ਕੋਰੋਨਾ ਦੀ ਦਵਾਈ ਦੇ ਨਿਜ਼ਾਤ ਲਈ ਸਿੱਖਿਆ ਵਿਭਾਗ ਦੇ ਸੁਪਰਡੈੱਟ ਵਲੋਂ ਆਪਣੇ ਸਰੀਰ ਦੀ ਪੇਸ਼ਕਸ਼
Monday, Mar 23, 2020 - 01:08 PM (IST)
ਲੁਧਿਆਣਾ (ਵਿੱਕੀ) : ਜਿੱਥੇ ਇੱਕ ਪਾਸੇ ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਵਰਗੀ ਨਾ ਮੁਰਾਦ ਬੀਮਾਰੀ ਆਪਣੇ ਪੈਰ ਤੇਜ਼ੀ ਦੇ ਨਾਲ ਪਸਾਰਦੇ ਹੋਏ ਹਜ਼ਾਰਾਂ ਦੀ ਗਿਣਤੀ 'ਚ ਮਾਸੂਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ ਉੱਥੇ ਹਾਲੇ ਤੱਕ ਵਿਗਿਆਨੀਆਂ ਵੱਲੋਂ ਇਸ ਦੀ ਦਵਾਈ/ਵੈਕਸੀਨ ਤਿਆਰ ਕਰਨ ਵਿਚ ਸਫਲਤਾ ਹਾਸਲ ਨਹੀਂ ਕੀਤੀ ਜਾ ਸਕੀ। ਇਸ ਦਾਅਵੇ ਅਨੁਸਾਰ ਇਸ ਦੀ ਦਵਾਈ ਤਿਆਰ ਕਰਨ ਦੇ ਲਈ ਲਗਭਗ 1 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਉੱਥੇ ਇਸ ਦਵਾਈ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਵੱਡੀ ਦਿਕਤ ਉਨ੍ਹਾਂ ਵਿਅਕਤੀਆਂ ਦੀ ਹੈ ਜਿਨ੍ਹਾਂ ਤੇ ਇਸ ਦਵਾਈ ਦਾ ਟੈੱਸਟ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਇਸ ਸਮੱਸਿਆ ਨੂੰ ਵੇਖਦੇ ਹੋਏ ਅਤੇ ਲੋਕ ਭਲਾਈ ਦੇ ਲਈ ਦਫ਼ਤਰ ਡੀ.ਪੀ.ਆਈ (ਸੈ.ਸਿ.) ਪੰਜਾਬ ਵਿਖੇ ਬਤੌਰ ਸੁਪਰਡੰਟ ਸੇਵਾਵਾਂ-1 ਤੈਨਾਤ ਅਸ਼ੋਕ ਕੁਮਾਰ ਨੇ ਸਕੱਤਰ, ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਅਤੇ ਡਾਇਰੈਕਟਰ ਸਿੱਖਿਆ ਵਿਭਾਗ (ਸੈ ਸਿ), ਪੰਜਾਬ, ਐੱਸ.ਏ.ਐੱਸ.ਨਗਰ , ਮੋਹਾਲੀ ਨੂੰ ਇੱਕ ਪੱਤਰ ਲਿਖਦੇ ਹੋਏ ਕੋਵਿਡ 19 ਦੀ ਦਵਾਈ / ਵੈਕਸੀਨ ਦੇ ਟੈੱਸਟ ਦੇ ਲਈ ਆਪਣੇ ਸਰੀਰ ਦੀ ਪੇਸ਼ਕਸ਼ ਕੀਤੀ ਹੈ ਜਿਸ ਦੀ ਚੁਤਰਫ਼ੋਂ ਸ਼ਲਾਘਾ ਹੋ ਰਹੀ ਹੈ। ਇਸ ਪੱਤਰ ਵਿਚ ਉਨ੍ਹਾਂ ਨੇ ਕਿਹਾ ਹੈ ਕਿ ''ਕੋਵਿਡ-19 (ਕੋਰੋਨਾ ਵਾਇਰਸ) ਦੀ ਮਹਾਂਮਾਰੀ ਨੇ ਪੂਰੇ ਵਿਸ਼ਵ ਦੇ ਦੇਸ਼ਾਂ ਸਮੇਤ ਸਾਡੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਇਸ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਸ ਬੀਮਾਰੀ ਤੋਂ ਬਚਾਅ ਲਈ ਹਾਲੇ ਤੱਕ ਕੋਈ ਵੀ ਵੈਕਸੀਨ ਜਾਂ ਦਵਾਈ ਮਾਰਕੀਟ ਵਿਚ ਉਪਲਬਧ ਨਹੀਂ ਹੈ। ਭਾਰਤ ਦਾ ਨਾਗਰਿਕ ਅਤੇ ਇਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਸ ਸੰਕਟ ਦੀ ਘੜੀ ਵਿਚ ਮਾਨਵਤਾ ਦੇ ਭਲੇ ਲਈ ਹਰ ਕਿਸੇ ਨੂੰ ਆਪਣਾ ਕੋਈ ਨਾ ਕੋਈ ਯੋਗਦਾਨ ਦੇਣਾ ਚਾਹੀਦਾ ਹੈ। ਮੈਂ ਬੇਨਤੀ ਕਰਦਾ ਹਾਂ ਕਿ ਮਾਨਵਤਾ ਦੇ ਭਲੇ ਲਈ ਜੇਕਰ ਕੋਈ ਸਰਕਾਰੀ ਸੰਸਥਾ, ਪ੍ਰਾਈਵੇਟ ਕੰਪਨੀ ਇਸ ਲਾ-ਇਲਾਜ ਬੀਮਾਰੀ ਦੇ ਇਲਾਜ ਦੀ ਕੋਈ ਵੈਕਸੀਨ ਜਾਂ ਦਵਾਈ ਇਜ਼ਾਦ ਕਰਨ ਦਾ ਉਪਰਾਲਾ ਕਰਦੀ ਹੈ ਤਾਂ ਅਜਿਹੀ ਦਵਾਈ ਨੂੰ ਪਹਿਲਾਂ ਟਰਾਇਲ ਕੀਤਾ ਜਾਣਾ ਹੈ। ਅਜਿਹੇ ਕਿਸੇ ਵੀ ਟਰਾਇਲ ਲਈ ਮੈਂ ਆਪਣੇ ਆਪ ਅਤੇ ਆਪਣੇ ਸਰੀਰ ਨੂੰ ਸਮਰਪਿਤ ਕਰਨ ਵਿਚ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ। ਜੇਕਰ ਅਜਿਹੇ ਟਰਾਇਲ ਦੌਰਾਨ ਮੇਰੇ ਤੇ ਕੋਈ ਦੁਰ-ਪ੍ਰਭਾਵ ਪੈਂਦਾ ਹੈ ਜਾਂ ਮੇਰੀ ਮੌਤ ਹੋ ਜਾਂਦੀ ਹੈ, ਉਸ ਲਈ ਮੈਂ ਖ਼ੁਦ ਜ਼ਿੰਮੇਵਾਰ ਹੋਵਾਂਗਾ। ਮੈਂ ਬੇਨਤੀ ਕਰਦਾ ਹਾਂ ਕਿ ਮੇਰੀ ਉਕਤ ਚਾਹਤ ਸਿਹਤ ਵਿਭਾਗ, ਪੰਜਾਬ ਜਾਂ ਜਿੱਥੇ ਵੀ ਅਜਿਹੀ ਚਾਹਤ ਭੇਜਣੀ ਬਣਦੀ ਹੋਵੇ, ਨੂੰ ਭੇਜਣ ਦੀ ਕਿਰਪਾਲਤਾ ਕੀਤੀ ਜਾਵੇ।'
ਇਹ ਵੀ ਪੜ੍ਹੋ: ਕੇਂਦਰੀ ਜੇਲ ਬਠਿੰਡਾ ਤੋਂ ਛੁੱਟੀ 'ਤੇ ਆਇਆ ਵਿਅਕਤੀ ਕੋਰੋਨਾ ਵਾਇਰਸ ਦੇ ਸ਼ੱਕ 'ਚ ਹਸਪਤਾਲ ਦਾਖਲ