...ਤੇ ਹੁਣ ਫਰੀਦਕੋਟ 'ਚ ਮਿਲਿਆ 'ਕੋਰੋਨਾ ਵਾਇਰਸ' ਦਾ ਸ਼ੱਕੀ ਮਰੀਜ (ਵੀਡੀਓ)

02/04/2020 3:54:31 PM

ਫਰੀਦਕੋਟ (ਅਸ਼ੋਕ) : ਚੀਨ 'ਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਦੇ ਕਾਰਨ ਪੰਜਾਬ ਵੀ ਹਾਈ ਅਲਰਟ 'ਤੇ ਹੈ ਅਤੇ ਇਸੇ ਅਲਰਟ ਦੇ ਚੱਲਦਿਆਂ ਹੀ ਫਰੀਦਕੋਟ 'ਚ ਵੀ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਕੋਟਕਪੂਰਾ ਦੇ ਮੋਗਾ ਰੋਡ ਵਾਸੀ ਇਕ ਵਿਅਕਤੀ ਪਿਛਲੇ ਮਹੀਨੇ 27 ਜਨਵਰੀ ਨੂੰ ਹੀ ਕੈਨੇਡਾ ਤੋਂ ਵਾਇਆ ਚਾਇਨਾ ਹੁੰਦੇ ਹੋਏ ਪੰਜਾਬ ਆਇਆ ਸੀ ਅਤੇ ਹਲਕੇ ਬੁਖਾਰ ਦੀ ਸਮੱਸਿਆ ਕਾਰਨ ਹਸਪਤਾਲ ਪੁੱਜਿਆ ਸੀ।

ਕੋਰੋਨਾ ਵਾਇਰਸ ਹੋਣ ਦੀ ਸ਼ੰਕਾ ਦੇ ਚੱਲਦਿਆਂ ਸਿਹਤ ਵਿਭਾਗ ਨੇ ਉਸ ਨੂੰ ਹਸਪਤਾਲ ਦਾਖਲ ਹੋਣ ਦੀ ਸਲਾਹ ਦਿੱਤੀ ਪਰ ਉਹ ਨਹੀਂ ਮੰਨਿਆ ਅਤੇ ਘਰ ਚਲਾ ਗਿਆ । ਬਾਅਦ 'ਚ ਜ਼ਿਲਾ ਪ੍ਰਸ਼ਾਸਨ ਨੇ ਪੁਲਸ ਦੀ ਮਦਦ ਲੈਂਦੇ ਹੋਏ ਉਕਤ ਸ਼ੱਕੀ ਮਰੀਜ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਅਤੇ ਉਸ ਦੇ ਸੈਂਪਲ ਲੈ ਕੇ ਜਾਂਚ ਲਈ ਪੂਣੇ ਭੇਜੇ ਗਏ।

ਜ਼ਿਕਰਯੋਗ ਹੈ ਕਿ ਕੋਟਕਪੂਰਾ ਦਾ ਰਹਿਣ ਵਾਲਾ ਇਹ ਸ਼ੱਕੀ ਮਰੀਜ਼ ਆਪਣੇ ਪਰਿਵਾਰ ਦੇ ਨਾਲ ਕੈਨੇਡਾ 'ਚ ਰਹਿੰਦਾ ਹੈ ਅਤੇ ਰਿਸ਼ਤੇਦਾਰੀ ਦੇ ਵਿਆਹ ਸਮਾਰੋਹ 'ਚ ਹਿੱਸਾ ਲੈਣ ਲਈ 27 ਜਨਵਰੀ ਨੂੰ ਹੀ ਕੈਨੇਡਾ ਤੋਂ ਪੰਜਾਬ ਆਇਆ ਸੀ। ਇੱਥੇ ਆਉਣ ਤੋਂ ਬਾਅਦ ਹਲਕੇ ਬੁਖਾਰ ਦੀ ਸਮੱਸਿਆ ਹੋਣ 'ਤੇ ਉਸ ਨੇ ਕੋਟਕਪੂਰਾ ਦੇ ਇੱਕ ਨਿਜੀ ਹਸਪਤਾਲ ਤੋਂ ਇਲਾਜ ਕਰਵਾਇਆ । ਇਹਤਿਆਤ ਵਰਤਦੇ ਹੋਏ ਉਸ ਨੇ ਕੋਰੋਨਾ ਵਾਇਰਸ ਦੇ ਸ਼ੱਕ ਦੇ ਚੱਲਦਿਆਂ ਹੈਲਪਲਾਈਨ 'ਤੇ ਫੋਨ ਕੀਤਾ ਅਤੇ ਫਰੀਦਕੋਟ ਦੇ ਸਿਵਲ ਹਸਪਤਾਲ ਪਹੁੰਚਿਆ ।

ਇੱਥੇ ਸਿਹਤ ਵਿਭਾਗ ਦੀ ਇੱਕ ਟੀਮ ਨੇ ਉਸ ਦਾ ਚੈਕਅੱਪ ਕੀਤਾ ਅਤੇ ਉਸ ਨੂੰ ਹਸਪਤਾਲ ਦੇ ਸਪੈਸ਼ਲ ਵਾਰਡ 'ਚ ਦਾਖਲ ਹੋਣ ਦੀ ਸਲਾਹ ਦਿੱਤੀ, ਜਿਸ 'ਤੇ ਉਹ ਸਹਿਮਤ ਨਹੀਂ ਹੋਇਆ ਅਤੇ ਆਪਣੇ ਘਰ ਚਲਾ ਗਿਆ । ਇਸ ਦੇ ਬਾਅਦ ਸਿਹਤ ਵਿਭਾਗ ਨੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਐੱਸ. ਐੱਸ. ਪੀ. ਫਰੀਦਕੋਟ ਨੂੰ ਲਿਖਤੀ ਨਿਰਦੇਸ਼ ਦੇ ਕੇ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਹਿਦਾਇਤ ਦਿੱਤੀ ।

ਡੀ. ਸੀ. ਦੇ ਨਿਰਦੇਸ਼ਾਂ 'ਤੇ ਡੀ. ਐੱਸ. ਪੀ. ਕੋਟਕਪੂਰਾ ਬਲਕਾਰ ਸਿੰਘ ਸੰਧੂ ਆਪਣੀ ਟੀਮ ਦੇ ਨਾਲ ਸ਼ੱਕੀ ਮਰੀਜ਼ ਦੇ ਘਰ ਪੁੱਜੇ ਅਤੇ ਰਾਤ ਦੇ ਸਮੇਂ ਹੀ ਮੈਡੀਕਲ ਹਸਪਤਾਲ 'ਚ ਉਸ ਨੂੰ ਦਾਖਲ ਕਰਵਾਇਆ ਗਿਆ। ਉਧਰ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਏ ਕਿ ਜੇਕਰ ਉਨ੍ਹਾਂ ਦਾ ਮਰੀਜ਼ ਸ਼ੱਕੀ ਹੈ ਤਾਂ ਉਹਨੂੰ ਠੀਕ ਸਹੂਲਤ ਕਿਉਂ ਨਹੀ ਦਿੱਤੀ ਜਾ ਰਹੀ। ਉਨ੍ਹਾਂ ਨੇ ਹਸਪਤਲ ਦੇ ਪ੍ਰਬੰਧਾਂ 'ਤੇ ਵੀ ਸਵਾਲ ਚੁੱਕੇ।


Babita

Content Editor

Related News