ਪੰਜਾਬ ਸਰਕਾਰ ਵਲੋਂ ਘਰ ''ਚ ਏਕਾਂਤਵਾਸ ਸਬੰਧੀ ਐਡਵਾਇਜ਼ਰੀ ਜਾਰੀ

Sunday, May 10, 2020 - 08:02 PM (IST)

ਪੰਜਾਬ ਸਰਕਾਰ ਵਲੋਂ ਘਰ ''ਚ ਏਕਾਂਤਵਾਸ ਸਬੰਧੀ ਐਡਵਾਇਜ਼ਰੀ ਜਾਰੀ

ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਨੇ ਕੋਵਿਡ-19 ਦੇ ਫੈਲਾਅ ਦੇ ਮੱਦੇਨਜ਼ਰ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਪੰਜਾਬ ਵਾਪਸ ਪਰਤੇ ਵਿਅਕਤੀਆਂ ਲਈ ਘਰ ਵਿਚ ਏਕਾਂਤਵਾਸ 'ਚ ਰਹਿਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ-19) ਸਿਸਟਮਿਕ ਬਿਮਾਰੀ ਹੈ, ਜੋ ਨੋਵਲ ਕੋਰੋਨਾ ਵਾਇਰਸ ਨਾਲ ਹੁੰਦੀ ਹੈ ਅਤੇ ਜ਼ਿਆਦਾਤਰ ਮੌਕਿਆਂ 'ਤੇ ਛਿੱਕਾਂ ਅਤੇ ਖੰਘ ਦੇ ਛਿੱਟਿਆਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ, ਪੀੜਤ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਅਤੇ ਇੰਫੈਕਟਿਡ ਚੀਜ਼ਾਂ/ਵਸਤੂਆਂ ਨੂੰ ਛੂਹਣ ਨਾਲ ਫ਼ੈਲਦੀ ਹੈ ਕਿਉਂਕਿ ਇਹ ਇਕ ਲਾਗ ਦਾ ਵਾਇਰਸ ਹੈ ਇਸ ਲਈ ਜ਼ਰੂਰੀ ਹੈ ਕਿ ਵਾਇਰਸ ਸਬੰਧੀ ਸਾਰੇ ਸੰਪਰਕਾਂ ਨੂੰ ਏਕਾਂਤਵਾਸ ਕੀਤਾ ਜਾਵੇ ਅਤੇ ਡਾਕਟਰੀ ਜਾਂਚ ਕਰਵਾਈ ਜਾਵੇ।

ਜ਼ਿਕਰਯੋਗ ਹੈ ਕਿ ਸੰਪਰਕ ਉਹ ਤੰਦਰੁਸਤ ਵਿਅਕਤੀ ਹੁੰਦਾ ਹੈ ਜੋ ਕਿਸੇ ਇੰਫੈਕਟਿਡ ਵਿਅਕਤੀ ਜਾਂ ਇੰਫੈਕਟਿਡ ਵਾਤਾਵਰਣ ਦੇ ਜਾਣੇ-ਅਣਜਾਣੇ ਸੰਪਰਕ 'ਚ ਆਇਆ ਹੋਵੇ ਅਤੇ ਕੋਰੋਨਾ ਵਾਇਰਸ ਸਾਹਮਣੇ ਆਉਣ ਕਾਰਨ ਉਸਦੇ ਬਿਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਐਡਵਾਇਜ਼ਰੀ ਅਨੁਸਾਰ ਨੋਵਲ ਕੋਰੋਨਾ ਵਾਇਰਸ ਬਿਮਾਰੀ (ਕੋਵਿਡ -19) ਦੇ ਯਾਤਰੂ ਨਾਲ ਸਬੰਧਤ/ਗੈਰ-ਸੰਬੰਧਿਤ ਸ਼ੱਕੀ ਮਾਮਲੇ ਦੀ ਪਛਾਣ ਕਰਨ ਤੋਂ ਬਾਅਦ ਲੋੜੀਂਦੀਆਂ ਸਿਹਤ ਸਹੂਲਤਾਂ ਦੇ ਕੇ ਉਸ ਨੂੰ ਤੁਰੰਤ ਏਕਾਂਤਵਾਸ 'ਚ ਭੇਜ ਦੇਣਾ ਚਾਹੀਦਾ ਹੈ ਅਤੇ ਅਜਿਹੇ ਮਾਮਲਿਆਂ ਦੇ ਸਾਰੇ ਸੰਪਰਕਾਂ ਸਬੰਧੀ ਵੇਰਵੇ ਇਕੱਤਰ ਕਰਨੇ ਚਾਹੀਦੇ ਹਨ। ਇਕਾਂਤਵਾਸ ਕੋਵਿਡ-19 ਦੇ ਕਿਸੇ ਸ਼ੱਕੀ ਜਾਂ ਪੁਸ਼ਟੀ ਵਾਲੇ ਮਾਮਲੇ ਦੇ ਅਜਿਹੇ ਸਾਰੇ ਸੰਪਰਕਾਂ 'ਤੇ ਲਾਗੂ ਹੁੰਦਾ ਹੈ ਅਤੇ ਅਜਿਹੇ ਸਾਰੇ ਵਿਅਕਤੀਆਂ ਨੂੰ 14 ਦਿਨਾਂ ਲਈ ਘਰ 'ਚ ਅਲੱਗ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਯਾਤਰਾ ਤੋਂ ਵਾਪਸ ਆਏ ਸਾਰੇ ਵਿਅਕਤੀਆਂ ਨੂੰ 14 ਦਿਨ ਲਈ ਘਰ 'ਚ ਏਕਾਂਤਵਾਸ ਕੀਤਾ ਜਾਵੇਗਾ ਭਾਵੇਂ ਕਿ ਉਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੇ ਲੱਛਣ ਨਾ ਹੋਣ ਅਤੇ ਨੈਗੇਟਿਵ ਆਉਣ ਦੀ ਸਥਿਤੀ 'ਚ ਸਮੇਂ-ਸਮੇਂ 'ਤੇ ਸਿਹਤ ਟੀਮਾਂ ਵਲੋ ਜਾਂਚ ਕੀਤੀ ਜਾਵੇਗੀ। ਯਾਤਰੂਆਂ ਵਲੋਂ ਘੋਸ਼ਣਾ ਪੱਤਰ ਦਿੱਤਾ ਜਾਵੇਗਾ ਕਿ ਉਹ ਘਰ 'ਚ ਏਕਾਂਤਵਾਸ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਹੇ ਹਨ।

ਬੁਲਾਰੇ ਨੇ ਕਿਹਾ ਕਿ ਸੂਬੇ 'ਚ ਵਾਪਸ ਪਰਤੇ ਵਿਅਕਤੀਆਂ ਵਲੋਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਸੁਚੱਜੇ ਢੰਗ ਨਾਲ ਕੀਤੀ ਜਾਵੇ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਸਿਹਤ ਵਿਭਾਗ ਦੀ ਸਲਾਹ ਅਨੁਸਾਰ ਵਾਪਸ ਆਏ ਯਾਤਰੂ ਇਕ ਖੁੱਲ੍ਹੇ ਹਵਾਦਾਰ ਅਤੇ ਵੱਖਰੇ ਕਮਰੇ 'ਚ ਰਹੇ। ਕਮਰੇ 'ਚ ਵੱਖਰਾ ਟਾਇਲਟ ਹੋਵੇ ਤਾਂ ਚੰਗੀ ਗੱਲ ਹੈ। ਜੇ ਪਰਿਵਾਰ ਦਾ ਕੋਈ ਹੋਰ ਮੈਂਬਰ ਵੀ ਉਸੇ ਕਮਰੇ 'ਚ ਰਹਿੰਦਾ ਹੈ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਦੋਹਾਂ ਵਿਚਕਾਰ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਘਰ ਅੰਦਰ ਬਜ਼ੁਰਗਾਂ, ਗਰਭਵਤੀ ਮਹਿਲਾ, ਬੱਚਿਆਂ ਅਤੇ ਹੋਰ ਬਿਮਾਰੀਆਂ ਨਾਲ ਗ੍ਰਸਤ ਵਿਅਕਤੀਆਂ ਤੋਂ ਦੂਰ ਰਿਹਾ ਜਾਵੇ। ਏਕਾਂਤਵਾਸ 'ਚ ਰਹਿ ਰਹੇ ਵਿਅਕਤੀ ਨੂੰ ਘਰ 'ਚ ਇਧਰ-ਉਧਰ ਨਾ ਘੁੰਮਣ ਦਿੱਤਾ ਜਾਵੇ। ਕਿਸੇ ਵੀ ਸਥਿਤੀ 'ਚ ਸਮਾਜਿਕ/ਧਾਰਮਿਕ ਇਕੱਠਾਂ ਜਿਵੇਂ ਵਿਆਹ, ਸ਼ੋਕ ਸਭਾ ਆਦਿ 'ਚ ਸ਼ਾਮਲ ਨਾ ਹੋਇਆ ਜਾਵੇ।

ਇਕਾਂਤਵਾਸ 'ਚ ਰਹਿ ਰਹੇ ਵਿਅਕਤੀ ਲਈ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਜਾਂ ਅਲਕੋਹਲ-ਯੁਕਤ ਹੈਂਡ ਸੈਨੀਟਾਈਜਰ ਨਾਲ ਧੋਂਦੇ ਰਹਿਣ। ਘਰੇਲੂ ਚੀਜ਼ਾਂ ਜਿਵੇਂ ਪਕਵਾਨ, ਪੀਣ ਵਾਲੇ ਗਲਾਸ, ਕੱਪ, ਖਾਣਾ ਖਾਣ ਵਾਲੇ ਬਰਤਨ, ਤੌਲੀਏ, ਬਿਸਤਰੇ ਅਤੇ ਹੋਰ ਚੀਜ਼ਾਂ ਘਰ ਦੇ ਹੋਰ ਮੈਂਬਰਾਂ ਨਾਲ ਸਾਂਝੀਆਂ ਨਾ ਕਰਨ। ਹਰ ਸਮੇਂ ਸਰਜੀਕਲ ਮਾਸਕ ਪਹਿਨ ਕੇ ਰੱਖਣ। ਮਾਸਕ ਨੂੰ ਹਰ 6-8 ਘੰਟਿਆਂ ਬਾਅਦ ਬਦਲਿਆ ਜਾਵੇ ਅਤੇ ਨਿਰਧਾਰਤ ਤਰੀਕੇ ਨਾਲ ਨਸ਼ਟ ਕੀਤਾ ਜਾਵੇ। ਡਿਸਪੋਜੇਬਲ ਮਾਸਕ ਨੂੰ ਦੁਬਾਰਾ ਵਰਤੋਂ 'ਚ ਨਾ ਲਿਆਂਦਾ ਜਾਵੇ। ਘਰਾਂ ਦੀ ਦੇਖਭਾਲ ਦੌਰਾਨ ਮਰੀਜ਼ਾਂ/ਦੇਖਭਾਲ ਕਰਨ ਵਾਲਿਆਂ/ਨਜ਼ਦੀਕੀ ਸੰਪਰਕਾਂ ਵਲੋਂ ਵਰਤੇ ਜਾਣ ਵਾਲੇ ਮਾਸਕ ਨੂੰ ਸਧਾਰਣ ਬਲੀਚ ਘੋਲ (5%) ਜਾਂ ਸੋਡੀਅਮ ਹਾਈਪੋਕਲੋਰਾਈਟ ਘੋਲ (1%) ਦੀ ਵਰਤੋਂ ਨਾਲ ਰੋਗਾਣੂ ਮੁਕਤ ਕੀਤਾ ਜਾਵੇ ਅਤੇ ਫਿਰ ਇਸ ਨੂੰ ਜਲਾ ਕੇ ਜਾਂ ਡੂੰਘਾ ਦਫਨਾ ਕੇ ਨਸ਼ਟ ਕੀਤਾ ਜਾਵੇ ਕਿਉਂ ਕਿ ਵਰਤੇ ਗਏ ਮਾਸਕ ਵਿਚ ਲਾਗ ਲਗਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਹੁੰਦੀ ਹੈ।

ਬੁਲਾਰੇ ਅਨੁਸਾਰ ਜੇ ਖਾਂਸੀ / ਬੁਖਾਰ / ਸਾਹ ਲੈਣ ਚ ਤਕਲੀਫ ਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਕਤ ਵਿਅਕਤੀ ਵਲੋਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 01722920074/08872090029 'ਤੇ ਕਾਲ ਕਰਕੇ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਘਰ 'ਚ ਏਕਾਂਤਵਾਸ ਕੀਤੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਅਨੁਸਾਰ ਸਿਰਫ਼ ਇਕ ਨਿਰਧਾਰਿਤ ਵਿਅਕਤੀ, ਜੋ ਕਿ ਸਿਹਤਮੰਦ ਹੈ ਅਤੇ ਉਸਨੂੰ ਹੋਰ ਬਿਮਾਰੀ ਨਹੀਂ ਹੈ, ਉਸਨੂੰ ਹੀ ਇਕਾਂਤਵਾਸ ਕੀਤੇ ਵਿਅਕਤੀ ਦੀ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਮੈਲੀਆਂ ਚਾਦਰਾਂ/ਕੱਪੜਿਆਂ ਨੂੰ ਝਾੜਿਆਂ ਨਾ ਜਾਵੇ ਜਾਂ ਏਕਾਂਤਵਾਸ ਕੀਤੇ ਹੋਏ ਵਿਅਕਤੀ ਦੀ ਚਮੜੀ ਦੇ ਸਿੱਧੇ ਸੰਪਰਕ 'ਚ ਨਾ ਆਉਣ ਦਿਓ। ਸਤਿਹ ਦੀ ਸਫਾਈ ਕਰਨ ਜਾਂ ਇਕਾਂਤਵਾਸ ਵਿਅਕਤੀ ਦੇ ਕਿਸੇ ਸਮਾਨ ਨੂੰ ਚੁੱਕਣ ਸਮੇਂ ਡਿਸਪੋਜ਼ੇਬਲ ਦਸਤਾਨਿਆਂ ਦੀ ਵਰਤੋਂ ਕਰੋ। ਦਸਤਾਨੇ ਉਤਾਰਨ ਤੋਂ ਬਾਅਦ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਧੋਵੋ। ਕੋਈ ਵੀ ਮਹਿਮਾਨ ਨਾ ਆਉਣ ਦਿਓ। ਜੇਕਰ ਇਕਾਂਤਵਾਸ ਕੀਤੇ ਵਿਅਕਤੀ 'ਚ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਸਦੇ ਸਾਰੇ ਨਜ਼ਦੀਕੀ ਸੰਪਰਕਾਂ ਨੂੰ ਵੀ 14 ਦਿਨ ਲਈ ਘਰ ਵਿਚ ਇਕਾਂਤਵਾਸ ਕੀਤਾ ਜਾਵੇਗਾ ਅਤੇ ਹੋਰ 14 ਦਿਨ ਲਈ ਜਾਂ ਜਦੋਂ ਤੱਕ ਉਹ ਲੈਬ ਟੈਸਟ 'ਚ ਨੈਗੇਟਿਵ ਨਹੀਂ ਆ ਜਾਂਦੇ, ਉਸ ਸਮੇਂ ਤੱਕ ਨਿਗਰਾਨੀ 'ਚ ਰੱਖੇ ਜਾਣ।


author

Gurminder Singh

Content Editor

Related News