾਣੂ ਕਰਵਾਇਆ ਜਾ ਸਕੇ। ਇਸ ਪਿੱਛੋਂ ਭਾਗੀਦਾਰਾਂ ਦਾ ਸਵਾਲ-ਜਵਾਬ ਸੈਸ਼ਨ ਵੀ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸਮਾਗਮ ਦੌਰਾਨ ਯੁਵਕ ਸੇਵਾਵਾਂ ਵਿਭਾਗ ਦੀ ਸਹਾਇਕ ਡਾਇਰੈਕਟਰ ਚੰਡੀਗੜ੍ਹ ਰੁਪਿੰਦਰ ਕੌਰ, ਡਿਪਟੀ ਡਾਇਰੈਕਟਰ ਡਾ. ਕਮਲਜੀਤ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਬਰਨਾਲਾ ਵਿਜੈ ਭਾਸਕਰ, ਸਹਾਇਕ ਡਾਇਰੈਕਟਰ ਸੰਗਰੂਰ ਅਰੁਣ ਕੁਮਾਰ ਅਤੇ ਸਹਾਇਕ ਡਾਇਰੈਕਟਰ ਜਲੰਧਰ ਜਸਪਾਲ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।


Anuradha

Content Editor

Related News