ਇਕਾਂਤਵਾਸ ''ਚ ਨਹੀ ਟਿੱਕ ਰਹੇ ਬਾਹਰੋਂ ਪਰਤੇ ਪੰਜਾਬੀ, ਮਨਵਾ ਰਹੇ ''ਈਨ''

Wednesday, May 06, 2020 - 02:00 PM (IST)

ਨਾਭਾ (ਭੂਪਾ) : ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਕਾਰਨ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਤੋਂ ਬਾਅਦ ਦੂਜੇ ਸੂਬਿਆਂ ਤੋ ਪਰਤ ਰਹੇ ਕੰਬਾਇਨਾਂ ਅਤੇ ਹਾਰਵੈਸਟਰਾਂ ਵਾਲਿਆਂ ਸਮੇਤ ਹੋਰ ਵਿਅਕਤੀ ਸਰਕਾਰ ਅਤੇ ਪ੍ਰਸ਼ਾਸ਼ਨ ਲਈ ਵੱਡੀ ਚੁਣੋਤੀ ਬਣਦੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਦੂਜੇ ਸੂਬਿਆਂ ਵਿਚ ਹਾੜੀ ਦੀ ਫਸਲ ਦੀ ਕਟਾਈ ਲਈ ਗਏ ਪੰਜਾਬੀ ਦਾ ਪੰਜਾਬੀਆਂ ਦਾ ਪਰਤਣਾ ਲਗਾਤਾਰ ਜਾਰੀ ਹੈ ਜਦਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪ੍ਰਦੇਸ਼ਾਂ ਤੋ ਵਾਪਸ ਪਰਤੇ ਇਨ੍ਹਾਂ ਪੰਜਾਬੀਆਂ ਨੂੰ ਇਕਾਂਤਵਾਸ 'ਚ ਰੱਖਣ ਅਤੇ ਸੈਂਪਲ ਲਏ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆ ਗਈਆ ਹਨ। ਪੰਜਾਬੀਆਂ ਨੂੰ ਇਕਾਂਤਵਾਸ ਵਿਚ ਰੱਖਣ ਲਈ ਪਿੰਡ ਦੇ ਸਰਕਾਰੀ ਸਕੂਲਾਂ, ਸੁਸਾਇਟੀਆਂ ਅਤੇ ਧਰਮਸ਼ਾਲਾ ਦੀਆਂ ਇਮਾਰਤਾਂ ਨੂੰ ਪ੍ਰਯੋਗ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚ ਦੂਜੇ ਪ੍ਰਦੇਸ਼ਾਂ ਤੋਂ ਪਰਤੇ ਪੰਜਾਬੀ ਲਗਾਤਾਰ ਆਪਣੀ ਜਿੱਦ ਅਤੇ ਅੱਖੜ ਸੁਭਾਅ ਕਾਰਨ ਰਹਿਣਾ ਪਸੰਦ ਨਹੀ ਕਰ ਰਹੇ ਅਤੇ ਆਪਣੀ ਮਰਜ਼ੀ ਅਨੁਸਾਰ ਆਪਣੇ ਪਿੰਡਾਂ ਵਿਚ ਦਾਖਲ ਹੋ ਕੇ ਆਪਣੇ ਪਰਿਵਾਰਾਂ ਨਾਲ ਮਿਲ ਰਹੇ ਹਨ। 

ਇਸ ਪ੍ਰਕਾਰ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾਂ ਕਰਕੇ ਬਾਹਰੀ ਕਿਸੇ ਖਤਰਨਾਕ ਸਥਿਤੀ ਨੂੰ ਸੱਦਾ ਦਿੰਦੇ ਨਜ਼ਰ ਆ ਰਹੇ ਹਨ ਜਿਨ੍ਹਾਂ 'ਤੇ ਕਾਬੂ ਪਾਉਣਾ ਸਰਕਾਰੀ ਅਧਿਕਾਰੀਆਂ ਲਈ ਟੇਢੀ ਖੀਰ ਸਾਬਤ ਹੁੰਦਾ ਜਾ ਰਿਹਾ ਹੈ। ਪਿੰਡ ਦੇ ਵਾਸੀ ਨੇ ਫੋਨ 'ਤੇ ਜਾਣਕਾਰੀ ਦਿੱਤੀ ਕਿ ਕਥਿਤ ਰੂਪ ਵਿਚ ਨੇਪਾਲ ਤੋਂ ਪਰਤੇ ਪਿੰਡ ਦੇ ਸਰਪੰਚ ਅਤੇ ਉਸ ਦੀ ਪਤਨੀ ਨੂੰ ਪ੍ਰਸ਼ਾਸਨ ਵੱਲੋਂ ਇਕਾਂਤਵਾਸ ਲਈ ਪਿੰਡ ਦੇ ਹੀ ਸਕੂਲ ਵਿਚ ਰੱਖਿਆ ਸੀ ਪਰ ਇਹ ਸਰਪੰਚ ਕਥਿਤ ਰੂਪ ਵਿਚ ਇਕਾਂਤਾਵਸ ਤੋਂ ਨਿਕਲਿਆ ਨਾ ਸਿਰਫ ਆਪਣੇ ਘਰ ਆ ਗਿਆ ਬਲਕਿ ਨਵਾਂ ਸਿਲਾਇਆ ਚਿੱਟਾ ਕੁੜਤਾ ਪਜਾਮਾ ਪਾ ਕੇ ਕੰਨ੍ਹਾਂ ਵਿਚ ਈਅਰਫੋਨ ਲਾ ਕੇ ਸਾਰਾ ਦਿਨ ਪਿੰਡ ਵਿਚ ਹੀ ਘੁੰਮਦਾ ਰਿਹਾ। ਪਿੰਡ ਵਾਸੀਆਂ ਨੇ ਜਦੋਂ ਪ੍ਰਸ਼ਾਸਨ ਦੇ ਮਹੁੱਈਆ ਕਰਵਾਏ ਹੈਲਪਲਾਇਨ ਨੰਬਰ 'ਤੇ ਫੋਨ ਕੀਤਾ ਤਾਂ ਅੱਗੇ ਤੋਂ ਅੱਗੇ ਅਧਿਕਾਰੀਆਂ ਦੇ ਮਿਲੇ ਨੰਬਰਾਂ ਤੋ ਕੋਈ ਸੰਤੁਸ਼ਟੀਜਨਕ ਕਾਰਵਾਈ ਹੁੰਦੀ ਨਜ਼ਰ ਨਾ ਆਈ।

ਇਸ ਪ੍ਰਕਾਰ ਦੀ ਇਹ ਇਕ ਹੀ ਘਟਨਾ ਨਹੀਂ ਹੈ ਬਲਕਿ ਹਲਕੇ ਦੇ ਕਈ ਪਿੰਡਾਂ ਵਿਚ ਇਕਾਂਤਵਾਸ ਕੀਤੇ ਲੋਕਾਂ ਵੱਲੋਂ ਸਰਕਾਰੀ ਹਦਾਇਤਾਂ ਦੀ ਉਲੰਘਣਾ ਦੀਆਂ ਖਬਰਾਂ ਅਤੇ ਸ਼ਿਕਾਇਤਾਂ ਲਗਾਤਾਰ ਮਿਲ ਰਹੀਆ ਹਨ। ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੇ ਪੱਤਰ ਅਨੁਸਾਰ ਪਿੰਡ ਟੋਡਰਵਾਲ ਦੀ ਮਹਿਲਾ ਸਰਪੰਚ ਵੱਲੋਂ ਤਾਂ ਪਿੰਡ ਦੀ ਸੁਸਾਇਟੀ ਵਿਚ ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਸੁਸਾਇਟੀ ਪ੍ਰਧਾਨ ਵੱਲੋਂ ਉਠਾਉਣ ਦੇ ਦੋਸ਼ ਲਗਾ ਕੇ 10 ਤੋ 15 ਵਿਅਕਤੀਆਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਸੰਬੰਧੀ ਪੇਸ਼ ਆ ਰਹੀ ਅੋਕੜਾਂ ਸੰਬੰਧੀ ਦੱਸਿਆ ਗਿਆ ਕਿ ਇਕਾਂਤਵਾਸ 'ਚ ਰੱਖੇ ਪੰਜਾਬੀ ਆਪਣੀ ਮਰਜ਼ੀ ਪੁੱਗਾ ਰਹੇ ਹਨ। ਜੇਕਰ ਇਨ੍ਹਾਂ ਨੂੰ ਰੋਕਿਆ ਜਾਂਦਾ ਹੈ ਤਾਂ ਇਨ੍ਹਾਂ ਦੇ ਪਰਿਵਾਰਾਂ ਦੀ ਔਰਤਾਂ ਗਾਲੀ ਗਲੋਚ ਕਰਦੀਆਂ ਹਨ। 

ਇਕਾਂਤਵਾਸ 'ਚ ਰੱਖੇ ਲੋਕ ਪਿੰਡ ਦੇ ਸਰਪੰਚ ਦੀ ਜ਼ਿੰਮੇਵਾਰੀ : ਐੱਸ. ਡੀ. ਐੱਮ
ਉਪਰੋਕਤ ਪੇਸ਼ ਆ ਰਹੀ ਦਿੱਕਤ ਸੰਬੰਧੀ ਐੱਸ. ਡੀ. ਐੱਮ ਨਾਭਾ ਸੂਬਾ ਸਿੰਘ ਨੇ ਕਿਹਾ ਕਿ ਕਈ ਪਿੰਡਾਂ ਵਿਚ ਧੜੇਬੰਦੀ ਕਾਰਨ ਅਜਿਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਜਦਕਿ ਸਾਡੀ ਸਥਿਤੀ 'ਤੇ ਪੂਰੀ ਨਿਗ੍ਹਾ ਹੈ ਅਤੇ ਕੋਰੋਨਾ ਬੀਮਾਰੀ ਕਾਰਨ ਜਾਰੀ ਜ਼ਰੂਰੀ ਹਦਾਇਤਾਂ ਅਨੁਸਾਰ ਹੀ ਅਸੀ ਕਾਰਵਾਈ ਵੀ ਕਰ ਰਹੇ ਹਾਂ। ਕਈ ਥਾਈ ਵੀਡੀਓਗ੍ਰਾਫੀ ਰਾਹੀ ਵੀ ਇਕਾਂਤਵਾਸ ਰੱਖੇ ਪੰਜਾਬੀਆਂ 'ਤੇ ਨਿਗ੍ਹਾ ਰੱਖੀ ਜਾ ਰਹੀ ਹੈ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਇਕਾਂਤਵਾਸ 'ਚ ਰੱਖੇ ਪੰਜਾਬੀ ਪਿੰਡ ਦੇ ਸਰਪੰਚ ਦੀ ਜ਼ਿੰਮੇਵਾਰੀ ਹਨ ਜਿਸ ਲਈ ਉਹ ਜੁਆਬਦੇਹ ਵੀ ਹੈ।


Gurminder Singh

Content Editor

Related News