ਕੋਰੋਨਾ ਵਾਇਰਸ ਮਾਮਲੇ 'ਚ ਕੁਤਾਹੀ ਲਈ SMO ਸਮੇਤ 6 ਡਾਕਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

03/30/2020 4:45:29 PM

ਪਟਿਆਲਾ (ਪਰਮੀਤ) : ਸਿਹਤ ਵਿਭਾਗ ਪਟਿਆਲਾ ਨੇ ਬੀਤੇ ਦਿਨ ਘਨੌਰ ਹਲਕੇ ਦੇ ਪਿੰਡ ਰਾਮਪੁਰ ਸੈਣੀਆਂ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਦੇ ਮਾਮਲੇ 'ਚ ਪਿੰਡ 'ਚ ਤਾਇਨਾਤ ਕੀਤੇ ਗਏ ਇਕ ਐੱਸ.ਐੱਮ.ਓ. ਇਕ ਜ਼ਿਲਾ ਅਫਸਰ ਤੇ 6 ਮੈਡੀਕਲ ਅਫਸਰਾਂ ਨੂੰ ਡਿਊਟੀ ਵਿਚ ਕੁਤਾਹੀ ਵਰਤਣ 'ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਨੋਟਿਸ ਕਰਨ ਦੀ ਪੁਸ਼ਟੀ ਕੀਤੀ ਹੈ।

ਕਾਰਨ ਦੱਸੋ ਨੋਟਿਸ ਵਿਚ ਸਿਵਲ ਸਰਜਨ ਨੇ ਲਿਖਿਆ ਹੈ ਕਿ ਡਾਕਟਰਾਂ ਦੇ ਵਿਵਹਾਰ ਨੇ ਵਿਭਾਗ ਨੂੰ ਸ਼ਰਮਸ਼ਾਰ ਕੀਤਾ ਹੈ ਜਿਨ੍ਹਾਂ ਨੇ ਆਈ.ਸੀ.ਐੱਮ.ਆਰ ਗਾਈਡ ਲਾਈਨਾਂ ਦੇ ਵਿਰੁੱਧ ਜਾ ਕੇ ਸਰਜੀਕਲ ਗਾਊਨ ਅਤੇ ਪੀ.ਪੀ. ਕਿੱਟਸ ਵਰਤੀਆਂ ਹਨ ਅਤੇ ਵੇਸਟ ਕੀਤੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਐੱਸ.ਐੱਮ.ਓ. ਤੇ ਡਾਕਟਰ ਆਪਣੀ ਗੱਡੀ 'ਚੋਂ ਹੀ ਹੇਠਾਂ ਨਹੀਂ ਉਤਰੇ, ਜਦਕਿ ਪੈਰਾ ਮੈਡੀਕਲ ਸਟਾਫ ਨੇ ਘਰ-ਘਰ ਜਾ ਕੇ ਸਰਵੇਅ ਕੀਤਾ।

ਸਿਵਲ ਸਰਜਨ ਮੁਤਾਬਕ ਡਾਕਟਰਾਂ ਦੇ ਰਵੱਈਏ ਤੋਂ ਸਪਸ਼ਟ ਹੋਇਆ ਹੈ ਕਿ ਟਰੇਨਿੰਗ 'ਚ ਕਿੱਟਾਂ ਦੀ ਵਰਤੋਂ ਸਬੰਧੀ ਜੋ ਸਿਖਾਇਆ ਗਿਆ, ਉਹ ਇਨ੍ਹਾਂ ਡਾਕਟਰਾਂ ਨੂੰ ਸਮਝ ਨਹੀਂ ਆਇਆ ਜਾਂ ਫਿਰ ਟਰੇਨਿੰਗ ਵੇਲੇ ਇਨ੍ਹਾਂ ਦਾ ਧਿਆਨ ਹੋਰ ਪਾਸੇ ਸੀ ਜਾਂ ਇਨ੍ਹਾਂ ਵੱਲੋਂ ਜਾਣ ਬੁੱਝ ਕੇ ਅਜਿਹਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਵਿਵਹਾਰ ਨੇ ਸਭ ਨੂੰ ਸ਼ਰਮਸਾਰ ਕੀਤਾ ਹੈ।ਉਨ੍ਹਾਂ ਨੇ ਡਾਕਟਰਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਤੇ ਕਿਹਾ ਹੈ ਕਿ ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਸਸਪੈਂਡ ਕਰਨ ਦੀ ਸਿਫਾਰਸ਼ ਪ੍ਰਮੁੱਖ ਸਕੱਤਰ ਸਿਹਤ ਨੂੰ ਕੀਤੀ ਜਾਵੇਗੀ।


Shyna

Content Editor

Related News