ਲੁਧਿਆਣਾ : 'ਕੋਰੋਨਾ' ਵਾਇਰਸ ਕਾਰਨ ਕਾਰੋਬਾਰੀਆਂ ਨੂੰ ਚਾਈਨਾ ਨਾ ਜਾਣ ਦੀ ਸਲਾਹ
Wednesday, Jan 29, 2020 - 12:37 PM (IST)
ਲੁਧਿਆਣਾ (ਨਰਿੰਦਰ) : ਚਾਈਨਾ ਤੋਂ ਹੋਰਨਾਂ ਦੇਸ਼ਾਂ 'ਚ ਲਗਾਤਾਰ ਫੈਲ ਰਹੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਹੁਣ ਪੰਜਾਬ 'ਚ ਵੀ ਸਾਹਮਣੇ ਆਉਣ ਲੱਗੇ ਹਨ, ਜਿਸ ਤੋਂ ਬਾਅਦ ਲੁਧਿਆਣਾ ਦੇ ਸਿਵਲ ਸਰਜਨ ਰਾਜੇਸ਼ ਬੱਗਾ ਨੇ ਸ਼ਹਿਰ ਦੇ ਕਾਰੋਬਾਰੀਆਂ ਨੂੰ ਚਾਈਨਾ ਨਾ ਜਾਣ ਦੀ ਸਲਾਹ ਦਿੱਤੀ ਹੈ। ਦੱਸਣਯੋਗ ਹੈ ਕਿ ਲੁਧਿਆਣਾ ਤੋਂ ਜ਼ਿਆਦਾਤਰ ਕਾਰੋਬਾਰੀ ਆਪਣੇ ਕਾਰੋਬਾਰ ਸਬੰਧੀ ਚਾਈਨਾ ਜਾਂਦੇ ਹਨ ਪਰ ਹੁਣ ਉੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ।
ਸਿਵਲ ਸਰਜਨ ਨੇ ਕਿਹਾ ਹੈ ਕਿ ਫਿਲਹਾਲ ਲੁਧਿਆਣਾ 'ਚ ਇਸ ਵਾਇਰਸ ਦਾ ਕੋਈ ਸ਼ੱਕੀ ਮਰੀਜ਼ ਸਾਹਮਣੇ ਨਹੀਂ ਆਇਆ ਹੈ ਪਰ ਸਾਵਧਾਨੀ ਦੇ ਤੌਰ 'ਤੇ ਜ਼ਿਲੇ ਦਾ ਸੇਰਾ ਸਿਵਲ ਹਸਪਤਾਲਾਂ 'ਚ ਆਈਸੋਲੇਸ਼ਨ ਵਾਰਡ ਬਣਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਇਸ ਵਾਇਰਸ ਤੋਂ ਨਾ ਘਬਰਾਉਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਖਾਂਸੀ-ਜ਼ੁਕਾਮ ਜਾਂ ਵਾਇਰਲ ਹੋ ਰਿਹਾ ਹੈ ਤਾਂ ਉਹ ਲੋਕ ਆਪਣਾ ਮੂੰਹ ਢਕ ਕੇ ਰੱਖਣ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਹੁਣ ਤੱਕ ਸੈਂਕੜੇ ਲੋਕਾਂ ਦੀ ਜਾਨ ਲੈ ਚੁੱਕਾ ਹੈ ਅਥੇ ਪੰਜਾਬ ਦੇ ਮੋਹਾਲੀ 'ਚ ਵੀ ਇਸ ਵਾਇਰਸ ਦੇ ਸ਼ੱਕੀ ਮਰੀਜ਼ ਪਾਏ ਗਏ ਹਨ, ਜਿਸ ਤੋਂ ਬਾਅਦ ਪੰਜਾਬ ਦੇ ਸਿਹਤ ਵਿਭਾਗ ਵਲੋਂ ਵੀ ਅਲਰਟ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।