ਬਰਨਾਲਾ ''ਚ ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਮਰੀਜ਼ ਆਏ ਸਾਹਮਣੇ, ਦੋ ਪੁਲਸ ਮੁਲਾਜ਼ਮ ਵੀ ਸ਼ਾਮਲ
Tuesday, Mar 24, 2020 - 06:34 PM (IST)
ਬਰਨਾਲਾ (ਵਿਵੇਕ ਸਿੰਧਵਾਨੀ) : ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਮਰੀਜ਼ ਹੋਰ ਸਾਹਮਣੇ ਆਏ ਹਨ। ਜਿਨ੍ਹਾਂ ਨੂੰ ਇਲਾਜ ਲਈ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਦੋ ਪੁਲਸ ਕਰਮਚਾਰੀ ਵੀ ਸ਼ਾਮਲ ਹਨ। ਇਕ ਪੁਲਸ ਮੁਲਾਜ਼ਮ ਭਦੌੜ ਥਾਣੇ ਵਿਚ ਤਾਇਨਾਤ ਹੈ ਜਦਕਿ ਤੀਸਰਾ ਮਰੀਜ਼ ਇਕ ਬਜ਼ੁਰਗ ਹੈ ਜੋ ਕਿ ਧਨੇਰ ਕਲਾਂ ਦਾ ਵਾਸੀ ਹੈ। ਇਹ ਤਿੰਨੇ ਵਿਅਕਤੀ ਹੋਲਾ ਮਹੱਲਾ ਤੋਂ ਵਾਪਸ ਆਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਜੋਤੀ ਕੌਸ਼ਲ ਨੇ ਕਿਹਾ ਕਿ ਉਕਤ ਤਿੰਨਾਂ ਮਰੀਜ਼ਾਂ ਦੇ ਟੈਸਟ ਲਏ ਜਾ ਰਹੇ ਹਨ। ਕੱਲ•ਤੱਕ ਇਨ੍ਹਾਂ ਮਰੀਜ਼ਾਂ ਦੀ ਰਿਪੋਰਟ ਆ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ 9 ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 5 ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂ ਕਿ ਚਾਰ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨੇ ਘੇਰਿਆ ਪੰਜਾਬ, ਇਕੋ ਦਿਨ 'ਚ 6 ਮਾਮਲੇ ਪਾਜ਼ੇਟਿਵ
ਦੱਸਣਯੋਗ ਹੈ ਕਿ ਹੁਣ ਤਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ 29 ਮਰੀਜ਼ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਰੀਜ਼ ਉਹੀ ਹਨ ਜਿਹੜੇ ਮ੍ਰਿਤਕ ਬਲਦੇਵ ਸਿੰਘ ਨਾਲ ਸੰਪਰਕ ਵਿਚ ਰਹੇ ਸਨ। ਇਸ ਤੋਂ ਇਲਾਵਾ ਦੁਨੀਆ ਭਰ ਵਿਚ ਕੋਰੋਨਾ ਕਾਰਨ ਲਗਭਗ 16000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ ਭਾਰਤ ਵਿਚ ਹੁਣ ਤਕ 10 ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਹਨ। ਪੰਜਾਬ ਵਿਚ ਕੋਰੋਨਾ ਦਾ ਪ੍ਰਭਾਵ ਵਧਣ ਤੋਂ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਕਰਫਿਊ ਦੌਰਾਨ ਕਿਸੇ ਨੂੰ ਵੀ ਕਿਸੇ ਕਿਸਮ ਦੀ ਛੋਟ ਨਹੀਂ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜ਼ਿਲਾ ਜਲੰਧਰ ਦੇ ਤਿੰਨ ਮਰੀਜ਼ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਵਿਰਕ ਪੂਰੀ ਤਰ੍ਹਾਂ ਸੀਲ