ਦੋਰਾਹਾ ''ਚ ਕੋਰੋਨਾ ਵਾਇਰਸ ਨੇ ਫਿਰ ਦਿੱਤੀ ਦਸਤਕ, 2 ਹੋਰ ਪਾਜ਼ੇਟਿਵ ਮਰੀਜ਼ ਮਿਲੇ
Wednesday, May 13, 2020 - 07:45 PM (IST)
ਦੋਰਾਹਾ (ਵਿਨਾਇਕ) : ਰੈੱਡ ਜ਼ੋਨ ਵਿਚ ਚੱਲ ਰਹੇ ਦੋਰਾਹਾ ਸ਼ਹਿਰ 'ਚ ਅੱਜ ਫਿਰ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ ਅਤੇ 2 ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚ ਇਕ ਦੋਰਾਹਾ ਦੇ ਕੈਲਾਸ਼ ਨਗਰ ਦਾ ਰਹਿਣ ਵਾਲਾ 39 ਸਾਲਾ ਵਿਅਕਤੀ ਹੈ ਜਦਕਿ ਦੂਸਰਾ 25 ਸਾਲਾ ਵਿਅਕਤੀ ਨੇੜਲੇ ਪਿੰਡ ਕੱਦੋਂ ਦੇ ਪੋਸਟ ਆਫਿਸ ਮੁਹੱਲੇ 'ਚ ਰਹਿਣ ਵਾਲਾ ਹੈ। ਇਹ ਦੋਵੇਂ ਲੁਧਿਆਣਾ ਦੀ ਟਾਇਰ ਫੈਕਟਰੀ ਨਾਲ ਸਬੰਧਿਤ ਦੱਸੇ ਜਾ ਰਹੇ ਹਨ, ਜਿਹੜੇ ਟਾਇਰ ਫੈਕਟਰੀ ਦੇ ਮੈਨੇਜਰ ਕੋਵਿਡ 19 ਪਾਜ਼ੇਟਿਵ ਦੇ ਸੰਪਰਕ ਵਿਚ ਆਏ ਸਨ। ਪਾਇਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਪ੍ਰੀਤ ਸੇਖੋਂ ਨੇ ਇਨ੍ਹਾਂ ਕੇਸਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇੰਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੰਤਰੀਆਂ ਨਾਲ ਵਿਵਾਦ 'ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ 'ਤੇ ਡਿੱਗੀ ਗਾਜ
ਦੋਰਾਹਾ ਖੇਤਰ 'ਚ ਇਨ੍ਹਾਂ ਦੋ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਹਿਤਿਆਤ ਵਜੋਂ ਦੋਵੇਂ ਇਲਾਕਿਆਂ ਦੇ ਮੁਹੱਲਿਆਂ ਨੂੰ ਮੁਕੰਮਲ ਤੌਰ 'ਤੇ ਸੀਲ ਕਰ ਦਿੱਤਾ ਹੈ। ਇਸ ਖ਼ਬਰ ਦੇ ਅੱਗ ਵਾਂਗ ਫੈਲਣ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਹੀ ਪ੍ਰਸ਼ਾਸਨ ਦੀ ਚਿੰਤਾ ਵੀ ਕਾਫੀ ਵੱਧ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਾਇਲ ਦੇ 58 ਸਾਲਾ ਮਾਲ ਵਿਭਾਗ ਦੇ ਕਾਨੂੰਗੋ ਗੁਰਮੇਲ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਦਿਲ ਦਾ ਦੌਰਾ ਪੈਣ ਕਾਰਨ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ ਵਿਚ ਮੌਤ ਹੋ ਗਈ ਸੀ ਜਦਕਿ ਦੋਰਾਹਾ ਖੇਤਰ ਨਾਲ ਸਬੰਧਤ ਪਿੰਡ ਰਾਜਗੜ੍ਹ ਦੇ ਤਬਲੀਗੀ ਜਮਾਤੀ ਲਿਆਕਤ ਅਲੀ ਅਤੇ ਦੋਰਾਹਾ ਦੀ ਬੀ.ਡੀ.ਪੀ.ਓ. ਮੈਡਮ ਨਵਦੀਪ ਕੌਰ (ਪੀ.ਸੀ.ਐਸ.) ਲੁਧਿਆਣਾ ਦੇ ਸਿਵਲ ਹਸਪਤਾਲ 'ਚ ਕੋਰੋਨਾ ਨੂੰ ਹਰਾ ਕੇ ਆਪਣੇ ਘਰ ਪੁੱਜ ਗਏ ਹਨ। ਇਸ ਤੋਂ ਇਲਾਵਾ ਨਾਂਦੇੜ ਸਾਹਿਬ ਤੋਂ ਪਰਤੀ ਸੰਗਤ 'ਚ ਸ਼ਾਮਲ ਦੋਰਾਹਾ ਸ਼ਹਿਰ ਦੇ 2 ਸ਼ਰਧਾਲੂਆਂ ਦੀ ਰਿਪਰੋਟ ਪਾਜ਼ੇਟਿਵ ਆਈ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਇਕ ਹੋਰ ਚੰਗੀ ਖਬਰ, 22 ਮਰੀਜ਼ਾਂ ਨੇ ਹਰਾਇਆ 'ਕੋਰੋਨਾ'