ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਠੀਕ ਹੋਣ ਉਪਰੰਤ ਘਰ ਪਰਤਣ ''ਤੇ ਪਿੰਡ ''ਚ ਦਹਿਸ਼ਤ
Sunday, Mar 29, 2020 - 06:41 PM (IST)
ਹੁਸ਼ਿਆਰਪੁਰ (ਘੁੰਮਣ) : ਪੰਜਾਬ ਦਾ ਪਹਿਲਾ ਕੋਰੋਨਾ ਵਾਇਰਸ ਨਾਲ ਪੀੜਤ ਪਿੰਡ ਖਨੂਰ ਦਾ ਵਾਸੀ ਗੁਰਦੀਪ ਸਿੰਘ (44), ਜੋ ਕਿ ਇਟਲੀ ਤੋਂ ਪਰਤਿਆ ਸੀ, ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ 'ਤੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਜ਼ੇਰੇ ਇਲਾਜ ਸੀ, ਦੇ ਪੂਰੀ ਤਰ੍ਹਾਂ ਠੀਕ ਹੋਣ ਉਪਰੰਤ ਬੀਤੇ ਦਿਨੀਂ ਪਿੰਡ ਪਰਤਣ 'ਤੇ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ। ਪਤਾ ਲੱਗਾ ਹੈ ਕਿ ਕੁਝ ਲੋਕ ਉਸ ਦੀ ਪਿੰਡ ਵਾਪਸੀ ਦਾ ਵਿਰੋਧ ਵੀ ਕਰ ਰਹੇ ਸਨ ਪਰ ਸਿਹਤ ਵਿਭਾਗ ਵੱਲੋਂ ਪਿੰਡ ਨਿਵਾਸੀਆਂ ਨੂੰ ਇਹ ਸਮਝਾਉਣ ਤੋਂ ਬਾਅਦ ਕਿ ਗੁਰਦੀਪ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ, ਤੋਂ ਬਾਅਦ ਉਸ ਨੂੰ ਘਰ ਵਿਚ ਹੀ ਆਈਸੋਲੇਟ ਕੀਤਾ ਗਿਆ ਹੈ। ਵਿਸ਼ੇਸ਼ ਗੱਲ ਹੈ ਕਿ ਉਸ ਦੀ ਪਤਨੀ ਅਤੇ ਬੱਚੇ ਨੂੰ ਦੂਜੇ ਘਰ ਵਿਚ ਰੱਖਿਆ ਗਿਆ ਹੈ ਅਤੇ ਗੁਰਦੀਪ ਨੂੰ ਜਿਸ ਘਰ ਵਿਚ ਆਈਸੋਲੇਟ ਕੀਤਾ ਗਿਆ ਹੈ, ਉਸ ਘਰ ਦੇ ਬਾਹਰ ਤਾਲਾ ਵੀ ਲਗਾ ਦਿੱਤਾ ਗਿਆ ਹੈ ਤਾਂ ਕਿ ਕੋਈ ਵੀ ਬਾਹਰੀ ਵਿਅਕਤੀ ਉਸ ਨਾਲ ਸੰਪਰਕ ਨਾ ਕਰ ਸਕੇ।
ਇਹ ਵੀ ਪੜ੍ਹੋ : ਖੰਨਾ ਦੇ 5 ਵਿਅਕਤੀਆਂ ਦਾ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਕਰਕੇ ਮਚਿਆ ਹੜਕੰਪ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਹਾਰਟਾ ਬਡਲਾ ਡਾ. ਸੁਨੀਲ ਅਹੀਰ ਨੇ ਦੱਸਿਆ ਕਿ ਗੁਰਦੀਪ ਨੂੰ ਉਸ ਦੇ ਖਾਣ-ਪੀਣ ਦੀ ਵਿਵਸਥਾ ਸਬੰਧੀ ਵੀ ਪੂਰੀ ਤਰ੍ਹਾਂ ਅਪਡੇਟ ਕੀਤਾ ਗਿਆ ਹੈ। ਉਸ ਦੀ ਸਿਹਤ 'ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਡਾ. ਅਹੀਰ ਨੇ ਦੱਸਿਆ ਕਿ ਪਿੰਡ ਨਿਵਾਸੀਆਂ ਨੂੰ ਵੀ ਜਾਗਰੂਕ ਕੀਤਾ ਗਿਆ ਹੈ ਕਿ ਹੁਣ ਉਸ ਕੋਲੋਂ ਕਿਸੇ ਵੀ ਵਿਅਕਤੀ ਨੂੰ ਖ਼ਤਰਾ ਨਹੀਂ ਪਰ ਸਾਵਧਾਨੀ ਦੇ ਤੌਰ 'ਤੇ ਉਸ ਨੂੰ 'ਇਕਾਂਤਵਾਸ' ਵਿਚ ਰੱਖਿਆ ਗਿਆ ਹੈ। ਐੱਸ. ਐੱਮ. ਓ. ਡਾ. ਸੁਨੀਲ ਅਹੀਰ ਅਨੁਸਾਰ ਗੁਰਦੀਪ ਸਿੰਘ ਨੂੰ 10 ਅਪ੍ਰੈਲ ਤੱਕ 'ਇਕਾਂਤਵਾਸ' ਵਿਚ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਕਰਫਿਊ ਕਾਰਨ ਅੰਮ੍ਰਿਤਸਰ ''ਚ 1 ਦੀ ਮੌਤ
ਗੁਰੂਨਾਨਕ ਦੇਵ ਹਸਪਤਾਲ ਤੋਂ ਛੁੱਟੀ ਕਰਕੇ ਵੀ ਹੋਇਆ ਵਿਵਾਦ
ਕੋਰੋਨਾ ਵਾਇਰਸ ਨੂੰ ਹਰਾ ਕੇ ਰੋਗ ਤੋਂ ਬਾਹਰ ਆਏ ਹੁਸ਼ਿਆਰਪੁਰ ਦੇ ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚੋਂ ਡਿਸਚਾਰਜ ਕਰਨ ਨਾਲ ਹੰਗਾਮਾ ਖੜ੍ਹਾ ਹੋ ਗਿਆ। ਸਿਹਤ ਵਿਭਾਗ ਨੇ ਜਿਥੇ ਮੈਡੀਕਲ ਕਾਲਜ ਪ੍ਰਸ਼ਾਸਨ 'ਤੇ ਉਨ੍ਹਾਂ ਨੂੰ ਬਿਨਾਂ ਦੱਸੇ ਮਰੀਜ਼ ਨੂੰ ਛੁੱਟੀ ਦੇਣ ਦਾ ਗੰਭੀਰ ਦੋਸ਼ ਲਾਇਆ, ਉਥੇ ਹੀ ਕਾਲਜ ਦੀ ਪ੍ਰਿੰਸੀਪਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਮਰੀਜ਼ ਨੂੰ ਡਿਸਚਾਰਜ ਕਰਨ ਤੋਂ ਪਹਿਲਾਂ ਸਿਹਤ ਵਿਭਾਗ ਦੇ ਅਧਿਕਾਰੀ ਨੂੰ ਦੱਸ ਦਿੱਤਾ ਸੀ। ਭਾਰਤ ਸਰਕਾਰ ਦੀ ਗਾਈਡਲਾਈਨ ਅਨੁਸਾਰ ਹੀ ਮਰੀਜ਼ ਨੂੰ ਛੁੱਟੀ ਦਿੱਤੀ ਗਈ ਹੈ। ਪ੍ਰਿੰਸੀਪਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਵਿਭਾਗ ਉਂਝ ਸਿਵਲ ਸਰਜਨ ਨੂੰ ਜਵਾਬਦੇਹ ਨਹੀਂ ਹੈ। ਪ੍ਰਿੰਸੀਪਲ ਦਾ ਅਹੁਦਾ ਸਿਵਲ ਸਰਜਨ ਤੋਂ ਉਪਰ ਹੁੰਦਾ ਹੈ।
ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ