ਹੋਲਾ-ਮੁਹੱਲਾ ਤੋਂ ਡਿਊਟੀ ਨਿਭਾਅ ਕੇ ਪਰਤੇ ਮੁਲਾਜ਼ਮਾਂ ਦਾ ਵੀ ਕੀਤਾ ਜਾ ਰਿਹੈ ਚੈੱਕਅਪ
Wednesday, Mar 25, 2020 - 12:31 PM (IST)
ਬੱਧਨੀ ਕਲਾਂ, ਚੜਿੱਕ ( ਬੱਬੀ ): ਸ੍ਰੀ ਅਨੰਦਪੁਰ ਸਾਹਿਬ ਹੋਲਾ ਮੁਹੱਲਾ ਤੋਂ ਕਈ ਦਿਨ ਡਿਊਟੀ ਨਿਭਾਅ ਕੇ ਵਾਪਸ ਆ ਰਹੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਕਰਮਚਾਰੀਆਂ ਦਾ ਕੋਰੋਨਾ ਕਾਰਣ ਮੈਡੀਕਲ ਚੈੱਕਅਪ ਕਰਵਾਇਆ ਜਾ ਰਿਹਾ। ਸੀਨੀਅਰ ਅਧਿਕਾਰੀ ਕੋਈ ਵੀ ਖਤਰਾ ਮੁੱਲ ਲੈਣ ਨੂੰ ਤਿਆਰ ਨਹੀਂ ਇਸ ਕਰ ਕੇ ਹੋਲਾ ਮੁਹੱਲਾ ਉੱਪਰ ਲੱਖਾਂ ਸੰਗਤਾਂ ਦੇ ਇਕੱਠ ਵਿਚ ਡਿਊਟੀਆਂ ਦੇਣ ਵਾਲੇ ਮੁਲਾਜ਼ਮਾਂ ਨੂੰ ਆਪਣੇ ਪੱਧਰ 'ਤੇ ਮੈਡੀਕਲ ਚੈੱਕਅਪ ਕਰਵਾ ਕੇ ਮੈਡੀਕਲ ਰਿਪੋਰਟਾਂ ਦੇਣ ਉਪਰੰਤ ਡਿਊਟੀ 'ਤੇ ਦੁਬਾਰਾ ਹਾਜ਼ਰ ਹੋਣ ਦੇ ਨਿਰਦੇਸ਼ ਦਿਤੇ ਗਏ ਹਨ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਗਏ ਮੁਲਾਜ਼ਮਾਂ ਲਈ ਪ੍ਰਸ਼ਾਸਨ ਵਲੋਂ ਸਖਤ ਹੁਕਮ ਜਾਰੀ
ਇਸ 'ਤੇ ਅਮਲ ਕਰਦਿਆਂ ਉਕਤ ਮੁਲਾਜ਼ਮ ਸਰਕਾਰੀ ਹਸਪਤਾਲਾਂ ਵਿਚ ਪਹੁੰਚ ਵੀ ਰਹੇ ਹਨ। ਇਸ ਪ੍ਰਕਿਰਿਆ ਵਿਚ ਪੰਜਾਬ ਪੁਲਸ ਨਾਲ ਸਬੰਧਤ ਵੱਖ-ਵੱਖ ਵਿੰਗਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਸਭ ਤੋਂ ਵੱਧ ਹਨ। ਬੱਧਨੀ ਕਲਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਵੀ ਅੱਜ ਸ੍ਰੀ ਅਨੰਦਪੁਰ ਸਾਹਿਬ ਤੋਂ ਆਏ ਕੁਝ ਪੁਲਸ ਮੁਲਾਜ਼ਮਾਂ ਨੇ ਆਪਣਾ ਚੈੱਕਅਪ ਕਰਵਾਇਆ, ਪ੍ਰੰਤੂ ਸਾਰੇ ਟੈਸਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਉਕਤ ਮੁਲਾਜ਼ਮਾਂ ਦੇ ਕੁਝ ਹੀ ਟੈਸਟ ਹੋ ਸਕੇ। ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਸੰਜੇ ਕੁਮਾਰ ਨੇ ਦੱਸਿਆ ਕੇ ਕੋਰੋਨਾ ਵਾਇਰਸ ਦੀ ਮਕੁੰਮਲ ਜਾਂਚ ਦੇ ਟੈਸਟ ਕਰਨ ਦਾ ਤਾਂ ਇਥੇ ਕੋਈ ਪ੍ਰਬੰਧ ਨਹੀਂ ਪ੍ਰੰਤੂ ਰੁਟੀਨ ਵਿਚ ਹੋਣ ਵਾਲੇ ਕਈ ਟੈਸਟ ਇਥੇ ਕਰ ਲਏ ਜਾਂਦੇ ਹਨ। ਦੂਜੇ ਟੈਸਟਾਂ ਲਈ ਚੈੱਕਅਪ ਕਰਾਉਣ ਵਾਲਿਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਰੈਫਰ ਕਰ ਦਿਤਾ ਜਾਂਦਾ।