ਕੋਰੋਨਾ ਵਾਇਰਸ : ਵੈਂਟੀਲੇਟਰ ਦੀ ਸੁਵਿਧਾ ਨਾ ਹੋਣ ਕਾਰਣ ਪ੍ਰਸ਼ਾਸਨ ਦੀਆਂ ਤਿਆਰੀਆਂ ਦੀ ਖੁੱਲ੍ਹੀ ਪੋਲ

Thursday, Mar 19, 2020 - 06:18 PM (IST)

ਕੋਰੋਨਾ ਵਾਇਰਸ : ਵੈਂਟੀਲੇਟਰ ਦੀ ਸੁਵਿਧਾ ਨਾ ਹੋਣ ਕਾਰਣ ਪ੍ਰਸ਼ਾਸਨ ਦੀਆਂ ਤਿਆਰੀਆਂ ਦੀ ਖੁੱਲ੍ਹੀ ਪੋਲ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਪੂਰੇ ਵਿਸ਼ਵ ’ਚ ਕੋਰੋਨਾ ਵਾਇਰਸ ਦੀ ਬੀਮਾਰੀ ਫੈਲੀ ਹੋਈ ਹੈ। ਭਾਰਤ ’ਚ ਵੀ ਇਸ ਬੀਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ। ਹੁਣ ਤੱਕ ਜ਼ਿਲਾ ਬਰਨਾਲਾ ’ਚ 4 ਸ਼ੱਕੀ ਮਰੀਜ਼ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ 3 ਦੀ ਰਿਪੋਰਟ ਨੈਗਟਿਵ ਆ ਚੁੱਕੀ ਹੈ। ਚੌਥਾ ਮਰੀਜ਼ ਅੱਜ ਹੀ ਸਿਵਲ ਹਸਪਤਾਲ ਬਰਨਾਲਾ ’ਚ ਦਾਖਲ ਕੀਤਾ ਗਿਆ ਹੈ। ਇਹ ਨੌਜਵਾਨ ਦੁਬਈ ਤੋਂ 7 ਮਾਰਚ ਨੂੰ ਆਪਣੇ ਪਿੰਡ ਠੁੱਲੀਵਾਲ ਵਿਖੇ ਆਇਆ ਸੀ। ਇਸ ਤੋਂ ਪਹਿਲਾਂ ਦੁਬਈ ’ਚ ਉਸਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾ ਚੁੱਕਾ ਹੈ। ਇਸ ਮਰੀਜ਼ ਨੂੰ ਖਾਂਸੀ ਹੈ। ਇਸ ਸਮੇਂ ਪੂਰੇ ਦੇਸ਼ ’ਚ ਇਸ ਬੀਮਾਰੀ ਨਾਲ ਲੜਣ ਲਈ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਸਰਕਾਰ ਵਲੋਂ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ ਇਸ ਬੀਮਾਰੀ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਹਨ ਪਰ ਬਰਨਾਲਾ ’ਚ ਇਸ ਬੀਮਾਰੀ ਨਾਲ ਨਿਪਟਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਇਥੋਂ ਤੱਕ ਕਿ ਜ਼ਿਲੇ ਦਾ ਹਸਪਤਾਲ ਹੁੰਦਿਆਂ ਹੋਇਆ ਇਥੇ ਇਕ ਵੀ ਵੈਂਟੀਲੇਟਰ ਨਹੀਂ,ਜਦੋਂਕਿ ਗੰਭੀਰ ਹਾਲਤ ਦੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੁੰਦੀ ਹੈ। ਇਸ ਕਾਰਣ ਜ਼ਿਲਾ ਹੈਲਥ ਵਿਭਾਗ ਦੇ ਕੋਰੋਨਾ ਵਾਇਰਸ ਦੀ ਬੀਮਾਰੀ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਕਰਨ ਦੀ ਪੋਲ ਖੁੱਲ੍ਹਦੀ ਹੈ।

ਜ਼ਿਲੇ ਦੀ ਆਬਾਦੀ ਸਾਢੇ 6 ਲੱਖ, ਮਰੀਜ਼ਾਂ ਲਈ ਬੈੱਡ ਸਿਰਫ 10
ਬਰਨਾਲਾ ਜ਼ਿਲੇ ਦੀ ਆਬਾਦੀ ਸਾਢੇ ਛੇ ਲੱਖ ਤੋਂ ਉਪਰ ਹੈ। ਜ਼ਿਲੇ ’ਚੋਂ ਵੱਡੀ ਗਿਣਤੀ ’ਚ ਲੋਕ ਵਿਦੇਸ਼ਾਂ ’ਚ ਗਏ ਹੋਏ ਹਨ। ਵਿਦੇਸ਼ਾਂ ’ਚ ਇਹ ਬੀਮਾਰੀ ਭਿਆਨਕ ਰੂਪ ’ਚ ਫੈਲੀ ਹੋਈ ਹੈ। ਖਾਸ ਕਰ ਯੂਰਪੀ ਦੇਸ਼ ਚੀਨ ਅਤੇ ਈਰਾਨ ਵਿਚ ਬੀਮਾਰੀ ਭਿਆਨਕ ਰੂਪ ਲੈ ਚੁੱਕੀ ਹੈ। ਬਰਨਾਲਾ ਜ਼ਿਲੇ ’ਚ ਸਿਰਫ ਦਸ ਬੈੱਡ ਇਨ੍ਹਾਂ ਮਰੀਜ਼ਾਂ ਲਈ ਰਿਜਰਵ ਰੱਖੇ ਗਏ ਹਨ। ਜਿਸ ’ਚੋਂ ਬਰਨਾਲਾ ਹਸਪਤਾਲ ਵਿਚ 4 ਬੈੱਡ ਸਿਵਲ ਹਸਪਤਾਲ ਬਰਨਾਲਾ ਵਿਚ, 2 ਬੈੱਡ ਤਪਾ ਵਿਚ, 2 ਬੈੱਡ ਮਹਿਲ ਕਲਾਂ ਵਿਚ, ਅਤੇ ਦੋ ਬੈੱਡ ਧਨੌਲਾ ਵਿਖੇ ਰੱਖੇ ਗਏ ਹਨ। ਆਬਾਦੀ ਨੂੰ ਦੇਖਦਿਆਂ ਹੋਇਆਂ ਇਹ ਗਿਣਤੀ ਬਹੁਤ ਘੱਟ ਹੈ।

ਸਾਹ ਉਖੜਣ ਵਾਲੇ ਮਰੀਜ਼ਾਂ ਨੂੰ ਰੱਖਣਾ ਪੈਂਦਾ ਹੈ ਵੈਂਟੀਲੇਟਰ ’ਤੇ
ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜ਼ ਦਾ ਜੇਕਰ ਸਾਹ ਉਖੜ ਜਾਵੇ ਤਾਂ ਉਸਨੂੰ ਵੈਂਟੀਲੇਟਰ ’ਤੇ ਰੱਖਣਾ ਪੈਂਦਾ ਹੈ ਪਰ ਹਸਪਤਾਲ ’ਚ ਇਹ ਸੁਵਿਧਾ ਉਪਲੱਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਖੰਘ, ਜੁਕਾਮ ਅਤੇ ਬੁਖਾਰ ਦੇ ਮਰੀਜ਼ਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਜ਼ਰੂਰੀ ਨਹੀਂ ਕਿ ਇਹ ਚੀਜਾਂ ਹੋਣ ’ਤੇ ਕਰੋਨਾ ਵਾਇਰਸ ਦੀ ਬੀਮਾਰੀ ਹੋਵੇ ਪਰ ਇਨ੍ਹਾਂ ਮਰੀਜ਼ਾਂ ਨੂੰ ਫੌਰੀ ਤੌਰ ’ਤੇ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ ਹੈ।  

ਵੈਂਟੀਲੇਟਰ ਨਾ ਹੋਣ ਕਾਰਣ ਗੰਭੀਰ ਹਾਲਤ ਦੇ ਮਰੀਜ਼ਾਂ ਨੂੰ ਜਾਣਾ ਪੈਂਦਾ ਹੈ ਬਾਹਰ
ਦਰਸ਼ਨ ਨੈਣੇਵਾਲੀਆ ਨੇ ਕਿਹਾ ਕਿ ਸਿਵਲ ਹਸਪਤਾਲ ਬਰਨਾਲਾ ਜ਼ਿਲੇ ਦਾ ਹਸਪਤਾਲ ਹੈ। ਇਸਦੇ ਬਾਵਜੂਦ ਹਸਪਤਾਲ ’ਚ ਵੈਂਟੀਲੇਟਰ ਦੀ ਸੁਵਿਧਾ ਉਪਲੱਬਧ ਨਹੀਂ, ਜਿਸ ਕਾਰਣ ਮਰੀਜ਼ਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਬਾਹਰ ਜਾਣਾ ਪੈਂਦਾ ਹੈ। ਹਸਪਤਾਲ ’ਚ ਵੈਂਟੀਲੇਟਰ ਹੋਣਾ ਪਹਿਲੀ ਬੁਨਿਆਦੀ ਸਹੂਲਤ ਹੈ। ਇਸਨੂੰ ਸਰਕਾਰ ਪਹਿਲ ਦੇ ਆਧਾਰ ’ਤੇ ਉਪਲਬਧ ਕਰਵਾਏ। ਅੱਜ ਕੱਲ ਤਾਂ ਕੋਰੋਨਾ ਵਾਇਰਸ ਦੀ ਬੀਮਾਰੀ ਚੱਲ ਰਹੀ ਹੈ। ਇਨ੍ਹਾਂ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਸਰਕਾਰ ਨੂੰ ਬਿਨਾਂ ਦੇਰੀ ਕੀਤਿਆਂ ਹਸਪਤਾਲ ’ਚ ਵੈਂਟੀਲੇਟਰ ਉਪਲੱਬਧ ਕਰਵਾਉਣੇ ਚਾਹੀਦੇ ਹਨ।

ਸਮਾਂ ਖਰਾਬ ਹੋਣ ਕਾਰਣ ਕਈ ਮਰੀਜ਼ਾਂ ਦੀ ਰਸਤੇ ’ਚ ਹੀ ਹੋ ਜਾਂਦੀ ਹੈ ਮੌਤ
ਰਾਜੀਵ ਮਿੱਤਲ ਨੇ ਕਿਹਾ ਕਿ ਸਿਵਲ ਹਸਪਤਾਲ ’ਚ ਵੈਂਟੀਲੇਟਰ ਅਤੇ ਹੋਰ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਣ ਗੰਭੀਰ ਹਾਲਤ ਦੇ ਮਰੀਜ਼ਾਂ ਨੂੰ ਬਾਹਰ ਰੈਫਰ ਕਰ ਦਿੱਤਾ ਜਾਂਦਾ ਹੈ। ਬਾਹਰ ਜਾਂਦੇ ਸਮੇਂ ਸਮਾਂ ਕਾਫੀ ਖਰਾਬ ਹੁੰਦਾ ਹੈ, ਜਿਸ ਕਾਰਣ ਕਈ ਮਰੀਜ਼ਾਂ ਦੀ ਤਾਂ ਰਸਤੇ ’ਚ ਹੀ ਮੌਤ ਹੋ ਜਾਂਦੀ ਹੈ। ਜੇਕਰ ਹਸਪਤਾਲ ’ਚ ਵੈਂਟੀਲੈਟਰ ਹੋਵੇ ਤਾਂ ਕਈ ਮਰੀਜ਼ਾਂ ਦੀ ਜਾਨ ਵੀ ਬਚ ਸਕਦੀ ਹੈ। ਇਸ ਲਈ ਸਰਕਾਰ ਨੂੰ ਫੌਰੀ ਤੌਰ ’ਤੇ ਬਰਨਾਲਾ ਹਸਪਤਾਲ ਵਿਚ ਵੈਂਟੀਲੈਟਰ ਦੀ ਸੁਵਿਧਾ ਉਪਲੱਬਧ ਕਰਵਾਉਣੀ ਚਾਹੀਦੀ ਹੈ।

ਸਿਹਤ ਸੁਵਿਧਾਵਾਂ ਹਨ ਇਨਸਾਨ ਦੀਆਂ ਪਹਿਲੀਆਂ ਬੁਨਿਆਦੀ ਸਹੂਲਤਾਂ
ਹਰਦੇਵ ਲੀਲਾ ਬਾਜਵਾ ਨੇ ਕਿਹਾ ਕਿ ਸਿਹਤ ਸੁਵਿਧਾਵਾਂ ਇਨਸਾਨ ਦੀਆਂ ਪਹਿਲੀਆਂ ਬੁਨਿਆਦੀ ਸਹੂਲਤਾਂ ਹਨ। ਅੱਜ ਕੱਲ ਦੇ ਜ਼ਮਾਨੇ ’ਚ ਹਰ ਇਨਸਾਨ ਨੂੰ ਇਹਨਾਂ ਸੁਵਿਧਾਵਾਂ ਦੀ ਜਰੂਰਤ ਪੈਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਜ਼ਿਲੇ ਵਿਚ ਇਕ ਹਸਪਤਾਲ ਅਜਿਹਾ ਹੋਣਾ ਚਾਹੀਦਾ ਹੈ। ਜਿਥੇ ਸਾਰੀਆਂ ਬੁਨਿਆਦੀ ਸਹੂਲਤਾਂ ਹੋਣ ਪਰ ਅਫਸੋਸ ਬਰਨਾਲਾ ਵਿਚ ਇਹ ਸੁਵਿਧਾਵਾਂ ਉਪਲੱਬਧ ਨਹੀਂ ਹਨ। ਖਾਸ ਕਰਕੇ ਵੈਂਟੀਲੇਟਰ ਦੀ ਸੁਵਿਧਾ ਨਾ ਹੋਣਾ ਬੜੇ ਅਫਸੋਸ ਦੀ ਗੱਲ ਹੈ। ਇਸਨੂੰ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਉਣਾ ਚਾਹੀਦਾ ਹੈ।

ਦੋ ਵੈਂਟੀਲੇਟਰ ਲੈਣ ਲਈ ਸਰਕਾਰ ਨੂੰ ਭੇਜਿਆ ਹੋਇਆ ਹੈ ਲਿਖ ਕੇ
ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਜੋਤੀ ਕੌਸ਼ਲ ਨੇ ਕਿਹਾ ਕਿ ਹਸਪਤਾਲ ਵਿਚ ਵੈਂਟੀਲੇਟਰ ਦੀ ਕਾਫੀ ਲੋੜ ਹੈ। ਇਸ ਲਈ ਸਰਕਾਰ ਨੂੰ ਇਕ ਵੱਡਾ ਵੈਂਟੀਲੇਟਰ ਅਤੇ ਜੱਚਾ ਬੱਚਾ ਕੇਂਦਰ ਲਈ ਬੱਚਿਆਂ ਲਈ ਛੋਟਾ ਵੈਂਟੀਲੇਟਰ ਦੇਣ ਲਈ ਲਿਖ ਕੇ ਭੇਜਿਆ ਹੋਇਆ ਹੈ। ਕੋਰੋਨਾ ਵਾਇਰਸ ਦੀ ਬੀਮਾਰੀ ਨਾਲ ਨਿਪਟਣ ਲਈ ਅਸੀਂ ਪੁਖਤਾ ਪ੍ਰਬੰਧ ਕੀਤੇ ਹਨ। 10 ਬੈੱਡ ਇਨ੍ਹਾਂ ਮਰੀਜ਼ਾਂ ਲਈ ਰਿਜਰਵ ਕੀਤੇ ਹੋਏ ਹਨ। ਜੇਕਰ ਜ਼ਰੂਰਤ ਪੈਂਦੀ ਹੈ ਤਾਂ ਇਨ੍ਹਾਂ ਬੈੱਡਾਂ ਦੀ ਗਿਣਤੀ 100 ਤੱਕ ਵਧਾ ਦਿੱਤੀ ਜਾਵੇਗੀ। ਹੈਲਥ ਵਿਭਾਗ ਦੇ ਕਰਮਚਾਰੀ ਅਤੇ ਆਂਗਣਬਾੜੀ ਵਰਕਰਾਂ ਨੂੰ ਵੀ ਇਸ ਬੀਮਾਰੀ ਨਾਲ ਨਜਿੱਠਣ ਲਈ ਟ੍ਰੇਨਿੰਗ ਦਿੱਤੀ ਗਈ ਹੈ। ਉਹ ਘਰ-ਘਰ ਜਾ ਕੇ ਇਸ ਬੀਮਾਰੀ ਤੋਂ ਬਚਣ ਲਈ ਜਾਗਰੂਕ ਕਰ ਰਹੇ ਹਨ।


author

rajwinder kaur

Content Editor

Related News