ਕਣਕ ਅਤੇ ਦਾਲ ਵੰਡਣ ਨੂੰ ਲੈ ਕੇ ਆਹਮੋ-ਸਾਹਮਣੇ ਹੋਈ ਕੇਂਦਰ ਅਤੇ ਪੰਜਾਬ ਸਰਕਾਰ

Saturday, May 09, 2020 - 08:28 PM (IST)

ਲੁਧਿਆਣਾ (ਹਿਤੇਸ਼) : ਕਰਫਿਊ ਦੌਰਾਨ ਗਰੀਬ ਲੋਕਾਂ ਨੂੰ ਕਣਕ ਅਤੇ ਦਾਲ ਦੀ ਵੰਡ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਆਹਮੋ-ਸਾਹਮਣੇ ਹੋ ਗਈ ਹੈ ਜਿਸ ਦੇ ਤਹਿਤ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਵੱਲੋਂ ਕੀਤੇ ਗਏ ਦਾਅਵੇ 'ਤੇ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਵਾਲ ਖੜ੍ਹੇ ਕੀਤੇ ਹਨ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਨੀਲੇ ਕਾਰਡਧਾਰੀਆਂ ਨੂੰ ਮੁਫਤ ਵਿਚ ਤਿੰਨ ਮਹੀਨੇ ਲਈ ਕਣਕ ਅਤੇ ਦਾਲ ਦੇਣ ਦਾ ਫੈਸਲਾ ਕੀਤਾ ਹੈ। ਇਸ ਨੂੰ ਲੈ ਕੇ ਅਕਾਲੀ-ਭਾਜਪਾ ਵੱਲੋਂ ਪੰਜਾਬ ਸਰਕਾਰ 'ਤੇ ਰਾਸ਼ਨ ਦੀ ਵੰਡ ਠੀਕ ਢੰਗ ਨਾਲ ਨਾ ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ, ਜਦਕਿ ਕਾਂਗਰਸ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਕਾਫੀ ਦੇਰ ਤੱਕ ਦਾਲ ਨਾ ਭੇਜਣ ਕਾਰਨ ਮੁਸ਼ਕਲ ਆ ਰਹੀ ਹੈ। ਇਸ ਦੌਰਾਨ ਕੇਂਦਰੀ ਫੂਡ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਟਵੀਟ ਕਰਕੇ ਪੰਜਾਬ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਪਾਸਵਾਨ ਮੁਤਾਬਕ ਲਾਕ ਡਾਊਨ ਦੇ ਬਾਵਜੂਦ ਦੇਸ਼ ਦੇ ਕੋਨੇ-ਕੋਨੇ ਵਿਚ ਅਨਾਜ ਪਹੁੰਚਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਪੰਜਾਬ ਨੂੰ ਅਪ੍ਰੈਲ ਲਈ 70,725 ਟਨ ਅਨਾਜ ਭੇਜਿਆ ਗਿਆ ਪਰ ਪੰਜਾਬ ਸਰਕਾਰ ਵੱਲੋਂ ਉਸ ਵਿਚੋਂ ਸਿਰਫ 1 ਫੀਸਦੀ ਮਤਲਬ ਕਿ 688 ਟਨ ਅਨਾਜ ਹੀ ਵੰਡਿਆ ਗਿਆ ਹੈ ਜਿਸ ਵਿਚ ਤੇਜ਼ੀ ਲਿਆਉਣ ਲਈ ਪਾਸਵਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਰਾਜਾ ਵੜਿੰਗ ਦੀ ਪਤਨੀ ਤੋਂ ਬਾਅਦ ਮੰਤਰੀ ਆਸ਼ੂ ਦੀ ਪਤਨੀ ਨੇ ਵੀ ਸ਼ਰਾਬ ਦੀ ਹੋਮ ਡਿਲਿਵਰੀ ਦਾ ਕੀਤਾ ਵਿਰੋਧ 

ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪਲਟਵਾਰ ਕਰਦੇ ਹੋਏ ਮੰਤਰੀ ਆਸ਼ੂ ਨੇ ਪਾਸਵਾਨ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।ਆਸ਼ੂ ਨੇ ਦੱਸਿਆ ਕਿ ਜੋ ਕਣਕ ਭੇਜਣ ਦੀ ਗੱਲ ਕਹੀ ਜਾ ਰ ਹੀ ਹੈ, ਉਹ ਕਣਕ ਤਾਂ ਪਹਿਲਾਂ ਹੀ ਪੰਜਾਬ ਵਿਚ ਮੌਜੂਦ ਸੀ ਜਿਸ ਦੀ ਵੰਡ ਸ਼ੁਰੂ ਕਰਨ ਵਿਚ ਹੋਈ ਦੇਰ ਲਈ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੈ ਜਿਸ ਵੱਲੋਂ 25 ਅਪ੍ਰੈਲ ਤੋਂ ਬਾਅਦ ਪੰਜਾਬ ਲਈ ਦਾਲ ਭੇਜਣੀ ਸ਼ੁਰੂ ਕੀਤੀ ਗਈ ਹੈ ਅਤੇ ਉਸ ਦੀ ਮੱਧਮ ਰਫਤਾਰ ਕਾਰਨ ਹੁਣ ਵੀ 10 ਹਜ਼ਾਰ ਮੀਟ੍ਰਿਕ ਟਨ ਦੀ ਮੰਡ ਦੇ ਮੁਕਾਬਲੇ ਅੱਧੀ ਦਾਲ ਹੀ ਆਈ ਹੈ ਜਿਸ ਵਿਚੋਂ ਇਕ ਹਜ਼ਾਰ ਮੀਟ੍ਰਿਕ ਟਨ ਦਲ ਵੰਡੀ ਗਈ ਹੈ।ਆਸ਼ੂ ਨੇ ਸਪੱਸ਼ਟ ਕੀਤਾ ਕਿ ਕਣਕ ਅਤੇ ਦਾਲ ਵੰਡਣ ਵਿਚ ਸਮਾਂ ਇਸ ਲਈ ਲਗ ਰਿਹਾ ਹੈ ਕਿਉਂਕਿ ਫੂਡ ਸਪਲਾਈ ਵਿਭਾਗ ਦਾ ਸਟਾਫ ਕਣਕ ਦੀ ਖਰੀਦ ਦੇ ਦੂਜੇ ਰਾਜਾਂ ਵਿਚ ਸ਼ਿਫਟਿੰਗ ਦਾ ਕੰਮ ਵੀ ਕਰ ਰਿਹਾ ਹੈ। ਇਸ ਤੋਂ ਇਲਾਵਾ ਤਿੰਨ ਮਹੀਨੇ ਲਈ ਇਕੱਠੀ ਕਣਕ ਅਤੇ ਦਾਲ ਦਾ ਵਜ਼ਨ ਕਰਕੇ ਦੇਣ ਅਤੇ ਸੋਸ਼ਲ ਡਿਸਟੈਂਸ ਮੇਨਟੇਨ ਰੱਖਣ ਕਾਰਨ ਵੀ ਸਮਾਂ ਲਗ ਰਿਹਾ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਜ਼ਿਲੇ 'ਚ ਕੋਰੋਨਾ ਵਾਇਰਸ ਦੇ 5 ਨਵੇਂ ਕੇਸ ਆਏ ਸਾਹਮਣੇ 


Gurminder Singh

Content Editor

Related News