'ਕਰੋਨਾ ਵਾਇਰਸ ਦੇ ਖਤਰੇ ਦਾ ਪਤਾ ਲਗਾਉਣ ਲਈ ਅੰਮ੍ਰਿਤਸਰ ਹਵਾਈ ਅੱਡੇ 'ਤੇ ਲੱਗੇ ਥਰਮਲ ਸਕੈਨਰ'
Monday, Jan 27, 2020 - 09:19 PM (IST)
ਅੰਮ੍ਰਿਤਸਰ,(ਸੁਮਿਤ): ਕਰੋਨਾ ਵਾਇਰਸ ਦੇ ਵਧ ਰਹੇ ਖ਼ਤਰੇ ਦਾ ਪਤਾ ਲਗਾਉਣ ਲਈ ਅੰਮ੍ਰਿਤਸਰ ਏਅਰਪੋਰਟ ਵਿਖੇ ਥਰਮਲ ਸਕੈਨਰ ਲਗਾਏ ਗਏ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਸ: ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਏਅਰਪੋਰਟ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਢਿਲੋਂ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਜਿਲਾ ਪ੍ਰਸ਼ਾਸ਼ਨ ਪੂਰੀ ਤਰਾਂ ਚੌਕਸ ਹੈ ਅਤੇ ਸਿਵਲ ਹਸਪਤਾਲ, ਗੁਰੂ ਨਾਨਕ ਹਸਪਤਾਲ ਵਿਖੇ ਐਮਰਜੈਂਸੀ ਹਾਲਾਤਾਂ ਲਈ ਵੱਖ ਵਾਰਡ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ। ਸ: ਢਿਲੋਂ ਨੇ ਏਅਰਪੋਰਟ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਏਅਰਪੋਰਟ 'ਤੇ ਸਰੀਰਿਕ ਜਾਂਚ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਭਾਵੇਂ ਚੀਨ ਤੋਂ ਕੋਈ ਸਿਧੀ ਉਡਾਨ ਅੰਮ੍ਰਿਤਸਰ ਨਹੀਂ ਆਉਂਦੀ ਪਰ ਫਿਰ ਵੀ ਚੀਨ ਤੋਂ ਕਿਸੇ ਰਸਤੇ ਵੀ ਅੰਮ੍ਰਿਤਸਰ ਪੁੱਜਣ ਵਾਲੇ ਯਾਤਰੀਆਂ ਦੀ ਸਰੀਰਿਕ ਜਾਂਚ ਕਰਨੀ ਲਾਜ਼ਮੀ ਹੈ। ਢਿਲੋਂ ਨੇ ਦੱਸਿਆ ਕਿ ਅੰਮ੍ਰਿਤਸਰ ਏਅਰਪੋਰਟ 'ਤੇ ਯਾਤਰੀਆਂ ਦੀ ਜਾਂਚ ਲਈ ਇਕ ਥਰਮਲ ਸਕੈਨਰ ਵੀ ਲਗਾਇਆ ਗਿਆ ਹੈ, ਜੋ ਯਾਤਰੀਆਂ ਦੇ ਸਰੀਰਿਕ ਤਾਪਮਾਨ ਦੀ ਜਾਂਚ ਕਰਦਾ ਹੈ। ਥਰਮਲ ਸੈਕਨਰ ਦਾ ਸ: ਢਿਲੋਂ ਵਲੋਂ ਏਅਰਪੋਰਟ ਵਿਖੇ ਜਾਇਜਾ ਵੀ ਲਿਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਅੰਮ੍ਰਿਤਸਰ ਵਿਖੇ ਬਾਹਰੋਂ ਆਇਆ ਇਕ ਸ਼ੱਕੀ ਮਰੀਜ਼ ਪਾਇਆ ਗਿਆ ਸੀ, ਜਿਸ ਦੀ ਕਿ ਮੌਤ ਹੋ ਗਈ ਸੀ, ਸਿਹਤ ਵਿਭਾਗ ਵਲੋਂ ਉਸਦੇ ਸੈਂਪਲ ਲੈ ਕੇ ਹਵਾਈ ਰਸਤੇ ਰਾਹੀਂ ਪੂਨਾ ਵਿਖੇ ਜਾਂਚ ਲਈ ਭੇਜੇ ਗਏ ਸਨ, ਜਿਸ ਦੀ ਰਿਪੋਰਟ ਆ ਗਈ ਹੈ ਜੋ ਕਿ ਨੈਗਟਿਵ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ 'ਚ ਇਕੋ ਹੀ ਲੈਬੋਰਟਰੀ ਜੋ ਪੂਨਾ ਵਿਖੇ ਹੈ, ਉਥੇ ਹੀ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਏਅਰਪੋਰਟ ਵਿਖੇ ਇਕ ਵਿਸ਼ੇਸ਼ ਐਂਬੂਲੈਂਸ ਦੀ ਵਿਵਸਥਾ ਵੀ ਕੀਤੀ ਗਈ ਹੈ। ਢਿਲੋਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਰੋਨਾ ਵਾਇਰਸ ਸਬੰਧੀ ਰੋਜ਼ਾਨਾ ਰਿਪੋਰਟ ਭੇਜੀ ਜਾਵੇ ਅਤੇ ਏਅਰਪੋਰਟ ਵਿਖੇ ਇਕ ਮੈਡੀਕਲ ਟੀਮ ਦੀ ਡਿਊਟੀ ਵੀ ਲਗਾਈ ਜਾਵੇ। ਵਾਹਗਾ ਬਾਰਡਰ 'ਤੇ ਵੀ ਆਉਂਦੇ ਯਾਤਰੀਆਂ ਦੀ ਸਕੈਨਿੰਗ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
ਕੋਰੋਨਾ ਵਾਇਰਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਏਅਰਪੋਰਟ ਵਿਖੇ ਕੀਤੀ ਗਈ ਮੀਟਿੰਗ 'ਚ ਮਨੋਜ ਚੌਰਸੀਆ ਡਾਇਰੈਕਟਰ ਏਅਰਪੋਰਟ, ਸ੍ਰੀ ਦੀਪਕ ਭਾਟੀਆ ਐਸ. ਡੀ. ਐਮ. ਅਜਨਾਲਾ, ਡਾ. ਪ੍ਰਭਦੀਪ ਕੌਰ ਜੌਹਲ ਸਿਵਲ ਸਰਜਨ, ਕੈਪਟਨ ਵਿਵੇਕ ਅੱਤਰੀ, ਡਾ. ਰਮਨ ਸ਼ਰਮਾ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਹਸਪਤਾਲ, ਡਾ. ਐਸ. ਪੀ. ਸਿੰਘ ਅਤੇ ਡਾ. ਵਿਨੈ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਵੀ ਹਾਜ਼ਰ ਸਨ।