ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਕਰਫਿਊ ਕਾਰਨ ਅੰਮ੍ਰਿਤਸਰ ''ਚ 1 ਦੀ ਮੌਤ
Saturday, Mar 28, 2020 - 06:31 PM (IST)
ਅੰਮ੍ਰਿਤਸਰ (ਦਲਜੀਤ) : ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਨੇ ਇਕ ਬਜ਼ੁਰਗ ਦੀ ਜਾਨ ਲੈ ਲਈ ਹੈ। ਬਜ਼ੁਰਗ ਦੀ ਜਾਨ ਬਚਾਉਣ ਲਈ ਗੁਆਂਢੀਆਂ ਨੇ 108 ਐਂਬੂਲੈਂਸ ਅਤੇ 100 ਨੰਬਰ ਸਮੇਤ ਸਰਕਾਰ ਵਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ 104 'ਤੇ ਕਈ ਵਾਰ ਫੋਨ ਕੀਤਾ ਪਰ ਕਿਸੇ ਨੇ ਵੀ ਗੰਭੀਰ ਬਿਮਾਰ ਬਜ਼ੁਰਗ ਦੀ ਸਾਰ ਲਈ ਗੰਭੀਰਤਾ ਨਹੀਂ ਦਿਖਾਈ। ਉਧਰ ਸਰਕਾਰ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਬਾਵਜੂਦ ਜ਼ਿਲਿਆਂ ਦੇ ਜ਼ਿਆਦਾਤਰ ਮੈਡੀਕਲ ਸਟੋਰ ਮਾਲਕ ਅਜੇ ਵੀ ਆਪਣੀਆਂ ਦੁਕਾਨਾਂ ਨਹੀਂ ਖੋਲ੍ਹ ਰਹੇ ਹਨ, ਜਿਸ ਕਾਰਨ ਦਵਾਈ ਨਾ ਮਿਲਣ ਕਰੇਕ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ।
ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ
ਮਿਲੀ ਜਾਣਕਾਰੀ ਅਨੁਸਾਰ ਲੋਹਾਰਕਾ ਰੋਡ ਦੇ ਰਹਿਣ ਵਾਲੇ ਬਲਵਿੰਦਰ ਸਿੰਘ (60) ਆਪਣੀ ਪਤਨੀ ਨਾਲ ਘਰ ਵਿਚ ਰਹਿੰਦਾ ਸੀ। ਦੋ ਧੀਆਂ ਦਾ ਵਿਆਹ ਹੋ ਚੁੱਕਾ ਹੈ। ਅੱੱਜ ਸਵੇਰੇ ਬਲਵਿੰਦਰ ਸਿੰਘ ਨੂੰ ਤੇਜ਼ ਬੁਖਾਰ ਚੜ੍ਹਨ ਕਾਰਨ ਅਚਾਨਕ ਉਸ ਦੀ ਸਿਹਤ ਵਿਗੜ ਗਈ। ਬੁਖਾਰ ਅਤੇ ਖੰਘ ਹੋਣ ਕਰਕੇ ਉਸ ਦੀ ਪਤਨੀ ਨੇ ਗੁਆਂਢੀਆਂ ਤੋਂ ਮਦਦ ਮੰਗੀ। ਗੁਆਂਢ 'ਚ ਰਹਿਣ ਵਾਲੇ ਧਰਮਿੰਦਰ ਕੁਮਾਰ ਅਨੁਸਾਰ ਉਨ੍ਹਾਂ ਨੇ ਬਜ਼ੁਰਗ ਦੀ ਜਾਨ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਨਾ ਤਾਂ ਸਰਕਾਰੀ ਤੰਤਰ ਨੇ ਸਾਥ ਦਿੱਤਾ ਅਤੇ ਨਾ ਹੀ ਸਮੇਂ 'ਤੇ 108 ਐਂਬੂਲੈਂਸ ਸੇਵਾ ਆਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ 108 'ਤੇ ਕਈ ਵਾਰ ਫੋਨ ਕੀਤਾ ਪਰ ਐਂਬੂਲੈਂਸ ਸੇਵਾ ਨਹੀਂ ਆਈ। ਇਸ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਸਿਹਤ ਸੇਵਾਵਾਂ ਲਈ ਜਾਰੀ ਕੀਤੇ 104 ਨੰਬਰ 'ਤੇ ਵੀ ਕਾਲ ਕਰਕੇ ਮਰੀਜ਼ ਦਾ ਇਲਾਜ ਕਰਵਾਉਣ ਦੀ ਗੁਹਾਰ ਲਗਾਈ। ਇਸ ਤੋਂ ਬਾਅਦ 100 ਨੰਬਰ 'ਤੇ ਵੀ ਫੋਨ ਕੀਤਾ। ਕਿਤੋਂ ਕੋਈ ਜਵਾਬ ਨਹੀਂ ਆਇਆ। ਕਰਫਿਊ ਕਰਕੇ ਸ਼ਹਿਰ ਦੇ ਮੈਡੀਕਲ ਸਟੋਰ ਵੀ ਬੰਦ ਸਨ, ਇਸ ਲਈ ਬਲਵਿੰਦਰ ਸਿੰਘ ਲਈ ਦਵਾਈ ਦਾ ਪ੍ਰਬੰਧ ਨਹੀਂ ਕੀਤਾ ਜਾ ਸਕਿਆ। ਜਿਸ ਕਾਰਨ ਬਲਵਿੰਦਰ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕਰਫਿਊ ਦਰਮਿਆਨ ਵਾਇਰਲ ਹੋਈ ਤਰਨਤਾਰਨ ਗੁਰਦੁਆਰਾ ਸਾਹਿਬ ਦੀ ਵੀਡੀਓ, ਉੱਠੇ ਸਵਾਲ
ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਕੋਰੋਨਾ ਵਾਇਰਸ ਨੂੰ ਲੈ ਕੇ ਮੁਸਤੈਦ ਹੋਣ ਦਾ ਦਾਅਵਾ ਕਰ ਰਹੀ ਹੈ, ਦੂਜੇ ਪਾਸੇ ਗੰਭੀਰ ਬਿਮਾਰ ਲੋਕਾਂ ਨੂੰ ਸਿਹਤ ਸਿਵਾਵਾਂ ਤਕ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ, ਜਿਸ ਕਾਰਨ ਉਹ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅੰਮ੍ਰਿਤਸਰ ਵਿਚ ਕਰਫਿਊ ਨਾ ਹੁੰਦਾ ਤਾਂ ਆਪਣੀ ਗੱਡੀ ਵਿਚ ਬਜ਼ੁਰਗ ਨੂੰ ਹਸਪਤਾਲ ਪਹੁੰਚਾਇਆ ਜਾ ਸਕਦਾ ਸੀ।
ਕੀ ਕਹਿਣਾ ਹੈ ਸਿਵਲ ਸਰਜਨ ਦਾ
ਇਸ ਸੰਬੰਧੀ ਜਦੋਂ ਸਿਵਲ ਸਰਜਨ ਡਾਕਟਰ ਪ੍ਰਭਦੀਪ ਕੌਰ ਜੌਹਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਵਾਈਆਂ ਤਾਂ ਅਸੀਂ ਘਰ-ਘਰ ਪਹੁੰਚਾ ਰਹੇ ਹਾਂ। ਉਂਝ ਮੈਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ। ਉਧਰ ਦੂਜੇ ਪਾਸੇ ਪ੍ਰਸ਼ਾਸਨ ਵਲੋਂ ਮੈਡੀਕਲ ਸਟੋਰਾਂ ਅਤੇ ਡਾਕਟਰਾਂ ਨੂੰ ਕਲੀਨਿਕ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ ਪਰ ਕੋਰੋਨਾ ਵਾਇਰਸ ਦੇ ਚੱਲਦੇ ਲੋਕਾਂ 'ਚ ਇੰਨੀ ਦਹਿਸ਼ਤ ਹੈ ਕਿ ਉਹ ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਮੈਡੀਕਲ ਸਟੋਰ ਨਹੀਂ ਖੋਲ੍ਹ ਰਹੇ।
ਇਹ ਵੀ ਪੜ੍ਹੋ : ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਠੀਕ ਹੋਣ ''ਤੇ ਹਸਪਤਾਲ ''ਚੋਂ ਛੁੱਟੀ ਦੇਣ ''ਤੇ ਵਿਵਾਦ