ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਫਰਮਾਨ
Wednesday, Mar 18, 2020 - 06:54 PM (IST)
ਜਲੰਧਰ : ਕੋਰੋਨਾ ਵਾਇਰਸ ਸੰਬੰਧੀ ਪੰਜਾਬ ਸਰਕਾਰ ਵਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸ਼ਾਪਿੰਗ ਮਾਲਜ਼ ਅਤੇ ਸਬਜੀਆਂ ਮੰਡੀਆਂ ਨੂੰ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਸ ਸੰਬੰਧੀ ਪੰਜਾਬ ਸਰਕਾਰ ਵਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਜਾਰੀ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਦੇ ਸਾਰੇ ਮਾਲਜ਼, ਨਾਈਟ ਕਲੱਬ, ਸਬਜੀ ਮੰਡੀਆਂ ਅਤੇ ਹੋਰ ਜਨਤਕ ਅਦਾਰਿਆਂ ਨੂੰ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਪੰਜਾਬ ਸਰਕਾਰ ਵਲੋਂ ਇਹ ਫੈਸਲਾ ਲਿਆ ਗਿਆ ਸੀ, ਜਿਸ ਦਾ ਬਕਾਇਦਾ ਸਿਹਤ ਮੰਤਰੀ ਵਲੋਂ ਐਲਾਨ ਵੀ ਕੀਤਾ ਗਿਆ ਸੀ, ਹੁਣ ਪੰਜਾਬ ਸਰਕਾਰ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਵਲੋਂ 'ਧਰਮ ਯੁੱਧ' ਦਾ ਐਲਾਨ
ਇਥੇ ਇਹ ਵੀ ਦੱਸਣਯੋਗ ਹੈ ਕਿ 'ਜਗ ਬਾਣੀ' ਵਲੋਂ ਪੰਜਾਬ ਦੀਆਂ ਸਬਜੀਆਂ ਮੰਡੀਆਂ ਦਾ ਗਰਾਊਂਡ ਟੈਸਟ ਕਰਕੇ ਇਕ ਰਿਪੋਰਟ ਪੇਸ਼ ਕੀਤੀ ਸੀ ਕਿ ਕਿਵੇਂ ਜਿੱਥੇ ਲੋਕ ਖਾਣ ਲਈ ਸਬਜੀਆਂ ਲੈਣ ਜਾਂਦੇ ਹਨ, ਉਨ੍ਹਾਂ ਸਬਜੀ ਮੰਡੀਆਂ ਦਾ ਅਸਲ ਚਿਹਰਾ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਸਬਜੀ ਮੰਡੀਆਂ ਨੂੰ ਵੀ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੇ ਬਾਵਜੂਦ ਵੀ ਲੋਕ ਸਬਜੀ ਮੰਡੀਆਂ ਵਿਚ ਇਕੱਠ ਕਰ ਰਹੇ ਸਨ ਜਿਸ ਦੇ ਅਹਿਤਿਆਤ ਵਜੋਂ ਸਰਕਾਰ ਨੇ ਹੁਣ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਦਾ ਵੱਡਾ ਫੈਸਲਾ, ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਸਕਰੀਨਿੰਗ ਸ਼ੁਰੂ
ਭਾਰਤ 'ਚ ਕੋਰੋਨਾ ਕਾਰਨ ਤਿੰਨ ਮੌਤਾਂ
ਚੀਨ ਤੋਂ ਸ਼ੁਰੂ ਹੋਏ ਜਾਨ ਲੇਵਾ ਕੋਰੋਨਾ ਵਾਇਰਸ ਨਾਲ ਭਾਰਤ ਵਿਚ ਹੁਣ ਤਕ ਤਿੰਨ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਕਾਰਨ ਮੁੰਬਈ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਕਰਨਾਟਕਾ ਅਤੇ ਦਿੱਲੀ ਵਿਚ ਵੀ ਕੋਰੋਨਾ ਕਾਰਨ ਇਕ-ਇਕ ਮੌਤ ਹੋ ਚੁੱਕੀ ਹੈ। ਜਦਕਿ ਦੁਨੀਆ ਭਰ ਵਿਚ ਕੋਰੋਨਾ ਕਾਰਨ 7400 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਬੀਤੇ 24 ਘੰਟਿਆਂ ਦੌਰਾਨ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ 638 ਮੌਤਾਂ ਹੋਈਆਂ ਹਨ। ਜਦਕਿ ਇਸ ਖਤਰਨਾਕ ਵਾਇਰਸ ਨਾਲ 1,85000 ਲੋਕ ਪੀੜਤ ਹਨ, ਜਿਨ੍ਹਾਂ ਵਿਚੋਂ 1 ਲੱਖ ਮਾਮਲੇ ਪਾਜ਼ੀਟਿਵ ਹਨ ਅਤੇ 6 ਹਜ਼ਾਰ ਤੋਂ ਵੱਧ ਲੋਕਾਂ ਦੀ ਹਾਲਤ ਖਰਾਬ ਹੈ। ਦੂਜੇ ਪਾਸੇ ਕੋਰੋਨਾ ਵਾਇਰਸ ਦਾ ਕੇਂਦਰ ਚੀਨ ਦੇ ਸ਼ਹਿਰ ਵੁਹਾਨ 'ਚ ਵਾਇਰਸ ਦਾ ਅਸਰ ਹੌਲੀ-ਹੌਲੀ ਘੱਟ ਰਿਹਾ ਹੈ ਅਤੇ ਸੋਮਵਾਰ ਨੂੰ ਇਥੇ ਸਿਰਫ ਇਕ ਹੀ ਮਾਮਲੇ ਦੀ ਪੁਸ਼ਟੀ ਹੋਈ, ਜਿਸ ਨਾਲ ਚੀਨ 'ਚ ਅੱਜ ਤਕ ਮੌਤਾਂ ਦਾ ਅੰਕੜਾ 3226 ਹੋ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਐੱਸ. ਜੀ. ਪੀ. ਸੀ. ਦੇ ਸਾਰੇ ਵੱਡੇ ਸਮਾਗਮ ਮੁਲਤਵੀ