ਲੁਧਿਆਣਾ ''ਚ ਬੰਦ ਦੌਰਾਨ ਉੱਡੀਆਂ ਸਮਾਜਿਕ ਦੂਰੀ ਦੀਆਂ ਧੱਜੀਆਂ
Monday, Jul 13, 2020 - 01:29 PM (IST)
ਲੁਧਿਆਣਾ (ਰਿਸ਼ੀ) : ਕੋਵਿਡ-19 ਕਾਰਨ ਐਤਵਾਰ ਨੂੰ ਸ਼ਹਿਰ ’ਚ ਬੰਦ ਦਾ ਮਾਹੌਲ ਰਿਹਾ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਦੁਕਾਨਾਂ ਬੰਦ ਰਹੀਆਂ ਪਰ ਐਤਵਾਰ ਸਵੇਰੇ ਪੂੜੀ ਵੇਚਣ ਵਾਲਿਆਂ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਲੱਗੀ ਰਹੀ, ਜਿਨ੍ਹਾਂ ਵੱਲੋਂ ਨਿਯਮਾਂ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਗਈਆਂ। ‘ਜਗ ਬਾਣੀ’ ਟੀਮ ਨੇ ਸ਼ਹਿਰ ਦਾ ਦੌਰਾ ਕੀਤਾ ਤਾਂ ਪੁਰਾਣੇ ਬਾਜ਼ਾਰ ਦੀਆਂ ਦੁਕਾਨਾਂ ਬੰਦ ਸਨ, ਜਦੋਂ ਕਿ ਸਬਜ਼ੀ ਵਿਕਰੇਤਾਵਾਂ ਵੱਲੋਂ ਰੇਹੜੀ ਜਾਂ ਫੜ੍ਹੀ ’ਤੇ ਸਬਜ਼ੀ ਵੇਚੀ ਜਾ ਰਹੀ ਸੀ।
ਉੱਥੇ ਬੱਚੇ ਗਲੀ-ਮੁਹੱਲੇ ’ਚ ਮਾਸਕ ਪਾ ਕੇ ਕ੍ਰਿਕਟ ਖੇਡ ਰਹੇ ਸਨ। ਦੰਡੀ ਸੁਆਮੀ ਰੋਡ ’ਤੇ ਸਥਿਤ ਹਕੀਕਤ ਸਵੀਟਸ ਸ਼ਾਪ ਦੇ ਮਾਲਕ ਦਾ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਣ ਤੇ ਦੋਸ਼ ’ਚ ਚਲਾਨ ਕੱਟਿਆ ਗਿਆ। ਇਸ ਗੱਲ ਦੀ ਜਾਣਕਾਰੀ ਐੱਸ. ਐੱਚ. ਓ. ਇੰਸ. ਜਰਨੈਲ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਅੱਗੇ ਵੀ ਇਸੇ ਤਰ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਮੁਕੱਦਮਾ ਦਰਜ ਕੀਤਾ ਜਾਵੇਗਾ।