ਕੋਰੋਨਾ ਵਾਇਰਸ ਦੇ ਸੰਕਟ ਦਰਮਿਆਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖਬਰ

Saturday, Mar 28, 2020 - 06:31 PM (IST)

ਕੋਰੋਨਾ ਵਾਇਰਸ ਦੇ ਸੰਕਟ ਦਰਮਿਆਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖਬਰ

ਨਵਾਂਸ਼ਹਿਰ (ਤ੍ਰਿਪਾਠੀ) : ਕੋਰੋਨਾ ਵਾਇਰਸ ਦੇ ਖਤਰੇ ਕਾਰਨ ਪੰਜਾਬ 'ਚ ਲੱਗੇ ਕਰਫਿਊ ਦੇ ਚੱਲਦੇ ਘਰਾਂ 'ਚ ਡੱਕੇ ਬੈਠੇ ਲੋਕਾਂ ਲਈ ਇਕ ਰਾਹਤ ਦੀ ਖਬਰ ਆਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਅੱਜ ਸੂਬੇ 'ਚ ਕੋਵਿਡ-19 ਦੇ ਸਾਰੇ ਮਰੀਜ਼ਾਂ ਦੇ ਟੈਸਟ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਇਸ ਦੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਪੰਜਾਬ ਦੇ ਸਾਰੇ ਜ਼ਿਲਾ ਹਸਪਤਾਲਾਂ 'ਚ ਇੰਨਟੈਂਸਿਵ ਕੇਅਰ ਵਾਰਡ ਬਣਾਏ ਜਾਣਗੇ, ਜਿੱਥੇ ਵੈਂਟੀਲੇਟਰ ਸਮੇਤ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ। ਸਿੱਧੂ ਜੋ ਕਿ ਇੱਥੇ ਕੋਰੋਨਾ ਵਾਇਰਸ ਦੇ ਕੇਸਾਂ ਬਾਅਦ ਉਤਪੰਨ ਹੋਈ ਸਥਿਤੀ ਦਾ ਜਾਇਜ਼ਾ ਲੈਣ ਆਏ ਸਨ, ਨੇ ਦੱਸਿਆ ਕਿ ਸਿਹਤ ਵਿਭਾਗ ਕੋਲ ਜ਼ਿਲਾ ਹਸਪਤਾਲਾਂ 'ਚ ਲਾਏ ਜਾਣ ਵਾਲੇ 50 ਵੈਂਟੀਲੇਟਰਾਂ ਦੀ ਸਪਲਾਈ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਈ. ਸੀ. ਯੂ. ਵਾਰਡਾਂ ਅਤੇ ਵੈਂਟੀਲੇਟਰਾਂ ਨੂੰ ਚਲਾਉਣ ਲਈ ਮਾਹਿਰ ਡਾਕਟਰਾਂ ਨੂੰ ਨਾਮੀ ਸਿਹਤ ਸੰਸਥਾਵਾਂ ਤੋਂ ਸਿਖਲਾਈ ਦਿਵਾਈ ਜਾ ਰਹੀ ਹੈ ਤਾਂ ਜੋ ਉਹ ਆਈ. ਸੀ. ਯੂ. ਵਾਰਡਾਂ ਨੂੰ ਬਿਹਤਰ ਢੰਗ ਨਾਲ ਚਲਾ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਨਵਾਂਸ਼ਹਿਰ ਨੂੰ ਦੋ ਵੈਂਟੀਲੇਟਰਾਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ, ਜਿਹੜੇ ਕਿ ਲੋੜੀਂਦਾ ਬੁਨਿਆਦੀ ਢਾਂਚਾ ਮੁਕੰਮਲ ਹੋਣ ਬਾਅਦ ਕਾਰਜਸ਼ੀਲ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜੇਕਰ ਕਿਸੇ ਮਰੀਜ਼ ਨੂੰ ਹੰਗਾਮੀ ਹਾਲਤ 'ਚ ਵੈਂਟੀਲੇਟਰ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਉਸ ਨੂੰ ਨੇੜਲੇ ਜ਼ਿਲੇ 'ਚ ਤਬਦੀਲ ਕਰ ਲਿਆ ਜਾਵੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਕਰਫਿਊ ਕਾਰਨ ਅੰਮ੍ਰਿਤਸਰ ''ਚ 1 ਦੀ ਮੌਤ    

PunjabKesari

ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ 'ਚ ਕੋਰੋਨਾ ਵਾਇਰਸ ਦੇ ਫੈਲਾਅ ਤੋਂ ਬਾਅਦ ਬਣੀ ਸਥਿਤੀ ਨੂੰ ਸੰਭਾਲਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਦੀ ਲੜੀ ਨੂੰ ਤੋੜਨ ਲਈ ਖਬਰਦਾਰ ਰਹਿਣਾ ਪਵੇਗਾ ਅਤੇ ਕੀਤੇ ਜਾ ਰਹੇ ਯਤਨਾਂ ਨੂੰ ਬਰਕਰਾਰ ਰੱਖਣਾ ਪਵੇਗਾ। ਸਿਵਲ ਸਰਜਨ ਨੇ ਇਸ ਮੌਕੇ ਦੱਸਿਆ ਕਿ ਸਿਹਤ ਵਿਭਾਗ ਜੰਗੀ ਪੱਧਰ 'ਤੇ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ ਅਤੇ ਆਪਣੇ ਯਤਨਾਂ 'ਚ ਇਸ ਦੇ ਖਾਤਮੇ ਤੱਕ ਢਿੱਲ ਨਹੀਂ ਆਉਣ ਦੇਵੇਗਾ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਮੀਟਿੰਗ ਦੌਰਾਨ ਸਮੂਹ ਨਿੱਜੀ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਉਹ ਫਲੂ ਤੋਂ ਪੀੜਤ ਮਰੀਜ਼ਾਂ ਬਾਰੇ ਰੋਜ਼ਾਨਾ ਸਿਵਲ ਸਰਜਨ ਨੂੰ ਰਿਪੋਰਟ ਦੇਣ। ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਜ਼ਿਲੇ ਦੇ ਹਸਪਤਾਲਾਂ 'ਚ ਦਵਾਈਆ ਦੀ ਮੌਜੂਦਗੀ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹੇ 'ਚ ਦਵਾਈਆਂ ਦੀ ਲੋੜੀਂਦੀ ਸਪਲਾਈ ਅਤੇ ਟੈਸਟਿੰਗ ਕਿੱਟਾਂ ਦੀ ਸਪਲਾਈ 'ਚ ਕੋਈ ਕਮੀ ਨਾ ਆਉਣ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਮੀਟਿੰਗ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਿਲੇ 'ਚ ਆਟਾ ਮਿੱਲਾਂ ਨੂੰ ਨਿਯਮਿਤ ਆਧਾਰ 'ਤੇ ਚਲਾਉਣ ਲਈ ਵੀ ਆਖਿਆ ਤਾਂ ਜੋ ਜ਼ਰੂਰਤ ਮੰਦ ਲੋਕਾਂ ਨੂੰ ਮੁਸ਼ਕਿਲ ਨਾ ਆਵੇ। 

ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ    

PunjabKesari

ਸੂਬੇ 'ਚ ਕੋਵਿਡ-19 ਕੇਸਾਂ ਦੀ ਤਾਜ਼ਾ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਖੁਸ਼ਕਿਸਮਤੀ ਨਾਲ ਅੱਜ ਸਾਰੀਆਂ ਹੀ ਰਿਪੋਰਟਾਂ ਨੈਗੇਟਿਵ ਆਈਆਂ ਹਨ। ਉਨ੍ਹਾ ਦੱਸਿਆ ਕਿ ਹੁਣ ਤੱਕ ਲਏ ਗਏ 838 ਸੈਂਪਲਾਂ 'ਚੋਂ 596 ਨੈਗੇਟਿਵ ਆਏ ਹਨ ਤੇ 38 ਪਾਜ਼ੇਟਿਵ ਆਏ ਹਨ ਜਦਕਿ ਬਾਕੀਆਂ ਦਾ ਨਤੀਜਾ ਆਉਣਾ ਅਜੇ ਬਾਕੀ ਹੈ। ਸ਼ਹੀਦ ਭਗਤ ਸਿਘ ਨਗਰ 'ਚ ਹੁਣ ਤੱਕ 123 ਸੈਂਪਲ ਨੈਗੇਟਿਵ ਆਉਣ ਬਾਰੇ ਅਤੇ 19 ਪਾਜ਼ੇਟਿਵ ਆਉਣ ਬਾਰੇ ਵੀ ਉਨ੍ਹਾਂ ਜਾਣਕਾਰੀ ਦਿੱਤੀ। ਇਸ ਮੁਲਾਂਕਣ ਮੀਟਿੰਗ ਵਿਚ ਐੱਮ. ਐਲ. ਏ ਅੰਗਦ ਸਿੰਘ ਨਵਾਂਸ਼ਹਿਰ, ਐੱਮ. ਐੱਲ. ਏ. ਚੌ. ਦਰਸ਼ਨ ਲਾਲ ਮੰਗੂਪੁਰ ਬਲਾਚੌਰ, ਡੀ. ਸੀ. ਵਿਨੈ ਬਬਲਾਨੀ, ਐੱਸ. ਐੱਸ ਪੀ. ਅਲਕਾ ਮੀਨਾ, ਏ. ਡੀ. ਸੀ. ਅਦਿਤਿਆ ਉੱਪਲ, ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ : ਕੋਰੋਨਾ ਦੇ ਕਰਫਿਊ ਦਰਮਿਆਨ ਅੰਮ੍ਰਿਤਸਰ ਵਾਸੀਆਂ ਲਈ ਚੰਗੀ ਖਬਰ    


author

Gurminder Singh

Content Editor

Related News