ਕੈਪਟਨ ਦੀ ਫੋਟੋ ਵਾਲਾ ਰਾਸ਼ਨ ਨੂੰ ਤਰਸੇ ਗਰੀਬ: ਬਸਪਾ ਆਗੂ

Tuesday, Apr 21, 2020 - 03:19 PM (IST)

ਸ਼ੇਰਪੁਰ (ਸਿੰਗਲਾ): ਜਦੋਂ ਦਾ ਕੋਰੋਨਾ ਵਾਇਰਸ ਫੈਲਿਆ ਹੈ ਅਤੇ ਕੇਂਦਰ ਸਰਕਾਰ ਨੇ ਇਸ ਦੀ ਰੋਕਥਾਮ ਲਈ ਲਾਕਡਾਊਨ ਦਾ ਐਲਾਨ ਕੀਤਾ ਹੈ ਉਦੋਂ ਤੋਂ ਹਰ ਰੋਜ਼ ਕਮਾ ਕੇ ਖਾਣ ਵਾਲੇ ਗਰੀਬਾਂ ਦੇ ਕੰਮ ਧੰਦੇ ਪੂਰੀ ਤਰ੍ਹਾਂ ਬੰਦ ਹੋ ਗਏ ਹਨ। ਉਨ੍ਹਾਂ ਕੋਲ ਜਿੰਨਾਂ ਕੁ ਰਾਸ਼ਨ ਸੀ ਉਹ ਮੁੱਕ ਚੱਲਿਆ ਹੈ। ਦੁਕਾਨਦਾਰਾਂ ਤੋਂ ਤਦ ਹੀ ਰਾਸ਼ਨ ਮਿਲ ਸਕਦਾ ਹੈ ਜੇਕਰ ਜੇਬ ਵਿੱਚ ਪੈਸੇ ਹੋਣਗੇ। ਭਾਵੇਂ ਕੁੱਝ ਸਮਾਜ ਸੇਵੀ ਸੰਸਥਾਵਾਂ, ਗੁਰੂ ਘਰਾਂ ਅਤੇ ਦਾਨੀ ਸੱਜਣਾਂ ਵੱਲੋਂ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਪਰ ਇਹ ਸਾਰੇ ਗਰੀਬਾਂ ਲਈ ਕਾਫੀ ਨਹੀਂ ਹੈ।

ਪੰਜਾਬ ਸਰਕਾਰ ਵਲੋਂ ਔਖੇ ਸਮੇਂ ਵਿੱਚ ਗਰੀਬ ਪਰਿਵਾਰਾਂ ਨਾਲ ਖੜ੍ਹਨ ਅਤੇ ਉਹਨਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਜ਼ਰੂਰੀ ਰਾਸ਼ਨ ਭੇਜੇ ਜਾਣ ਦੇ ਦਾਅਵੇ ਕੀਤੇ ਗਏ ਸਨ ਪਰ ਅਜੇ ਤੱਕ ਸ਼ੇਰਪੁਰ ਇਲਾਕੇ ਵਿੱਚ ਕੋਈ ਵੀ ਸਰਕਾਰੀ ਸਹਾਇਤਾ ਨਹੀਂ ਪਹੁੰਚੀ। ਬਸਪਾ ਆਗੂ ਸ੍ਰ. ਦਰਸ਼ਨ ਸਿੰਘ ਬਾਜਵਾ, ਡਾ. ਸਰਬਜੀਤ ਸਿੰਘ ਖੇੜੀ ਬਸਪਾ ਜ਼ਿਲਾ ਪ੍ਰਧਾਨ ਬਰਨਾਲਾ, ਡਾ. ਸੋਮਾ ਸਿੰਘ ਗੰਡੇਵਾਲ ਪ੍ਰਧਾਨ ਹਲਕਾ ਮਹਿਲ ਕਲਾਂ ਆਦਿ ਆਗੂਆਂ ਨੇ ਮੰਗ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵਾਲਾ ਰਾਸ਼ਨ ਪਿੰਡਾਂ ਵਿੱਚ ਭੇਜੇ ਤਾਂ ਜੋ ਗਰੀਬਾਂ ਦੀ ਮਦਦ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਖਰਚ ਕਰਨ ਦੇ ਅਧਿਕਾਰ ਤਾਂ ਦਿੱਤੇ ਹਨ ਪਰ ਜਿੰਨ੍ਹਾਂ ਪੰਚਾਇਤਾਂ ਕੋਲ ਆਮਦਨ ਦੇ ਸਾਧਨ ਹੀ ਨਹੀਂ ਹਨ ਉਨ੍ਹਾਂ ਲਈ ਯੋਗ ਪ੍ਰਬੰਧ ਕਰਨ ਵਿੱਚ ਸਰਕਾਰ ਦੀ ਨੀਤੀ ਟਾਲ ਮਟੋਲ ਵਾਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਤਿੰਨ ਹਜ਼ਾਰ ਰੁਪਏ ਭੇਜਣ ਦਾ ਫੈਸਲਾ ਚੰਗਾ ਹੈ ਪਰ ਇਹ ਕੇਵਲ ਰਜਿਸਟਰਡ ਮਜ਼ਦੂਰਾਂ ਨੂੰ ਹੀ ਮਿਲੇਗਾ। ਜਦਕਿ ਸਹਾਇਤਾ ਦੀ ਜ਼ਰੂਰਤ ਤਾਂ ਹਰ ਗਰੀਬ ਨੂੰ ਹੈ ਭਾਵੇਂ ਉਹ ਰਜਿਸਟਰਡ ਨਾ ਵੀ ਹੋਵੇ।


Shyna

Content Editor

Related News