ਪਾਕਿ ਗਏ 2 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮਚੀ ਖਲਬਲੀ
Sunday, Apr 19, 2020 - 07:27 PM (IST)
ਅੰਮ੍ਰਿਤਸਰ (ਦਲਜੀਤ) : ਪਿਛਲੇ ਦਿਨੀਂ ਪਾਕਿਸਤਾਨ ਰਵਾਨਾ ਹੋਏ 41 ਪਾਕਿ ਨਾਗਰਿਕਾਂ 'ਚੋਂ 2 ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲੇ ਵਿਚ ਖਲਬਲੀ ਮਚ ਗਈ ਹੈ। ਸਿਹਤ ਵਿਭਾਗ ਵੱਲੋਂ ਜਿਥੇ 41 ਲੋਕਾਂ ਦੀ ਸਕਰੀਨਿੰਗ ਕਰਨ ਵਾਲੇ ਰੂਰਲ ਹੈਲਥ ਫਾਰਮਾਸਿਸਟ ਅਤੇ ਰੂਰਲ ਮੈਡੀਕਲ ਅਫਸਰਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ, ਉਥੇ ਹੀ ਰੂਰਲ ਫਾਰਮਾਸਿਸਟਾਂ ਵੱਲੋਂ ਪੀ. ਪੀ. ਈ. ਕਿੱਟਾਂ ਸਮੇਤ ਹੋਰ ਮਹੱਤਵਪੂਰਨ ਸਮਾਨ ਨਾ ਮਿਲਣ ਕਾਰਣ ਸ਼ਨੀਵਾਰ ਨੂੰ ਆਪਣੀ ਡਿਊਟੀ ਦਾ ਬਾਈਕਾਟ ਕਰ ਦਿੱਤਾ ਗਿਆ ਅਤੇ ਡੀ. ਸੀ. ਦਫਤਰ 'ਚ ਇਕੱਠੇ ਹੋ ਕੇ ਸਰਕਾਰੀ ਤੰਤਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੀ. ਪੀ. ਈ. ਕਿੱਟਾਂ, ਮਾਸਕ, ਸੈਨੇਟਾਈਜ਼ਰ ਦੇ ਨਾਲ ਉਨ੍ਹਾਂ ਨੂੰ ਪੱਕਾ ਵੀ ਕੀਤਾ ਜਾਵੇ। 3 ਦਿਨਾਂ ਵਿਚ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਪੰਜਾਬ ਭਰ ਦੇ ਫਾਰਮਾਸਿਸਟ ਆਪਣੀ ਡਿਊਟੀ ਦਾ ਬਾਈਕਾਟ ਕਰ ਦੇਣਗੇ।
ਇਹ ਵੀ ਪੜ੍ਹੋ : ਹਜ਼ੂਰ ਸਾਹਿਬ 'ਚ ਰੁਕੇ ਸ਼ਰਧਾਲੂਆਂ ਦੀ ਵਾਪਸੀ ਲਈ ਐੱਸ. ਜੀ. ਪੀ. ਸੀ. ਵਲੋਂ ਗ੍ਰਹਿ ਮੰਤਰੀ ਨੂੰ ਚਿੱਠੀ
ਡੀ. ਸੀ. ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਰਲ ਹੈਲਥ ਫਾਰਮੇਸੀ ਅਫਸਰ ਐਸੋਸੀਏਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਕਮਲਜੀਤ ਚੌਹਾਨ ਅਤੇ ਸੀਨੀਅਰ ਉਪ ਪ੍ਰਧਾਨ ਨਵਜੋਤ ਕੌਰ ਨੇ ਕਿਹਾ ਕਿ 16 ਤਰੀਕ ਨੂੰ ਸਿਵਲ ਸਰਜਨ ਦਫਤਰ ਵਿਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਪੁੱਜੇ ਸਨ। ਉਨ੍ਹਾਂ ਨੂੰ ਪੀ. ਪੀ. ਈ. ਕਿੱਟਾਂ ਸਮੇਤ ਜ਼ਰੂਰੀ ਸਾਮਾਨ ਦੀ ਮੰਗ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਭਰੋਸਾ ਮਿਲਿਆ ਸੀ ਕਿ ਸ਼ਾਮ ਤੱਕ ਉਨ੍ਹਾਂ ਨੂੰ ਸਾਮਾਨ ਉਪਲਬਧ ਹੋ ਜਾਵੇਗਾ ਪਰ ਉਹ ਸਿਰਫ ਇਕ ਝੂਠਾ ਭਰੋਸਾ ਹੀ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਮੇਂ 'ਤੇ ਹੀ ਸਾਮਾਨ ਉਪਲਬਧ ਕਰਵਾ ਦਿੱਤਾ ਜਾਂਦਾ ਤਾਂ ਉਨ੍ਹਾਂ ਦੇ 2 ਮੈਂਬਰਾਂ ਨੂੰ ਆਈਸੋਲੇਟ ਕਰਨ ਦੀ ਲੋੜ ਨਹੀਂ ਪੈਣੀ ਸੀ। ਉਨ੍ਹਾਂ ਕਿਹਾ ਕਿ ਰੂਰਲ ਹੈਲਥ ਫਾਰਮੇਸੀ ਅਫਸਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕੰਟਰੋਲ ਅਧੀਨ ਪੰਜਾਬ ਭਰ ਵਿਚ 1186 ਸਰਕਾਰੀ ਸਿਹਤ ਡਿਸਪੈਂਸਰੀਆਂ ਵਿਚ ਪਿਛਲੇ ਲੱਗਭਗ 14 ਸਾਲਾਂ ਤੋਂ ਕੰਟਰੈਕਟ 'ਤੇ ਸਰਵਿਸ ਕਰ ਰਹੇ ਹਨ। ਹੁਣ ਪੂਰੇ ਭਾਰਤ ਵਿਚ ਕੋਰੋਨਾ ਦਾ ਕਹਿਰ ਹੈ, ਜਿਸ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਫੈਸਲੇ ਤਹਿਤ ਇਨ੍ਹਾਂ ਡਿਸਪੈਂਸਰੀਆਂ ਦਾ ਕੰਟਰੋਲ ਆਪਣੇ ਅਧੀਨ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ ਅਧਿਕਾਰੀਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਸਬੰਧਤ ਸਟਾਫ ਰੂਰਲ ਫਾਰਮੇਸੀ ਅਫਸਰ ਹਾਈ ਰਿਸਕ ਏਰੀਆ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਏਅਰਪੋਰਟ, ਧਾਰਮਿਕ ਅਸਥਾਨਾਂ, ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸਰਹੱਦਾਂ ਦੇ ਨਾਲ-ਨਾਲ ਕੋਰੋਨਾ ਮਰੀਜ਼ਾਂ ਦੇ ਘਰਾਂ 'ਚੋਂ ਕੋਰੋਨਾ ਆਈਸੋਲੇਸ਼ਨ ਵਾਰਡ ਤੱਕ ਡਿਊਟੀਆਂ ਨਿਭਾਅ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੂਰੇ ਸੰਸਾਰ ਵਿਚ ਚੱਲ ਰਹੀ ਮਹਾਮਾਰੀ ਕੋਵਿਡ-19 'ਚ ਪੂਰੇ ਪੰਜਾਬ ਦੀਆਂ ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰਦੇ ਫਾਰਮਾਸਿਸਟ ਜਿਨ੍ਹਾਂ ਦੀ ਬਿਨਾਂ ਕਿਸੇ ਟ੍ਰੇਨਿੰਗ ਦੇ ਇਸ ਮਹਾਮਾਰੀ ਵਿਚ ਫਰੰਟ 'ਤੇ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਤ੍ਰਾਸਦੀ ਇਹ ਹੈ ਕਿ 14 ਸਾਲ ਪਹਿਲਾਂ 2006 'ਚ ਕੈਪਟਨ ਸਰਕਾਰ ਨੇ ਪੇਂਡੂ ਸਿਹਤ ਡਿਸਪੈਂਸਰੀਆਂ ਵਿਚ ਇਨ੍ਹਾਂ ਨੂੰ ਭਰਤੀ ਕੀਤਾ ਸੀ ਉਦੋਂ ਤੋਂ ਹੀ ਹੁਣ ਤੱਕ ਹਰ ਕੁਦਰਤੀ ਆਫਤਾਂ ਐਮਰਜੈਂਸੀ ਹਾਲਾਤ ਅਤੇ ਜੰਗ ਵਰਗੇ ਹਾਲਾਤ ਵਿਚ ਵੀ ਵਾਰੰਟ 'ਤੇ ਡਿਊਟੀਆਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਉਨ੍ਹਾਂ ਦੀ ਕੋਈ ਫਿਕਰ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੀ. ਪੀ. ਈ. ਕਿੱਟਾਂ, ਮਾਸਕ, ਸੈਨੀਟਾਈਜ਼ਰ ਦਿੱਤੇ ਜਾਣ। ਉਨ੍ਹਾਂ ਸਰਕਾਰ ਨੂੰ ਇਸ ਦੇ ਲਈ 3 ਦਿਨਾਂ ਦਾ ਸਮਾਂ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ ਗਈ ਤਾਂ ਪੂਰੇ ਪੰਜਾਬ 'ਚ ਫਾਰਮਾਸਿਸਟ ਡਿਊਟੀਆਂ ਦਾ ਬਾਈਕਾਟ ਕਰਨਗੇ।
ਇਹ ਵੀ ਪੜ੍ਹੋ : ਵੱਡੀ ਖਬਰ : ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਏ. ਸੀ. ਪੀ. ਨੇ ਤੋੜਿਆ ਦਮ