ਕੋਰੋਨਾ ਕਾਰਨ ਪੰਜਾਬ ਦੇ ਹਾਲਾਤ ਬਣੇ ਨਾਜ਼ੁਕ, ਲੋਕ ਘਰਾਂ ''ਚ ਬੈਠੇ ਕਰ ਰਹੇ ਅਰਦਾਸਾਂ
Monday, Mar 23, 2020 - 06:40 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਹਰ ਪਾਸੇ ਮਚੀ ਕੋਰੋਨਾ ਦੀ ਹਾਹਾਕਾਰ ਦੇ ਚਲਦਿਆਂ ਦੇਸ਼ ਦੀ ਤਸਵੀਰ ਬਦਲ ਚੁੱਕੀ ਹੈ। ਦੇਸ਼ ਦੇ ਵੱਡੇ ਵਪਾਰਿਕ ਅਦਾਰੇ, ਜਨਤਕ ਥਾਵਾਂ 'ਤੇ ਸੁੰਨਸਾਨ ਪਸਰ ਚੁੱਕੀ ਹੈ, ਜਿਸ ਕਰਕੇ ਦੇਸ਼ ਦੀ ਅਰਥਵਿਵਸਥਾ ਦਾ ਗ੍ਰਾਫ ਕੁੱਝ ਸਮੇਂ ਲਈ ਥਮ ਗਿਆ ਹੈ। ਚੀਨ ਵਾਂਗ ਇਟਲੀ, ਇੰਗਲੈਂਡ, ਫਰਾਂਸ ਆਦਿ ਦੇਸ਼ਾਂ ਦੀ ਤਰ੍ਹਾਂ ਕੋਰੋਨਾ ਵਾਇਰਸ ਦੀ ਭਾਰਤ ਅੰਦਰ ਮੌਜੂਦਗੀ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾ ਨੂੰ ਹਰਾਉਣ ਲਈ ਵਿਸ਼ੇਸ਼ ਤੌਰ 'ਤੇ 22 ਮਾਰਚ 2020 ਵਾਲੇ ਦਿਨ ਇਕ ਦਿਨਾਂ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਸੀ। ਇਹ ਦੇਸ਼ ਭਰ ਅੰਦਰ ਸਫ਼ਲ ਰਿਹਾ ਪਰ ਤੁਰੰਤ ਬਾਅਦ ਹੀ ਕਈ ਸੂਬਿਆਂ ਵਿਚ ਲਾਕਡਾਊਨ ਦੇ ਆਏ ਸਰਕਾਰੀ ਸੁਨੇਹੇ ਨੇ ਹਰ ਵਿਅਕਤੀ ਲਈ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਾਸੀ ਅਜਿਹਾ ਕੁੱਝ ਪਹਿਲੀ ਵਾਰ ਨਹੀਂ ਭੋਗ ਰਹੇ। 22 ਮਾਰਚ ਨੂੰ ਜਨਤਾ ਕਰਫ਼ਿਊ ਤੋਂ ਬਾਅਦ ਸੂਬੇ ਅੰਦਰ 31 ਮਾਰਚ ਤੱਕ ਲਾਕਡਾਊਨ ਦੀ ਸਥਿਤੀ ਨੇ ਲੋਕਾਂ ਨੂੰ ਕਾਲੇ ਦੌਰ ਦੀ ਯਾਦ ਦੁਆ ਦਿੱਤੀ ਹੈ। ਲੋਕ ਘਰਾਂ ਵਿਚ ਬੈਠ ਕੇ ਅਰਦਾਸਾਂ ਕਰ ਰਹੇ ਹਨ ਅਤੇ ਜਲਦ ਹਾਲਾਤ ਅਨੁਕੂਲ ਹੋਣ ਦੀ ਕਾਮਨਾ ਕਰ ਰਹੇ ਹਨ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦਾ ਖੁਲਾਸਾ ਕੁਝ ਦਿਨ ਪਹਿਲਾਂ ਇਟਲੀ ਤੋਂ ਪਰਤੀ ਹੈ ਬੀਬੀ ਜਗੀਰ ਕੌਰ
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਮਿੱਥੇ ਸਮੇਂ ਦਾ ਕਰਫ਼ਿਊ ਲੰਬੇ ਦਿਨਾਂ ਲਈ ਵਧਾਇਆ ਹੋਵੇ। ਪੰਜਾਬ ਅੰਦਰ 22 ਮਾਰਚ ਨੂੰ ਜਨਤਾ ਕਰਫ਼ਿਊ ਦਾ ਪੂਰਾ ਪ੍ਰਭਾਵ ਰਿਹਾ, ਜਦੋਂਕਿ ਅੱਧੀ ਰਾਤ ਤੋਂ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਰੀ ਫੈਸਲਾ ਲੈਂਦਿਆਂ ਸੂਬੇ ਅੰਦਰ ਲਾਕਡਾਊਨ ਲਾਗੂ ਕਰ ਦਿੱਤਾ, ਜਿਸਦਾ ਅਸਰ ਸਿੱਧੇ ਤੌਰ 'ਤੇ ਹਰ ਨਾਗਰਿਕ 'ਤੇ ਪੈ ਰਿਹਾ ਹੈ। ਲੋਕਾਂ ਅੰਦਰ ਖ਼ਾਣ ਪੀਣ ਦੇ ਲਾਲੇ ਪਏ ਹਨ ਅਤੇ ਹਰ ਪਾਸੇ ਰਾਸ਼ਨ ਲਈ ਹਫੜਾ-ਦਫ਼ੜੀ ਵਿਖਾਈ ਦੇ ਰਹੀ ਹੈ। ਸੂਬਾ ਸਰਕਾਰ ਦੇ ਹੁਕਮਾਂ ਦੇ ਚਲਦਿਆਂ ਸਾਰੇ ਜ਼ਿਲਿਆਂ ਵਿਚ ਸ਼ਨੀਵਾਰ ਤੋਂ ਹੀ ਸਖਤੀ ਵਧਾ ਦਿੱਤੀ ਗਈ ਸੀ, ਜੋ ਹੁਣ 31 ਮਾਰਚ ਤੱਕ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੱਗਾ ਕਰਫਿਊ, ਹਰ ਤਰ੍ਹਾਂ ਦੀ ਰਿਆਇਤ 'ਤੇ ਰੋਕ
ਇਥੇ ਇਹ ਵੀ ਦੱਸਣਯੋਗ ਹੈ ਕਿ 1984 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਦਿਨਾ ਕਰਫ਼ਿਊ ਨੂੰ ਸਰਕਾਰ ਵੱਲੋਂ ਵਧਾਇਆ ਗਿਆ ਹੋਵੇ। ਹੋਰਨਾਂ ਦੇਸ਼ਾਂ ਦੀ ਤਰ੍ਹਾਂ ਭਾਰਤ ਅੰਦਰ ਵੀ ਅੱਜ ਕੋਰੋਨਾ ਵਾਇਰਸ ਦਾ ਆਤੰਕ ਜਾਰੀ ਹੈ, ਜਿਸਦੇ ਹੱਲ ਲਈ ਵੱਖ-ਵੱਖ ਦੇਸ਼ਾਂ ਦੇ ਖੋਜ ਅਧਿਕਾਰੀ ਇਸ ਵਾਇਰਸ ਦੇ ਇਲਾਜ ਲਈ ਖ਼ੋਜ਼ਾਂ ਕਰ ਰਹੇ ਹਨ। ਫ਼ਿਲਹਾਲ ਸੂਬੇ ਅੰਦਰ ਹਾਲਾਤ ਬੇਹੱਦ ਨਾਜ਼ੁਕ ਹਨ, ਲੋਕ ਘਰਾਂ ਅੰਦਰ ਅਰਦਾਸਾਂ ਕਰ ਰਹੇ ਹਨ ਤੇ ਜਲਦ ਤੋਂ ਜਲਦ ਹਾਲਾਤ ਠੀਕ ਹੋਣ ਦੀ ਕਾਮਨਾ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ : ਕਰਫਿਊ ਤੋਂ ਬਾਅਦ ਜਲੰਧਰ ਪੁਲਸ ਦੀ ਸਖਤੀ, ਨਿਯਮ ਤੋੜਨ ਵਾਲਿਆਂ ਨੂੰ ਬਣਾਇਆ ਮੁਰਗਾ (ਤਸਵੀਰਾਂ)