ਕੋਰੋਨਾ ਵਾਇਰਸ : ਚੰਡੀਗੜ੍ਹ 'ਚ ਵੀ ਬਾਇਓਮੈਟ੍ਰਿਕ ਹਾਜ਼ਰੀ 'ਤੇ ਰੋਕ, ਹੈਲਪਲਾਈਨ ਨੰਬਰ ਹੋਵੇਗਾ ਜਾਰੀ
Saturday, Mar 07, 2020 - 10:00 AM (IST)
ਕੋਰੋਨਾ ਵਾਇਰਸ : ਚੰਡੀਗੜ੍ਹ 'ਚ ਵੀ ਬਾਇਓਮੈਟ੍ਰਿਕ ਹਾਜ਼ਰੀ 'ਤੇ ਰੋਕ, ਹੈਲਪਲਾਈਨ ਨੰਬਰ ਹੋਵੇਗਾ ਜਾਰੀ ਚੰਡੀਗੜ੍ਹ (ਸਾਜਨ) : ਕੋਰੋਨਾ ਵਾਇਰਸ ਦੇ ਖਤਰੇ ਨਾਲ ਨਿਪਟਣ ਲਈ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਨਾ ਸਿਰਫ਼ ਪ੍ਰਸਾਸ਼ਨ ਦੇ ਸਭ ਵਿਭਾਗਾਂ, ਸਕੂਲਾਂ, ਕਾਲਜਾਂ 'ਚ ਬਾਇਓਮੈਟ੍ਰਿਕ ਹਾਜ਼ਰੀ ਲੈਣ 'ਤੇ ਤੁਰੰਤ ਰੋਕ ਲਾ ਦਿੱਤੀ ਹੈ, ਸਗੋਂ ਟ੍ਰੈਫਿਕ ਪੁਲਸ ਵੱਲੋਂ ਨਾਕਿਆਂ 'ਤੇ ਸ਼ਰਾਬ ਦੇ ਸੇਵਨ ਦੀ ਮਾਤਰਾ ਦਾ ਪਤਾ ਲਾਉਣ ਲਈ ਇਸਤੇਮਾਲ ਹੋਣ ਵਾਲੇ ਬ੍ਰੇਥ ਇਨਲਾਈਜ਼ਰ ਨੂੰ ਵੀ ਤੁਰੰਤ ਪ੍ਰਭਾਵ ਨਾਲ ਰੋਕਣ ਨੂੰ ਕਹਿ ਦਿੱਤਾ ਹੈ।
ਉੱਧਰ ਪ੍ਰਸ਼ਾਸਕ ਨੇ ਪ੍ਰਾਈਵੇਟ ਅਦਾਰਿਆਂ ਨੂੰ ਵੀ ਬਾਇਓਮੈਟ੍ਰਿਕ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਕ ਦੇ ਨਵੇਂ ਨਿਰਦੇਸ਼ਾਂ ਮੁਤਾਬਕ ਸੋਮਵਾਰ ਤੋਂ ਅਧਿਕਾਰੀ ਅਤੇ ਕਰਮਚਾਰੀ ਰਜਿਸਟਰ 'ਤੇ ਹਸਤਾਖਰ ਕਰਕੇ ਆਪਣੀ ਹਾਜ਼ਰੀ ਦਰਜ ਕਰਾਉਣਗੇ। ਸ਼ੁੱਕਰਵਾਰ ਨੂੰ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਯੂ. ਟੀ. ਸਕੱਤਰੇਤ 'ਚ ਅਧਿਕਾਰੀਆਂ ਨਾਲ ਕੋਰੋਨਾ ਨੂੰ ਲੈ ਕੇ ਇੱਕ ਸਮੀਖਿਆ ਬੈਠਕ ਲਈ। ਬੈਠਕ 'ਚ ਦੱਸਿਆ ਗਿਆ ਕਿ ਚੰਡੀਗੜ੍ਹ 'ਚ ਕੋਰੋਨਾ ਤੋਂ ਬਚਣ ਲਈ ਪੀ. ਜੀ. ਆਈ., ਜੀ. ਐੱਮ. ਸੀ.ਐੱਚ.-32 ਅਤੇ ਜੀ. ਐੱਮ. ਐੱਸ. ਐੱਚ.-16 'ਚ ਆਈਸੋਲੇਸ਼ਨ ਵਾਰਡ ਤਿਆਰ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਖੌਫ, ਸਰਕਾਰ ਨੇ ਇਕੱਠ ਤੋਂ ਬਚਣ ਦੀ ਕੀਤੀ ਅਪੀਲ
ਲੋਕਾਂ ਨੂੰ ਜਾਗਰੂਕ ਕਰਨ ਲਈ ਛੇਤੀ ਹੀ ਇੱਕ ਹੈਲਪਲਾਈਨ ਨੰਬਰ ਵੀ ਤਿਆਰ ਕੀਤਾ ਜਾ ਰਿਹਾ ਹੈ। ਪ੍ਰਸਾਸ਼ਕ ਬਦਨੌਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੇ ਸਮਾਰੋਹ, ਜਿੱਥੇ ਕਾਫ਼ੀ ਗਿਣਤੀ 'ਚ ਲੋਕ ਇਕੱਠੇ ਹੋਣ, ਉੱਥੇ ਜਾਣ ਤੋਂ ਬਚਣ। ਇਸ ਤੋਂ ਇਲਾਵਾ ਹੋਲੀ ਮਿਲਣ ਸਮਾਰੋਹ ਤੋਂ ਵੀ ਦੂਰੀ ਬਣਾਉਣ ਦੀ ਕੋਸ਼ਿਸ਼ ਕਰਨ। ਪ੍ਰਸਾਸ਼ਨ ਵੱਲੋਂ ਜਾਰੀ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਕਈ ਲੋਕਾਂ ਦੇ ਹੱਥ ਦੇ ਸੰਪਰਕ 'ਚ ਆਉਣ ਵਾਲੀਆਂ ਚੀਜ਼ਾਂ ਦੇ ਇਸਤੇਮਾਲ ਤੋਂ ਬਚਣ ਜਿੰਨਾ ਹੋ ਸਕਦਾ ਹੈ, ਬਚਣ ਦੀ ਕੋਸ਼ਿਸ਼ ਕਰੋ।
ਪੀ. ਜੀ. ਆਈ. 'ਚ ਇਕ ਸ਼ੱਕੀ ਮਰੀਜ਼ ਭਰਤੀ
ਪੀ. ਜੀ. ਆਈ. 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਪੁੱਜਿਆ। ਹਾਲਾਂਕਿ ਇਹ ਕੇਸ ਹਰਿਆਣਾ ਦੇ ਕਿਸੇ ਸ਼ਹਿਰ ਦਾ ਹੈ। ਮਰੀਜ਼ ਦੇ ਸੈਂਪਲ ਏਮਜ਼ 'ਚ ਭੇਜ ਦਿੱਤੇ ਗਏ ਹਨ। ਸ਼ਨੀਵਾਰ ਤੱਕ ਰਿਪੋਰਟ ਆਉਣ ਦੀ ਸੰਭਾਵਨਾ ਹੈ। ਦੂਜੇ ਪਾਸੇ ਇਸ ਕੇਸ ਨੂੰ ਮਿਲਾ ਕੇ ਹੁਣ ਤੱਕ ਪੀ. ਜੀ. ਆਈ. 'ਚ 8 ਸ਼ੱਕੀ ਕੇਸ ਆ ਚੁੱਕੇ ਹਨ, ਜਿਨ੍ਹਾਂ 'ਚੋਂ 7 ਸ਼ੱਕੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦਾ ਖੌਫ, ਪੰਜਾਬ ਸਿਵਲ ਸਕੱਤਰੇਤ 'ਚ ਬਾਇਓਮੈਟ੍ਰਿਕ ਹਾਜ਼ਰੀ 'ਤੇ ਲੱਗੀ ਰੋਕ
ਗਰੀਨ ਮੈਰਾਥਨ ਰੱਦ
ਕੋਰੋਨਾ ਵਾਇਰਸ ਦੇ ਚੱਲਦਿਆਂ 8 ਮਾਰਚ ਨੂੰ ਐੱਸ. ਬੀ. ਆਈ. ਵਲੋਂ ਕਰਵਾਈ ਜਾਣ ਵਾਲੀ ਗਰੀਨ ਮੈਰਾਥਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਹ ਹੀ ਨਹੀਂ, ਦੂਜੀਆਂ ਕਈ ਸੰਸਥਾਵਾਂ ਨੇ ਵੀ ਆਪਣੇ ਹੋਲੀ ਮਿਲਣ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਹੈ।