''ਕੋਰੋਨਾ ਵਾਇਰਸ'' ਤੋਂ ਬਚਣ ਲਈ ਤਿਆਰ ਨਹੀਂ ''ਫਿਰੋਜ਼ਪੁਰ, ਕੀਤੀ ਫਾਰਮੈਲਟੀ ਪੂਰੀ

03/05/2020 1:29:02 PM

ਫਿਰੋਜ਼ਪੁਰ (ਮਲਹੋਤਰਾ) - 20 ਲੱਖ ਤੋਂ ਵੱਧ ਆਬਾਦੀ ਵਾਲੇ ਜ਼ਿਲਾ ਫਿਰੋਜ਼ਪੁਰ 'ਚ ਜੇਕਰ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਬਣਦਾ ਹੈ ਤਾਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਕੋਲ ਜ਼ਬਰਦਸਤ ਪ੍ਰਬੰਧ ਨਹੀਂ ਹਨ। ਅਜਿਹੇ ਕੇਸਾਂ ਦੇ ਮਰੀਜ਼ਾਂ ਦੀ ਨਿਗਰਾਨੀ ਲਈ ਜ਼ਿਲੇ ਵਿਚ ਕੁਲ 6 ਬੈੱਡ ਮੌਜੂਦ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਜਿਥੇ ਚੀਨ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ, ਉਥੇ ਰਾਜ ਦਾ ਸਿਹਤ ਵਿਭਾਗ ਹਾਲੇ ਤੱਕ ਇਸ ਬੀਮਾਰੀ ਦੇ ਪ੍ਰਤੀ ਸਾਵਧਾਨ ਨਹੀਂ ਹੋਇਆ। ਡੇਂਗੂ, ਸਵਾਈਨ ਫਲੂ ਦੀ ਤਰ੍ਹਾਂ ਅਲੱਗ ਆਈਸੋਲੇਸ਼ਨ ਵਾਰਡ ਬਣਾਉਣ ਦੀ ਫਾਰਮੈਲਟੀ ਪੂਰੀ ਕਰ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ ਹੈ। 'ਜਗ ਬਾਣੀ' ਵਲੋਂ ਕੋਰੋਨਾ ਵਾਇਰਸ ਫੈਲਣ ਦੀ ਕਿਸੇ ਵੀ ਸੰਭਾਵਨਾ ਵਿਚ ਸਿਹਤ ਵਿਭਾਗ ਦੇ ਪ੍ਰਬੰਧਾਂ ਦੀ ਜਾਂਚ ਲਈ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ ਗਿਆ ਤਾਂ ਓ.ਪੀ.ਡੀ. ਦੇ ਉੱਪਰੀ ਹਿੱਸੇ ਵਿਚ ਡੇਂਗੂ ਅਤੇ ਸਵਾਈਨ ਫਲੂ ਦੇ ਕੇਸਾਂ ਨੂੰ ਡੀਲ ਕਰਨ ਲਈ ਛੋਟੇ ਜਿਹੇ ਕਮਰੇ ਨੂੰ ਹੀ ਕੋਰੋਨਾ ਵਾਇਰਸ ਦੇ ਰੋਗੀਆਂ ਲਈ ਰਿਜ਼ਰਵ ਰੱਖਿਆ ਗਿਆ ਹੈ। ਇਸ ਕਮਰੇ ਵਿਚ ਸਿਰਫ 3 ਬੈੱਡ ਹਨ, ਜਿਨ੍ਹਾਂ ਨੂੰ ਚਾਰੇ ਪਾਸਿਓਂ ਕੱਪੜੇ ਦੀ ਜਾਲੀ ਨਾਲ ਢੱਕਿਆ ਹੋਇਆ ਹੈ। ਹਸਪਤਾਲ ਦੀ ਆਮ ਸਫਾਈ ਦੀ ਤਰ੍ਹਾਂ ਹੀ ਇਸ ਕਮਰੇ ਦੀ ਸਫਾਈ ਹੋਈ ਨਜ਼ਰ ਆਈ। ਹਸਪਤਾਲ ਵਿਚ ਨਾ ਮਾਤਰ ਪ੍ਰਬੰਧਾਂ ਦੇ ਬਾਰੇ ਸਿਹਤ ਵਿਭਾਗ ਅਧਿਕਾਰੀਆਂ ਦਾ ਤਰਕ ਹੈ ਕਿ ਕੋਰੋਨਾ ਵਾਇਰਸ ਦਾ ਕੋਈ ਕੇਸ ਡਿਟੈਕਟ ਹੁੰਦਾ ਹੈ ਤਾਂ ਇਥੇ ਉਸ ਦਾ ਇਲਾਜ ਸੰਭਵ ਨਹੀਂ, ਇਥੇ ਉਸ ਨੂੰ ਸ਼ੁਰੂਆਤੀ ਦੌਰ ਵਿਚ ਕੁਝ ਦਿਨਾਂ ਲਈ ਆਈਸੋਲੇਟ ਕੀਤਾ ਜਾ ਸਕਦਾ ਹੈ ਅਤੇ ਆਈਸੋਲੇਸ਼ਨ ਦੇ ਸਾਰੇ ਪ੍ਰਬੰਧ ਪੂਰੇ ਹਨ।

ਕੀ ਹਨ ਵਿਭਾਗ ਦੇ ਪ੍ਰਬੰਧ
ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਫੈਲਣ ਦਾ ਸਿਰਫ ਇਕ ਕਾਰਣ ਰੋਗੀ ਦਾ ਕਿਸੇ ਸਿਹਤਮੰਦ ਵਿਅਕਤੀ ਦੇ ਸੰਪਰਕ ਵਿਚ ਆਉਣਾ ਹੈ। ਸਿਰਫ ਸਿਹਤ ਵਿਭਾਗ ਹੀ ਨਹੀਂ ਸਗੋਂ ਕੇਂਦਰ ਅਤੇ ਰਾਜ ਸਰਕਾਰ ਵਲੋਂ ਪਹਿਲੇ ਗੇੜ ਵਿਚ ਚੀਨ ਤੋਂ ਆਉਣ ਵਾਲੇ ਹਰ ਮੁਸਾਫਰ ਦਾ ਪੂਰਾ ਚੈੱਕਅਪ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ਉਸ 'ਤੇ ਪੂਰੀ ਨਿਗਰਾਨੀ ਰੱਖੀ ਜਾਂਦੀ ਹੈ। ਪੰਜਾਬ ਵਿਚ ਹਾਲੇ ਤੱਕ ਕੋਰੋਨਾ ਵਾਇਰਸ ਦਾ ਕੋਈ ਵੀ ਕੇਸ ਡਿਟੈਕਟ ਨਹੀਂ ਹੋਇਆ, ਫਿਰ ਵੀ ਜੇਕਰ ਅਜਿਹਾ ਕੋਈ ਸ਼ੱਕੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਵਾਇਰਸ ਪੀੜਤ ਵਿਅਕਤੀ ਨੂੰ ਉੁਸ ਦੇ ਘਰ ਜਾਂ ਹਸਪਤਾਲ ਵਿਚ ਆਈਸੋਲੇਟ ਕੀਤਾ ਜਾਂਦਾ ਹੈ। ਰੋਗ ਦੀ ਮਾਰ ਦੇ ਹਿਸਾਬ ਨਾਲ 2 ਤੋਂ 28 ਦਿਨਾਂ ਤੱਕ ਉਸ ਵਿਅਕਤੀ ਨਾਲ ਕਿਸੇ ਨੂੰ ਵੀ ਸੰਪਰਕ ਨਹੀਂ ਕਰਨ ਦਿੱਤਾ ਜਾਂਦਾ। ਆਮ ਤੌਰ 'ਤੇ 5 ਤੋਂ 15 ਦਿਨਾਂ ਵਿਚ ਰੋਗੀ ਨੂੰ ਕਵਰ ਕੀਤਾ ਜਾ ਸਕਦਾ ਹੈ। ਵਾਇਰਸ ਦਾ ਅਸਰ ਘੱਟ ਹੁੰਦਿਆਂ ਹੀ ਇਸ ਦੇ ਫੈਲਣ ਦਾ ਖਤਰਾ ਘੱਟ ਹੋ ਜਾਂਦਾ ਹੈ। ਵਿਭਾਗ ਵੱਲੋਂ ਜਿਥੇ ਫਿਰੋਜ਼ਪੁਰ ਅਤੇ ਜ਼ੀਰਾ ਦੇ ਹਸਪਤਾਲਾਂ ਵਿਚ ਕੋਰੋਨਾ ਕੇਅਰ ਆਈਸੋਲੇਸ਼ਨ ਯੂਨਿਟ ਸਥਾਪਤ ਕੀਤੇ ਗਏ ਹਨ, ਉਥੇ ਜ਼ਿਲੇ ਦੇ ਹਰ ਬਲਾਕ ਵਿਚ ਰੈਪਿਡ ਐਕਸ਼ਨ ਟੀਮਾਂ ਬਣਾਈਆਂ ਗਈਆਂ ਹਨ। ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਵਿਚ ਮੈਡੀਕਲ ਅਫਸਰ, ਟੈਕਨੀਸ਼ੀਅਨ, ਫਾਰਮਾਸਿਸਟ, ਸਹਾਇਕ ਅਤੇ ਹੋਰ ਸਟਾਫ ਸ਼ਾਮਲ ਕੀਤਾ ਗਿਆ ਹੈ, ਜੋ 24 ਘੰਟੇ ਐਕਸ਼ਨ ਲਈ ਤਿਆਰ ਰਹਿੰਦਾ ਹੈ। ਇਸ ਤੋਂ ਇਲਾਵਾ ਵਿਭਾਗ ਦੇ ਮਲਟੀਪਰਪਜ਼ ਹੈਲਥ ਅਤੇ ਆਸ਼ਾ ਵਰਕਰਾਂ ਵੱਲੋਂ ਇਸ ਰੋਗ ਦੇ ਪ੍ਰਤੀ ਲੋਕਾਂ ਵਿਚ ਲਗਾਤਾਰ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਸ ਤੋਂ ਬਚਣ ਦਾ ਸਭ ਤੋਂ ਸਹੀ ਤਰੀਕਾ ਹੈ ਆਪਣੇ ਸਰੀਰ ਦੀ ਪੂਰੀ ਸਫਾਈ ਰੱਖਣਾ। ਜ਼ਿਲਾ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ ਜ਼ਿਆਦਾ ਗੰਭੀਰ ਪੀੜਤਾਂ ਦਾ ਇਲਾਜ ਸੰਭਵ ਨਹੀਂ ਹੈ, ਇਸ ਲਈ ਅਜਿਹੇ ਕੇਸਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਨ ਲਈ ਵਿਸ਼ੇਸ਼ ਐਂਬੂਲੈਂਸ ਦਾ ਪ੍ਰਬੰਧ ਵਿਭਾਗ ਵਲੋਂ ਕੀਤਾ ਹੋਇਆ ਹੈ। ਇਥੇ ਸਿਰਫ ਆਈਸੋਲੇਸ਼ਨ ਯੂਨਿਟ ਵਿਚ ਰੋਗੀ ਦੀ ਸਹੀ ਦੇਖਭਾਲ ਕੀਤੀ ਜਾ ਸਕਦੀ।

ਪੜ੍ਹੋਂ ਇਹ ਵੀ - ਕੋਰੋਨਾ ਵਾਇਰਸ : ਚੰਡੀਗੜ੍ਹ ਦੇ ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ, ਦਿੱਤੇ ਖਾਸ ਨਿਰਦੇਸ਼

PunjabKesari


ਕੋਰੋਨਾ ਵਾਇਰਸ ਸਬੰਧੀ ਸਿਹਤ ਮਾਹਰਾਂ ਦੀ ਰਾਏ

ਸ਼ੁਰੂਆਤ 'ਚ ਹੀ ਕੰਟਰੋਲ ਕਰਨਾ ਹੋਵੇਗਾ
ਅਨਿਲ ਬਾਗੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਕਮਲ ਬਾਗੀ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਚੀਨ ਵਿਚ ਜੋ ਤਬਾਹੀ ਮਚਾਈ ਹੈ, ਉਸ ਤੋਂ ਭਾਰਤ ਦੇ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਹੈ। ਹਾਲੇ ਦੇਸ਼ ਵਿਚ ਕੁਝ ਕੇਸ ਡਿਟੈਕਟ ਹੋਏ ਹਨ ਅਤੇ ਇਸ 'ਤੇ ਸਮੇਂ ਸਿਰ ਕੰਟਰੋਲ ਕਰ ਲਿਆ ਜਾਵੇ ਤਾਂ ਬਿਹਤਰ ਹੋਵੇਗਾ। ਭਾਰਤ ਵਿਚ ਨਾ ਤਾਂ ਚੀਨ ਦੇ ਬਰਾਬਰ ਸਫਾਈ ਹੈ ਤੇ ਨਾ ਹੀ ਹੋਰ ਸਾਧਨ, ਜਿਸ ਨਾਲ ਇਸ ਬੀਮਾਰੀ ਨੂੰ ਫੈਲਣ ਤੋਂ ਬਾਅਦ ਛੇਤੀ ਕੰਟਰੋਲ ਕੀਤਾ ਜਾ ਸਕੇ। ਇਸ ਲਈ ਹਰ ਕਿਸੇ ਨੂੰ ਬੀਮਾਰੀ ਫੈਲਣ ਤੋਂ ਰੋਕਣ ਲਈ ਸਹਿਯੋਗ ਦੇਣਾ ਚਾਹੀਦਾ ਹੈ।  

ਬਿਨਾਂ ਲਾਪ੍ਰਵਾਹੀ ਤੁਰੰਤ ਇਲਾਜ ਬਚਾ ਸਕਦੈ ਜਾਨ
ਡਾ. ਹਰਸ਼ ਭੋਲਾ ਨੇ ਕਿਹਾ ਕਿ ਵਾਇਰਸ ਪੀੜਤ ਵਿਅਕਤੀ ਨਾਲ ਹੱਥ ਮਿਲਾਉਣ, ਉਸ ਨੂੰ ਛੂਹਣ ਜਾਂ ਉਸ ਦੇ ਛਿੱਕਣ ਜਾਂ ਖੰਘਣ ਕਾਰਣ ਸਿਹਤਮੰਦ ਵਿਅਕਤੀ ਵਿਚ ਇਸ ਦੇ ਕੀਟਾਣੂ ਪ੍ਰਵੇਸ਼ ਕਰ ਸਕਦੇ ਹਨ। ਜ਼ਿਆਦਾਤਰ ਹਾਲਾਤ ਵਿਚ ਵਾਇਰਸ ਉਥੇ ਫੈਲਣ ਦਾ ਖਤਰਾ ਹੁੰਦਾ ਹੈ, ਜਿਥੇ ਭੀੜ ਹੋਵੇ। ਇਸ ਲਈ ਇਸ ਰੋਗ ਦੇ ਪ੍ਰਤੀ ਜ਼ਿਆਦਾ ਗੰਭੀਰ ਹੋਣ ਤੋਂ ਚੰਗਾ ਹੈ ਇਸ ਦੇ ਪ੍ਰਤੀ ਸਾਵਧਾਨੀ ਵਰਤੀ ਜਾਵੇ। ਇਸ ਦਾ ਸਭ ਤੋਂ ਜ਼ਿਆਦਾ ਅਸਰ 50 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਵਿਚ ਦੇਖਿਆ ਗਿਆ ਹੈ, ਜਿਨ੍ਹਾਂ ਦੀ ਰੋਗਾਂ ਨਾਲ ਲੜਣ ਦੀ ਸਮਰੱਥਾ ਨੌਜਵਾਨਾਂ ਤੋਂ ਕਾਫੀ ਘੱਟ ਹੁੰਦੀ ਹੈ।

ਭੀੜ ਤੋਂ ਦੂਰੀ ਰੱਖਣਾ ਉਚਿੱਤ
ਦਸਮੇਸ਼ ਹਸਪਤਾਲ ਦੇ ਪ੍ਰਮੁੱਖ ਮਾਹਰ ਡਾ. ਮਨਪ੍ਰੀਤ ਸਿੰਘ ਮੁਤਾਬਕ ਕਿਸੇ ਵੀ ਬੀਮਾਰੀ ਜਾਂ ਫਲੂ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਆਪਣੇ ਆਪ ਨੂੰ ਅਤੇ ਆਸ-ਪਾਸ ਦੀ ਸਫਾਈ ਰੱਖਣਾ ਹੈ। ਕੋਰੋਨਾ ਵਾਇਰਸ ਗੰਦਗੀ ਅਤੇ ਭੀੜ ਵਾਲੀਆਂ ਥਾਵਾਂ ਤੋਂ ਆਰੰਭ ਹੋਇਆ। ਹਰ ਵਿਅਕਤੀ ਨੂੰ ਸਮਝਣਾ ਚਾਹੀਦਾ ਹੈ ਕਿ ਭੀੜ ਤੋਂ ਦੂਰੀ ਬਣਾ ਕੇ ਰੱਖੀ ਜਾਵੇ।


rajwinder kaur

Content Editor

Related News