ਉਦਯੋਗਿਕ ਸੰਸਥਾਵਾਂ ਨੂੰ ਪੂਰੀ ਲੇਬਰ ਨਾਲ ਕੰਮ ਚਲਾਉਣ ਲਈ ਛੋਟ ਦੇਣ ਦੇ ਹੁਕਮ ਜਾਰੀ: ਡੀ. ਸੀ

Wednesday, May 13, 2020 - 01:50 PM (IST)

ਸੰਗਰੂਰ (ਸਿੰਗਲਾ): ਕੋਰੋਨਾ ਵਾਇਰਸ ਫੈਲਣ ਕਾਰਨ ਸਨਅਤਾਂ 'ਤੇ ਮਜ਼ਦੂਰਾਂ ਤੋਂ ਕੰਮ ਕਰਵਾਉਣ ਲਈ ਲਾਗੂ ਕੀਤੀਆਂ ਗਈਆਂ ਸ਼ਰਤਾਂ 'ਚ ਵੱਡੀ ਰਾਹਤ ਦਿੰਦਿਆਂ ਅੱਜ ਜ਼ਿਲਾ ਮੈਜਿਸਟਰੇਟ ਸੰਗਰੂਰ ਸ਼੍ਰੀ ਘਨਸ਼ਿਆਮ ਥੋਰੀ ਨੇ ਜ਼ਿਲੇ ਦੀਆਂ ਉਦਯੋਗਿਕ ਸੰਸਥਾਵਾਂ ਨੂੰ ਆਪਣੀ ਸਮਰੱਥਾ ਅਨੁਸਾਰ ਪੂਰੀ ਲੇਬਰ ਤੋਂ ਕੰਮ ਲਈ ਛੋਟ ਦੇਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਹੁਕਮਾਂ ਤੋਂ ਪਹਿਲਾਂ ਸੰਗਰੂਰ ਜ਼ਿਲੇ ਦੀਆਂ ਉਦਯੋਗਿਕ ਇਕਾਈਆਂ ਸਿਰਫ਼ 33 ਫੀਸਦ ਮਜਦੂਰਾਂ ਨਾਲ ਹੀ ਕੰਮ ਚਲਾ ਸਕਦੇ ਸਨ।ਹੁਕਮਾਂ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਪੂਰੀ ਲੇਬਰ ਨਾਲ ਕੰਮ ਕਰਦੇ ਹੋਏ ਉਦਯੋਗਿਕ ਸੰਸਥਾਵਾਂ ਦੇ ਪ੍ਰਬੰਧਕ ਇਹ ਯਕੀਨੀ ਬਣਾਉਣਗੇ ਕਿ ਕੋਵਿਡ-19 ਦੀ ਰੋਕਥਾਮ ਲਈ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣਗੇ।

ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਹੁਕਮ ਸੰਗਰੂਰ ਜ਼ਿਲਾ ਇੰਡਸਟਰੀਅਲ ਚੈਂਬਰ (ਐਸ.ਡੀ.ਆਈ.ਸੀ.) ਦੇ ਸਾਰੇ ਮੈਂਬਰਾਂ ਨੂੰ ਭੇਜ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਹੀ ਕੰਮ ਦੁਬਾਰਾ ਮਿਲਣ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਨੂੰ ਵੀ ਠੱਲ ਪਵੇਗੀ ਕਿਉਂਕਿ ਦੂਜੇ ਸੂਬਿਆਂ ਤੋਂ ਆਏ ਵਿਅਕਤੀਆਂ ਦੀ ਵਾਪਸੀ ਦਾ ਮੁੱਖ ਕਾਰਨ ਕੋਰੋਨਾ ਵਾਇਰਸ ਫੈਲਣ ਕਾਰਨ ਕੰਮ ਨਾ ਮਿਲਣਾ ਸੀ।ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਸਭ ਨੂੰ ਵੱਧ ਤੋਂ ਵੱਧ ਸੁਚੇਤ ਹੋਣ ਦੀ ਲੋੜ ਹੈ ਅਤੇ ਇਸੇ ਤਰ੍ਹਾਂ ਸਨਅਤਾਂ ਦੇ ਮਾਲਕਾਂ ਨੂੰ ਵੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੰਮ ਕਰਵਾਉਣ ਦੇ ਨਾਲ-ਨਾਲ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਪੂਰੀਆਂ ਸਾਵਧਾਨੀਆਂ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਅੰਦਰ ਆਉਣ ਤੋਂ ਪਹਿਲਾਂ ਪੂਰੀ ਜਾਂਚ ਕੀਤੀ ਜਾਵੇ ਅਤੇ ਜੇਕਰ ਕਿਸੇ ਨੂੰ ਵੀ ਕੋਵਿਡ-19 ਦਾ ਲੱਛਣ ਵਿਖਾਈ ਦੇਵੇ ਤਾਂ ਤੁਰੰਤ ਉਸ ਨੂੰ ਨੇੜਲੇ ਫਲੂ ਕਾਰਨਰ 'ਤੇ ਭੇਜਿਆ ਜਾਵੇ।


Shyna

Content Editor

Related News