ਕੋਰੋਨਾ : ਪਿੰਡ ''ਚ ਮੌਤ ਦੀ ਹਨ੍ਹੇਰੀ ਝੁੱਲਦੀ ਦੇਖ ਲੋਕਾਂ ਨੇ ਲਿਆ ਵੱਡਾ ਫ਼ੈਸਲਾ, ਹਰ ਪਾਸੇ ਹੋ ਰਹੀ ਚਰਚਾ
Tuesday, May 18, 2021 - 03:20 PM (IST)
ਨਾਭਾ (ਪਰਮੀਤ) : ਪੰਜਾਬ 'ਚ ਇਸ ਸਮੇਂ ਕੋਰੋਨਾ ਮਹਾਮਾਰੀ ਨੇ ਤੜਥੱਲੀ ਮਚਾਈ ਹੋਈ ਹੈ ਅਤੇ ਵੱਡੀ ਗਿਣਤੀ 'ਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਨਾਭਾ ਦੇ ਨੇੜਲੇ ਪਿੰਡ ਅਜਨੌਦਾ 'ਚ ਵੀ ਕੋਰੋਨਾ ਕਾਰਨ 13 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਪਿੰਡ 'ਚ ਮੌਤ ਦੀ ਹਨ੍ਹੇਰੀ ਝੁੱਲਦੀ ਦੇਖ ਕੇ ਪਿੰਡ ਵਾਸੀਆਂ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ। ਪਿੰਡ ਦੇ ਲੋਕਾਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਜਦੋਂ ਤੱਕ ਕੋਰੋਨਾ ਹੈ, ਉਸ ਸਮੇਂ ਤੱਕ ਪਿੰਡ 'ਚ ਕੋਈ ਵੀ ਵਿਆਹ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਥਾਣੇਦਾਰਾਂ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਆਲਮਗੀਰ 'ਚ 18 ਥਾਵਾਂ 'ਤੇ ਮਾਰੇ ਛਾਪੇ
ਇਸ ਦੇ ਨਾਲ ਹੀ ਜੇਕਰ ਕਿਸੇ ਦੇ ਘਰ ਮੌਤ ਹੁੰਦੀ ਹੈ ਤਾਂ ਮ੍ਰਿਤਕ ਵਿਅਕਤੀ ਦਾ ਭੋਗ ਗੁਰਦੁਆਰਾ ਸਾਹਿਬ 'ਚ ਨਹੀਂ ਪਾਇਆ ਜਾਵੇਗਾ, ਉੱਥੇ ਸਿਰਫ ਪਾਠ ਸਾਹਿਬ ਹੋਵੇਗਾ, ਜਦੋਂ ਕਿ ਬਾਕੀ ਦੀਆਂ ਰਸਮਾਂ ਮ੍ਰਿਤਕ ਦੇ ਘਰ ਹੀ ਹੋਣਗੀਆਂ। ਇਸ ਦੇ ਨਾਲ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾ ਦਿੱਤੀ ਗਈ ਕਿ ਕਿਸੇ ਵੀ ਅਣਜਾਣ ਵਿਅਕਤੀ ਦੇ ਪਿੰਡ 'ਚ ਆਉਣ ਤੋਂ ਪਹਿਲਾਂ ਉਸ ਦੀ ਜਾਣਕਾਰੀ ਇਕੱਠੀ ਕੀਤੀ ਜਾਵੇ। ਪਿੰਡ ਦੇ ਲੋਕਾਂ ਨੇ ਰਿਸ਼ਤੇਦਾਰਾਂ ਨੂੰ ਵੀ ਸਾਫ਼ ਤੌਰ 'ਤੇ ਕਹਿ ਦਿੱਤਾ ਹੈ ਕਿ ਉਹ ਛੋਟੀ-ਮੋਟੀ ਪਰੇਸ਼ਾਨੀ ਹੋਣ 'ਤੇ ਪਿੰਡ ਨਾ ਆਉਣ ਅਤੇ ਫੋਨ 'ਤੇ ਹੀ ਹਾਲ-ਚਾਲ ਪੁੱਛ ਲੈਣ।
ਇਹ ਵੀ ਪੜ੍ਹੋ : 'ਚੰਨੀ' ਮਾਮਲੇ 'ਚ ਕਾਂਗਰਸ ਦੇ ਦਿੱਗਜ ਆਗੂਆਂ ਦਾ ਵੱਡਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ
ਇਸ ਦੇ ਨਾਲ ਹੀ ਪਿੰਡ ਦੇ ਐਂਟਰੀ ਪੁਆਇੰਟਾਂ 'ਤੇ ਬੈਨਰ ਲਾਏ ਗਏ ਹਨ ਤਾਂ ਜੋ ਕੋਈ ਵੀ ਬਾਹਰੀ ਵਿਅਕਤੀ ਪਿੰਡ ਅੰਦਰ ਦਾਖ਼ਲ ਨਾ ਹੋ ਸਕੇ। ਪਿੰਡ ਵੱਲੋਂ ਚੁੱਕੇ ਗਏ ਇਸ ਕਦਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਬਾਰੇ ਜਦੋਂ ਪਿੰਡ ਦੇ ਸਰਪੰਚ ਤਰਨਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਸਨ ਪਰ ਹੁਣ ਮਾਹੌਲ ਬਦਲ ਗਿਆ ਹੈ।
ਇਹ ਵੀ ਪੜ੍ਹੋ : CBSE 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੋਦੀ ਨੂੰ ਕੀਤੀ ਅਪੀਲ, ਟਵਿੱਟਰ 'ਤੇ ਰੱਖੀ ਆਪਣੀ ਗੱਲ
ਉਨ੍ਹਾਂ ਦੱਸਿਆ ਕਿ ਮੌਤਾਂ ਹੋਣ ਕਾਰਨ ਪਿੰਡ ਦੇ ਸਿਹਤ ਕੇਂਦਰ 'ਚ ਕੋਵਿਡ ਟੈਸਟ ਕੈਂਪ ਲਾਇਆ ਗਿਆ ਸੀ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਦੁੱਧ ਤੇ ਸਬਜ਼ੀਆਂ ਤੋਂ ਲੈ ਕੇ ਰੋਜ਼ਾਨਾ ਇਸਤੇਮਾਲ ਦੀ ਹਰ ਚੀਜ਼ ਪਿੰਡ 'ਚ ਹੀ ਮਿਲ ਰਹੀ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪੈ ਰਹੀ। ਇਸ ਤਰ੍ਹਾਂ ਹੁਣ ਪੂਰਾ ਪਿੰਡ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਪੂਰੀ ਸਾਵਧਾਨੀ ਵਰਤ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ