ਗਰਭਵਤੀ ਬੀਬੀ ਦੀਆਂ 'ਕੋਰੋਨਾ' ਰਿਪੋਰਟਾਂ ਨੇ ਚੱਕਰਾਂ 'ਚ ਪਾਇਆ ਪ੍ਰਸ਼ਾਸਨ

Friday, Aug 07, 2020 - 02:46 PM (IST)

ਲੁਧਿਆਣਾ (ਰਾਜ) : ਕੋਵਿਡ-19 ਦਾ ਕਹਿਰ ਸ਼ਹਿਰ ’ਚ ਨਹੀਂ ਰੁਕ ਰਿਹਾ ਪਰ ਕੁੱਝ ਲੋਕ ਨੈਗੇਟਿਵ ਅਤੇ ਪਾਜ਼ੇਟਿਵ ਦੇ ਚੱਕਰਾਂ 'ਚ ਫਸੇ ਹੋਏ ਹਨ ਕਿਉਂਕਿ ਕੁੱਝ ਲੋਕਾਂ ਦੀ ਸਿਵਲ ਹਸਪਤਾਲ ’ਚ ਟੈਸਟ ਦੌਰਾਨ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਪਰ ਨਿੱਜੀ ਲੈਬ 'ਚ ਉਹੀ ਰਿਪੋਰਟ ਨੈਗੇਟਿਵ ਹੋ ਗਈ। ਇਸ ਗੱਲ ਨੂੰ ਲੈ ਕੇ ਇਕ ਪਰਿਵਾਰ ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਦੇ ਦਫ਼ਤਰ ਬਾਹਰ ਧਰਨਾ ਲਗਾ ਕੇ ਬੈਠ ਗਿਆ। ਉਨ੍ਹਾਂ ਦਾ ਦੋਸ਼ ਸੀ ਕਿ ਗਰਭਵਤੀ ਜਨਾਨੀ ਦਾ ਟੈਸਟ ਪਹਿਲਾਂ ਪਾਜ਼ੇਟਿਵ ਆਇਆ ਸੀ ਪਰ ਬਾਅਦ ’ਚ ਨੈਗੇਟਿਵ ਹੋ ਗਿਆ।

ਉਨ੍ਹਾਂ ਨੇ ਐੱਸ. ਐੱਮ. ਓ. ਨੂੰ ਜਨਾਨੀ ਨੂੰ ਘਰ 'ਚ ਇਕਾਂਤਵਾਸ ਲਈ ਲਿਖਿਆ ਸੀ ਪਰ ਉਹ ਕਹਿ ਰਹੇ ਸਨ ਕਿ ਨਿੱਜੀ ਰਿਪੋਰਟ ਉਹ ਨਹੀਂ ਮੰਨਦੇ। ਇਸ ਲਈ ਉਨ੍ਹਾਂ ਨੇ ਜਦੋਂ ਰੋਸ ਜਤਾਇਆ ਤਾਂ ਫਿਰ ਜਾ ਕੇ ਐਸ. ਐਮ. ਓ. ਨੇ ਜਨਾਨੀ ਨੂੰ ਘਰ 'ਚ ਇਕਾਂਤਵਾਸ ਦੀ ਮਨਜ਼ੂਰੀ ਦਿੱਤੀ। ਸ਼ਿਮਲਾਪੁਰੀ ਦੇ ਰਹਿਣ ਵਾਲੇ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ 9 ਮਹੀਨੇ ਦੀ ਗਰਭਵਤੀ ਹੈ। ਇਸ ਲਈ ਚੈੱਕਅਪ ਲਈ ਈ. ਐੱਸ. ਆਈ. ਹਸਪਤਾਲ ਗਏ ਸਨ, ਜਿੱਥੇ ਡਾਕਟਰਾਂ ਨੇ ਸਿਵਲ ਹਸਪਤਾਲ ਤੋਂ ਕੋਰੋਨਾ ਰਿਪੋਰਟ ਲਿਆਉਣ ਲਈ ਕਿਹਾ। ਉਨ੍ਹਾਂ ਸਿਵਲ ਤੋਂ ਟੈਸਟ ਕਰਵਾ ਲਿਆ, ਜੋ ਕਿ ਪਾਜ਼ੇਟਿਵ ਆਇਆ ਪਰ ਅਗਲੀ ਸਵੇਰ ਉਨ੍ਹਾਂ ਨੇ ਕ੍ਰਿਸ਼ਨਾ ਹਸਪਤਾਲ ਰਾਹੀਂ ਐੱਸ. ਆਰ. ਐੱਲ. ਲੈਬ ਤੋਂ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਨੈਗੇਟਿਵ ਆ ਗਈ।

ਮਨਜੀਤ ਦੇ ਦੋਸਤ ‘ਲਿਪ’ ਨੇਤਾ ਸਰਬਜੋਤ ਸਿੰਘ ਦਾ ਕਹਿਣਾ ਹੈ ਕਿ ਉਹ ਮਨਜੀਤ ਦੀ ਪਤਨੀ ਡਿੰਪਲ ਨੂੰ ਸਿਵਲ ਹਸਪਤਾਲ ਲੈ ਕੇ ਗਏ ਅਤੇ ਉਨ੍ਹਾਂ ਨੂੰ ਨਿੱਜੀ ਲੈਬ ਦੀ ਰਿਪੋਰਟ ਨਹੀਂ ਦਿਖਾਈ ਪਰ ਉਨ੍ਹਾਂ ਕਿਹਾ ਕਿ ਉਹ ਇਹ ਰਿਪੋਰਟ ਨਹੀਂ ਮੰਨਦੇ। ਸਰਬਜੋਤ ਦਾ ਕਹਿਣਾ ਹੈ ਕਿ ਉਨ੍ਹਾਂ ਕਿਹਾ ਕਿ ਜਨਾਨੀ ਨੂੰ ਘਰ 'ਚ ਇਕਾਂਤਵਾਸ ਕਰ ਦਿਓ ਤਾਂ ਕਿ ਘਰ 'ਚ ਉਸ ਦੀ ਚੰਗੀ ਤਰ੍ਹਾਂ ਦੇਖ-ਰੇਖ ਹੋ ਸਕੇ ਪਰ ਡਾਕਟਰਾਂ ਨੇ ਮਨ੍ਹਾ ਕਰ ਦਿੱਤਾ। ਉਨ੍ਹਾਂ ਦੀ ਸੁਣਵਾਈ ਨਾ ਹੋਣ ’ਤੇ ਉਨ੍ਹਾਂ ਨੇ ਕਈ ਸਿਹਤ ਅਧਿਕਾਰੀਆਂ ਨੂੰ ਕਾਲ ਕੀਤੀ। ਇਸ ਤੋਂ ਇਲਾਵਾ ਡੀ. ਸੀ. ਦਫ਼ਤਰ ਵੀ ਗਏ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਜਨਾਨੀ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕਰ ਲਿਆ ਸੀ।

ਵੀਰਵਾਰ ਨੂੰ ਉਹ ਸਿਵਲ ਹਸਪਤਾਲ ਗਏ ਅਤੇ ਐੱਸ. ਐੱਮ. ਓ. ਨਾਲ ਮਿਲਣਾ ਚਾਹਿਆ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਇਸ ਲਈ ਉਹ ਪੀੜਤ ਪਰਿਵਾਰ ਦੇ ਨਾਲ ਐੱਸ. ਐੱਮ. ਓ. ਦਫ਼ਤਰ ਦੇ ਬਾਹਰ ਹੀ ਧਰਨਾ ਲਗਾ ਕੇ ਬੈਠ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਬੁਲਾਇਆ ਗਿਆ। ਉਨ੍ਹਾਂ ਨੇ ਨੈਗੇਟਿਵ ਵਾਲੀ ਰਿਪੋਰਟ ਐੱਸ. ਐੱਮ. ਓ. ਨੂੰ ਦਿਖਾਈ ਪਰ ਐੱਸ. ਐੱਮ. ਓ. ਨੇ ਕਿਹਾ ਕਿ ਉਹ ਇਸ ਰਿਪੋਰਟ ਨੂੰ ਨਹੀਂ ਮੰਨਦੇ। ਇਸ ’ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਰਿਪੋਰਟ ਗਲਤ ਹੈ ਤਾਂ ਉਹ ਪੁਲਸ 'ਚ ਐੱਫ. ਆਈ. ਆਰ. ਕਰਵਾਉਣਗੇ। ਉਨ੍ਹਾਂ ਦੀ ਇਸ ਗੱਲ ਤੋਂ ਬਾਅਦ ਐੱਸ. ਐੱਮ. ਓ. ਵੱਲੋਂ ਉਸ ਦੀ ਭਾਬੀ ਡਿੰਪਲ ਨੂੰ ਘਰ 'ਚ ਇਕਾਂਤਵਾਸ ਕੀਤਾ ਗਿਆ। ਸਰਬਜੋਤ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਡੀ. ਸੀ. ਅਤੇ ਸੀ. ਐੱਮ. ਓ. ਨੂੰ ਲਿਖਤੀ 'ਚ ਸ਼ਿਕਾਇਤ ਦੇਣਗੇ।
ਇਕ ਹੋਰ ਜਨਾਨੀ ਦੀ ਰਿਪੋਰਟ ਪਹਿਲਾਂ ਪਾਜ਼ੇਟਿਵ, ਫਿਰ ਆਈ ਨੈਗੇਟਿਵ
ਇਕ ਹੋਰ ਕੇਸ ’ਚ ਗਰਭਵਤੀ ਜਨਾਨੀ ਦੇ ਪਰਿਵਾਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਪਹਿਲਾਂ ਸਿਵਲ ਹਸਪਤਾਲ 'ਚ ਟੈਸਟ ਕਰਵਾਇਆ ਸੀ, ਜੋ ਕਿ ਪਾਜ਼ੇਟਿਵ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜੇ ਦਿਨ ਡੀ. ਐੱਮ. ਸੀ. ਹਸਪਤਾਲ ਤੋਂ ਟੈਸਟ ਕਰਵਾਇਆ, ਜੋ ਨੈਗੇਟਿਵ ਨਿਕਲਿਆ। ਅਜਿਹੇ ’ਚ ਕਿਹੜੀ ਰਿਪੋਰਟ ਸਹੀ ਹੈ, ਉਨ੍ਹਾਂ ਨੂੰ ਕੁੱਝ ਸਮਝ ਨਹੀਂ ਆ ਰਿਹਾ, ਹਾਲਾਂਕਿ ਉਨ੍ਹਾਂ ਨੇ ਬੇਟੀ ਨੂੰ ਡੀ. ਐੱਮ. ਸੀ. ’ਚ ਦਾਖ਼ਲ ਕਰਵਾਇਆ ਹੈ।
ਪਹਿਲਾਂ ਵੀ ਰਿਪੋਰਟ ਨਾਲ ਹੋ ਚੁੱਕਾ ਹੈ ਅਜਿਹਾ
ਇਸ ਤੋਂ ਪਹਿਲਾਂ ਵੀ ਸਿਵਲ ਹਸਪਤਾਲ ਦੇ ਕੁੱਝ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ, ਜਿਸ 'ਚ ਗਰਭਵਤੀ ਜਨਾਨੀ ਦੀ ਰਿਪੋਰਟ ਪਹਿਲਾਂ ਪਾਜ਼ੇਟਿਵ ਅਤੇ ਬਾਅਦ ’ਚ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਇਕ ਕੇਸ 'ਚ ਤਾਂ ਜਨਾਨੀ ਦਾ ਦੋਸ਼ ਸੀ ਕਿ ਉਸ ਦਾ ਟੈਸਟ ਹੀ ਨਹੀਂ ਹੋਇਆ ਅਤੇ ਉਸ ਦੇ ਨਾਂ ਦੀ ਰਿਪੋਰਟ ਪਾਜ਼ੇਟਿਵ ਆ ਗਈ।
ਇਸ ਬਾਰੇ ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਦਾ ਕਹਿਣਾ ਹੈ ਕਿ ਪਾਜ਼ੇਟਿਵ ਜਾਂ ਨੈਗੇਟਿਵ ਆਇਆ ਪਹਿਲਾ ਟੈਸਟ ਮੰਨਿਆ ਜਾਂਦਾ ਹੈ। ਸਰਕਾਰੀ ਹਸਪਤਾਲ ਤੋਂ ਹੋਇਆ ਟੈਸਟ ਆਰ. ਟੀ. ਪੀ. ਸੀ. ਆਰ. ਟੈਸਟ ਹੁੰਦਾ ਹੈ। ਰਿਪੋਰਟ ਪਟਿਆਲਾ ਤੋਂ ਆਉਂਦੀ ਹੈ, ਜੋ ਕਿ ਬਿਲਕੁਲ ਠੀਕ ਹੁੰਦੀ ਹੈ। ਜਦੋਂ ਟੈਸਟ ਹੁੰਦਾ ਹੈ ਤਾਂ ਕਦੇ ਵਾਇਰਲ ਲੋਡ ਜ਼ਿਆਦਾ ਹੁੰਦਾ ਹੈ ਅਤੇ ਕਦੇ ਘੱਟ। ਇਸ ਤੋਂ ਇਲਾਵਾ ਟੈਸਟ ਲੈਣ ਵਾਲਾ ਵੀ ਪਰਫੈਕਟ ਹੋਣਾ ਚਾਹੀਦਾ ਹੈ। ਇਸ ਲਈ ਕਦੇ ਕਦਾਈਂ ਅਜਿਹਾ ਹੋ ਜਾਂਦਾ ਹੈ।


Babita

Content Editor

Related News