ਕਰਫਿਊ ਦੇ ਚੱਲਦਿਆਂ ਦਰ ਕਿਨਾਰੇ ਲੱਗੀ ਕੇਂਦਰ ਸਰਕਾਰ ਦੀ ''ਸਵੱਛਤਾ ਭਾਰਤ ਮੁਹਿੰਮ''

Saturday, Mar 28, 2020 - 12:51 PM (IST)

ਕਰਫਿਊ ਦੇ ਚੱਲਦਿਆਂ ਦਰ ਕਿਨਾਰੇ ਲੱਗੀ ਕੇਂਦਰ ਸਰਕਾਰ ਦੀ ''ਸਵੱਛਤਾ ਭਾਰਤ ਮੁਹਿੰਮ''

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਕੋਰੋਨਾ ਦਾ ਪ੍ਰਕੋਪ ਤੇ ਲੋਕਾਂ 'ਚ ਛਾਈ ਦਹਿਸ਼ਤ ਕਾਰਨ 22 ਮਾਰਚ ਵਾਲੇ ਦਿਨ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇੱਕ ਦਿਨ ਦੇ ਲਾਕਡਾਊਨ ਤੋਂ ਬਾਅਦ ਲੰਬੇ ਕੀਤੇ ਗਏ ਕਰਫ਼ਿਊ ਦੌਰਾਨ ਕਰੀਬ ਹਰ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਘਰ ਭੇਜ ਦਿੱਤਾ ਗਿਆ।ਅਜਿਹੇ 'ਚ ਸਫਾਈ ਕਰਮਚਾਰੀਆਂ ਦੇ ਨਾ ਹੋਣ ਕਾਰਨ ਕੇਂਦਰ ਸਰਕਾਰ ਦੀ 'ਸਵੱਛਤਾ ਭਾਰਤ ਮੁਹਿੰਮ' ਵੀ ਦਰ ਕਿਨਾਰੇ ਲੱਗ ਗਈ ਸੀ, ਪਰ ਹੁਣ ਜਦੋਂ ਕੇਂਦਰ ਸਰਕਾਰ ਵਲੋਂ ਕਰਫਿਊ ਨੂੰ 21 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਹੈ ਤਾਂ ਅਜਿਹੇ 'ਚ ਸਫਾਈ ਤੋਂ ਪਰੇਸ਼ਾਨ ਲੋਕਾਂ ਨੇ ਖੁਦ ਝਾੜੂ ਚੁੱਕ 'ਸਵੱਛਤਾ ਭਾਰਤ ਮੁਹਿੰਮ' ਦਾ ਇਕ ਵਾਰ ਫਿਰ ਨਾਅਰਾ ਮਾਰਿਆ ਹੈ। ਅਜਿਹੀ ਹੀ ਝਲਕ ਸ਼ਨੀਵਾਰ ਨੂੰ ਸਵੇਰ ਵੇਲੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਕਈ ਹਿੱਸਿਆਂ 'ਚ ਵੇਖਣ ਨੂੰ ਮਿਲੀ। ਦੱਸ ਦੇਈਏ ਕਿ ਕਰਫਿਊ ਦੇ ਚਲਦਿਆਂ ਸ਼ਹਿਰ ਅੰਦਰ ਸਫਾਈ ਕਰਮਚਾਰੀਆਂ ਦੇ ਨਾ ਆਉਣ ਕਾਰਨ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਅੰਦਰ ਗੰਦਗੀ ਪੈਦਾ ਹੋ ਰਹੀ ਸੀ। ਸੜਕਾਂ ਤੇ ਗਲੀਆਂ, ਮੁਹੱਲਿਆਂ 'ਚ ਕੂੜੇ ਦੇ ਢੇਰ ਲੱਗ ਗਏ ਸਨ, ਜਿਸ ਵੱਲ ਪ੍ਰਸ਼ਾਸਨ ਦਾ ਧਿਆਨ ਨਹੀਂ ਸੀ ਜਾ ਰਿਹਾ। ਅਜਿਹੇ 'ਚ ਸਫਾਈ ਪਸੰਦ ਲੋਕਾਂ ਨੇ ਖੁਦ ਝਾੜੂ ਚੁੱਕਦਿਆਂ ਸ਼ਹਿਰ ਦਾ ਨਕਸ਼ਾ ਹੀ ਬਦਲ ਦਿੱਤਾ ਹੈ। ਸਵੇਰ ਵੇਲੇ ਤੋਂ ਸ਼ੁਰੂ ਹੋਈ ਸਫਾਈ ਮੁਹਿੰਮ ਦੀ ਲਹਿਰ ਨਾਲ ਲੋਕ ਜੁੜਣ ਲੱਗੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਵੀ ਆਪਣੇ-ਆਪਣੇ ਮੁਹੱਲਿਆਂ 'ਚ ਸਫਾਈ ਅਭਿਆਨ ਸ਼ੁਰੂ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ: ਚੀਨ ਤੋਂ ਆਏ ਵਿਅਕਤੀ ਤੋਂ ਜਾਣੋਂ ਕੋਰੋਨਾ ਵਾਇਰਸ ਦੇ ਅਨੁਭਵ

ਲੋਕਾਂ ਮਿਲ ਕੇ ਕੀਤੀ ਮੁਹੱਲਿਆਂ ਦੀ ਸਫਾਈ
ਸ਼ਨੀਵਾਰ ਨੂੰ ਸਵੇਰ ਵੇਲੇ ਤੋਂ ਹੀ ਸਥਾਨਕ ਕੋਟਕਪੂਰਾ ਰੋਡ 'ਤੇ ਸਥਿਤ ਸੰਧੂ ਸਟਰੀਟ 'ਚ ਲੋਕਾਂ ਨੇ ਆਪਣੀਆਂ ਟੀਮਾਂ ਬਣਾ ਕੇ ਆਪਣੇ-ਆਪਣੇ ਮੁਹੱਲਿਆਂ ਵਿੱਚ ਸਫਾਈ ਅਭਿਆਨ ਸ਼ੁਰੂ ਕਰ ਦਿੱਤਾ। ਜਾਣਕਾਰੀ ਦਿੰਦਿਆਂ ਇਸ ਸਫ਼ਾਈ ਮੁਹਿੰਮ ਦੀ ਅਗਵਾਈ ਕਰ ਰਹੇਭੂਸ਼ਣ ਗਰਗ, ਵਿਜੇ ਵਰਮਾ ਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਕਰਫ਼ਿਊ ਕਾਰਨ ਪਿਛਲੇ ਕਈ ਦਿਨਾਂ ਤੋਂ ਸ਼ਹਿਰ 'ਚ ਸਫਾਈ ਕਰਮਚਾਰੀ ਨਹੀਂ ਆ ਰਹੇ, ਜਿਸ ਕਰਕੇ ਪਹਿਲਾਂ ਆਮ ਕੂੜਾ ਸੜਕਾਂ 'ਤੇ ਮਿਲਿਆ ਤੇ ਫ਼ਿਰ ਸ਼ੁੱਕਰਵਾਰ ਹੋਈ ਬਾਰਿਸ਼ ਨੇ ਮੁਹੱਲਿਆਂ, ਸੜਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ, ਜਿਸ ਨੂੰ ਵੇਖਦਿਆਂ ਉਨਾਂ ਵਿਚਾਰ ਕੀਤਾ ਕਿ ਕਰਫ਼ਿਊ ਦੇ ਚਲਦਿਆਂ ਕੇਂਦਰ ਸਰਕਾਰ ਦੀ 'ਸਵੱਛਤਾ ਭਾਰਤ ਮੁਹਿੰਮ'  ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਰਕੇ ਅੱਜ ਉਨਾਂ ਖੁਦ ਝਾੜੂ ਚੁੱਕੇ, ਜਿਸ ਤੋਂ ਬਾਅਦ ਟੀਮਾਂ ਬਣਾਈਆਂ ਗਈਆਂ ਤੇ ਆਪਣੇ-ਆਪਣੇ ਮੁਹੱਲਿਆਂ ਦੀ ਸਫਾਈ ਕੀਤੀ ਗਈ। ਉਨਾਂ ਦੱਸਿਆ ਕਿ ਸਫਾਈ ਕਰਨ ਸਮੇਂ ਸਰਕਾਰ ਤੇ ਪ੍ਰਸ਼ਾਸ਼ਨ ਦੀਆਂ ਕੋਰੋਨਾ ਨੂੰ ਲੈ ਕੇ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ। ਇਸ ਮੌਕੇ ਸਫਾਈ ਕਰਨ ਵਾਲਿਆਂ 'ਚ ਗੁਰਤੇਜ ਸਿੰਘ, ਸੁਖਦੇਵ ਸਿੰਘ, ਗੋਲਡੀ, ਸਾਰਥਿਕ, ਅਭੀ, ਹਰਮਨ ਤੇ ਸਿੰਪਲ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਸ਼ਰਾਬ ਦੀ ਭਾਲ 'ਚ ਨਿਕਲਿਆ ਸੀ ਵਿਅਕਤੀ, ਨਾ ਮਿਲਣ 'ਤੇ ਮਾਰੀ ਦਿੱਤੀ ਨਹਿਰ 'ਚ ਛਾਲ


author

Shyna

Content Editor

Related News