ਪੰਜਾਬ ''ਚ ਹੁਣ ਹੋਣਗੇ ਕੋਰੋਨਾ ਵਾਇਰਸ ਸਬੰਧੀ 800 ਟੈਸਟ ਰੋਜ਼ਾਨਾ : ਡੀ. ਕੇ. ਤਿਵਾੜੀ
Friday, Apr 10, 2020 - 12:57 AM (IST)
ਚੰਡੀਗੜ੍ਹ,(ਸ਼ਰਮਾ)- ਦੁਨੀਆ ਭਰ 'ਚ ਚਿੰਤਾ ਦਾ ਵਿਸ਼ਾ ਬਣੇ ਹੋਏ ਕੋਵਿਡ-19 ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ ਨੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਕਰਨ ਲਈ 5 ਆਰ. ਟੀ. ਪੀ. ਸੀ. ਆਰ ਮਸ਼ੀਨਾਂ ਅਤੇ 4 ਆਰ. ਐੱਨ. ਏ. ਐਕਸਟ੍ਰੈਕਸ਼ਨ ਮਸ਼ੀਨਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੇ ਵਾਇਰਲ ਰਿਸਰਚ ਡਾਇਗਨੋਸਟਿਕ ਲੈਬ ਵਿਖੇ ਸਥਾਪਤ ਕਰ ਦਿੱਤੀਆਂ ਹਨ। ਇਸ ਨਾਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ 'ਚ ਹੁਣ ਰੋਜ਼ਾਨਾ 400-400 ਟੈਸਟ ਕੀਤੇ ਜਾ ਸਕਣਗੇ। ਉਕਤ ਜਾਣਕਾਰੀ ਅੱਜ ਇਥੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ. ਕੇ. ਤਿਵਾੜੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਟਾਕਰੇ ਲਈ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਗਈਆਂ ਹਨ, ਜਿਸ ਤਹਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਲਈ 5 ਆਰ. ਟੀ. ਪੀ. ਸੀ. ਆਰ ਮਸ਼ੀਨਾਂ ਕਰੀਬ 1.6 ਕਰੋੜ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ, ਇਸ ਤਰ੍ਹਾਂ ਹੁਣ ਰਾਜ 'ਚ ਕੁਲ 8 ਆਰ. ਟੀ. ਪੀ. ਸੀ. ਆਰ. ਮਸ਼ੀਨਾਂ ਹੋ ਗਈਆਂ ਹਨ।
ਇਸ ਤੋਂ ਇਲਾਵਾ 4 ਆਰ. ਐਨ. ਏ. ਐਕਸਟ੍ਰੈਕਸ਼ਨ ਮਸ਼ੀਨਾਂ ਵੀ ਕਰੀਬ 1.26 ਕਰੋੜ ਦੀ ਲਾਗਤ ਨਾਲ ਖਰੀਦੀਆਂ ਗਈਆਂ ਹਨ ਅਤੇ ਇਹ ਮਸ਼ੀਨਾਂ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਥਾਪਤ ਕਰ ਦਿੱਤੀਆਂ ਗਈਆਂ ਹਨ, ਜਿਸ ਸਦਕਾ ਹੁਣ ਪੰਜਾਬ ਰਾਜ 'ਚ ਕੁਲ 800 ਟੈਸਟ ਰੋਜ਼ਾਨਾ ਹੋਣਗੇ। ਤਿਵਾੜੀ ਨੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਅਤੇ ਪਟਿਆਲਾ ਦੀ ਲੈਬ 'ਚ ਹੁਣ ਤੱਕ ਕੁੱਲ 1958 ਟੈਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮੈਡੀਕਲ ਕਾਲਜ ਫਰੀਦਕੋਟ ਵਿਖੇ ਟੈਸਟ ਸ਼ੁਰੂ ਕਰਨ ਲਈ ਆਈ.ਸੀ.ਐੱਮ.ਆਰ ਤੋਂ ਪ੍ਰਵਾਨਗੀ ਦੀ ਮੰਗ ਕੀਤੀ ਗਈ ਹੈ। ਜੇਕਰ ਇਹ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇਥੇ ਰੋਜ਼ਾਨਾ 40 ਟੈਸਟ ਕਰਨ ਨਾਲ ਸ਼ੁਰੂਆਤ ਕੀਤੀ ਜਾਵੇਗੀ।