ਬਠਿੰਡਾ : ਮਜ਼ਾਲ ਆ ਕੋਈ ''ਚੀਨੀ ਅਫਸਰਾਂ'' ਦੇ ਲਾਗੇ ਵੀ ਲੱਗ ਜਾਵੇ!

Saturday, Feb 15, 2020 - 09:42 AM (IST)

ਬਠਿੰਡਾ : ਮਜ਼ਾਲ ਆ ਕੋਈ ''ਚੀਨੀ ਅਫਸਰਾਂ'' ਦੇ ਲਾਗੇ ਵੀ ਲੱਗ ਜਾਵੇ!

ਬਠਿੰਡਾ : ਪੰਜਾਬ ਦੇ ਲੋਕਾਂ 'ਚ 'ਕੋਰੋਨਾ ਵਾਇਰਸ' ਦਾ ਡਰ ਇੰਨਾ ਫੈਲਿਆ ਹੋਇਆ ਹੈ ਕਿ ਉਹ ਹਰ ਚੀਨੀ ਵਿਅਕਤੀ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਬਣਾਂਵਾਲੀ ਤਾਪ ਬਿਜਲੀ ਘਰ 'ਚ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਇੱਥੇ ਮੁਲਾਜ਼ਮ ਚੀਨੀ ਅਫਸਰਾਂ ਨੂੰ ਦੂਰੋਂ ਹੀ ਸਲਾਮ ਕਰਨ ਲੱਗੇ ਹਨ ਅਤੇ ਮਜ਼ਾਲ ਹੈ ਕਿ ਉਹ ਇਨ੍ਹਾਂ ਅਫਸਰਾਂ ਦੇ ਲਾਗੇ ਵੀ ਲੱਗ ਜਾਣ। ਬਣਾਂਵਾਲੀ ਥਰਮਲ ਪਲਾਂਟ 'ਚ ਚੀਨ ਦੀ ਸਪੈਕੋ ਕੰਪਨੀ ਕੰਮ ਕਰ ਰਹੀ ਹੈ ਅਤੇ ਇਸ ਕੰਪਨੀ ਦੇ ਕਰੀਬ 3 ਦਰਜਨ ਅਫਸਰ ਅਤੇ ਮੁਲਾਜ਼ਮ ਚੀਨੀ ਮੂਲ ਦੇ ਹਨ।

ਭਾਵੇਂ ਇਹ ਚੀਨੀ ਅਫਸਰ ਪਹਿਲਾਂ ਤੋਂ ਹੀ ਇੱਥੇ ਤਾਇਨਾਤ ਹਨ ਅਤੇ ਕੋਰੋਨਾ ਵਾਇਰਸ ਮਗਰੋਂ ਕੋਈ ਵੀ ਚੀਨ ਤੋਂ ਇੱਥੇ ਨਹੀਂ ਪੁੱਜਾ, ਪਰ ਇਸ ਦੇ ਬਾਵਜੂਦ ਵੀ ਕੋਰੋਨਾ ਵਾਇਰਸ ਦੀ ਦਹਿਸ਼ਤ ਕਰਕੇ ਸਭ ਡਰੇ ਹੋਏ ਹਨ। ਜਦੋਂ ਵੀ ਪੰਜਾਬ 'ਚ ਕਿਧਰੇ ਵੀ ਕੋਈ ਚੀਨੀ ਮੁਹਾਂਦਰੇ ਵਾਲਾ ਵਿਅਕਤੀ ਨਜ਼ਰ ਪੈਂਦਾ ਹੈ ਤਾਂ ਲੋਕ ਪਾਸਾ ਵੱਟ ਕੇ ਲੰਘਣ ਲੱਗੇ ਹਨ। ਇੱਥੋਂ ਤੱਕ ਕਿ ਪੰਜਾਬ ਦੇ ਕਈ ਸ਼ਹਿਰਾਂ 'ਚ ਜੋ ਤਿੱਬਤੀ ਬਾਜ਼ਾਰ ਹਨ, ਉਨ੍ਹਾਂ 'ਚ ਵੀ ਰੌਣਕ ਘਟ ਗਈ ਹੈ। ਹਾਲਾਂਕਿ ਕਿਧਰੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਕੇਸ ਨਜ਼ਰ ਨਹੀਂ ਆਇਆ ਹੈ।

ਵੇਰਵਿਆਂ ਮੁਤਾਬਕ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 1375 ਵਿਅਕਤੀਆਂ ਦੀ ਸੂਚੀ ਭੇਜੀ ਸੀ, ਜਿਨ੍ਹਾਂ ਨੂੰ ਸ਼ੱਕੀ ਮਰੀਜ਼ ਵਜੋਂ ਦੇਖਿਆ ਗਿਆ ਸੀ। ਇਹ ਸਾਰੇ ਵਿਅਕਤੀ ਵਿਦੇਸ਼ਾਂ ਤੋਂ ਵਾਇਆ ਚੀਨ ਹੋ ਕੇ ਭਾਰਤ ਪੁੱਜੇ ਸਨ। ਜਨਵਰੀ ਮਹੀਨੇ ਮਗਰੋਂ 'ਵਾਇਆ ਚੀਨ' ਆਉਣ ਵਾਲੇ ਸਾਰੇ ਨਾਗਰਿਕਾਂ 'ਤੇ ਸਿਹਤ ਮਹਿਕਮਾ ਨਜ਼ਰ ਰੱਖ ਰਿਹਾ ਹੈ। ਬਠਿੰਡਾ ਜ਼ਿਲੇ ਦੇ 159 ਅਜਿਹੇ ਵਿਅਕਤੀ ਸ਼ਨਾਖਤ ਕੀਤੇ ਗਏ ਹਨ। ਫਿਲਹਾਲ ਕੋਈ ਵਿਅਕਤੀ ਵੀ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਪਾਇਆ ਗਿਆ।


author

Babita

Content Editor

Related News