ਮੋਹਾਲੀ ਦੀ ਕੰਪਨੀ ''ਚ 3 ਦਿਨ ਤਕ ਜਾਂਦੀ ਰਹੀ ਚੰਡੀਗੜ੍ਹ ਦੀ ਕੋਰੋਨਾ ਪੀੜਤਾ

03/19/2020 9:23:20 PM

ਮੋਹਾਲੀ, (ਰਾਣਾ)— ਬੁੱਧਵਾਰ ਰਾਤ 12 ਵਜੇ ਤੋਂ ਬਾਅਦ ਚੰਡੀਗੜ੍ਹ ਸੈਕਟਰ-21 ਨਿਵਾਸੀ ਲੜਕੀ ਦੀ ਰਿਪੋਰਟ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਪਾਈ ਗਈ ਸੀ। ਰਾਤ ਤੋਂ ਹੀ ਚੰਡੀਗੜ੍ਹ 'ਚ ਮਚੇ ਇਸ ਹੜਕੰਪ ਤੋਂ ਬਾਅਦ ਸਵੇਰ ਹੁੰਦੇ-ਹੁੰਦੇ ਮੋਹਾਲੀ 'ਚ ਵੀ ਐਂਟਰੀ ਕਰ ਲਈ, ਕਿਉਂਕਿ ਪੀੜਤ ਲੜਕੀ ਮੋਹਾਲੀ ਫੇਜ਼-7 ਉਦਯੋਗਿਕ ਖੇਤਰ 'ਚ ਲਗਾਤਾਰ 3 ਦਿਨ ਤੱਕ ਜਾਂਦੀ ਰਹੀ, ਜਿਸ ਕਾਰਣ ਵੀਰਵਾਰ ਨੂੰ ਹੀ ਮੋਹਾਲੀ ਦੇ ਐੱਸ. ਡੀ. ਐੱਮ. ਜਗਦੀਪ ਸਹਿਗਲ, ਸਿਹਤ ਵਿਭਾਗ ਦੀ ਟੀਮ ਸਮੇਤ ਪੁਲਸ ਦੀ ਟੀਮ ਕੰਪਨੀ 'ਚ ਪਹੁੰਚੀ ਅਤੇ ਉਥੇ ਕੰਮ ਕਰਨ ਵਾਲੇ 21 ਤੋਂ ਜ਼ਿਆਦਾ ਕਰਮੀਆਂ ਦੀ ਬਾਂਹ 'ਤੇ ਸਟੈਂਪ ਲਾਈ ਅਤੇ ਉਨ੍ਹਾਂ ਸਾਰਿਆਂ ਨੂੰ ਅਗਲੇ 14 ਦਿਨ ਤੱਕ ਅਲੱਗ ਰੱਖਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

ਪੀੜਤ ਲੜਕੀ ਦੇ ਪਿਤਾ ਦੀ ਹੈ ਕੰਪਨੀ
ਪੁਲਸ ਮੁਤਾਬਕ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਜੋ ਪਹਿਲਾ ਕੇਸ ਪਾਜ਼ੇਟਿਵ ਪਾਇਆ ਗਿਆ ਹੈ ਉਹ ਇਕ ਲੜਕੀ ਦਾ ਹੈ ਅਤੇ ਮੋਹਾਲੀ 'ਚ ਜੋ ਕੰਪਨੀ ਹੈ ਉਹ ਉਸਦੇ ਪਿਤਾ ਦੀ ਹੈ, ਜਿਸ ਦੀ ਦੇਖਭਾਲ ਜ਼ਿਆਦਾਤਰ ਪੀੜਤਾ ਹੀ ਕਰਦੀ ਸੀ ਅਤੇ ਇੰਗਲੈਂਡ ਤੋਂ ਵਾਪਸ ਆਉਣ ਤੋਂ ਬਾਅਦ ਉਹ 3 ਦਿਨ ਤਕ ਉਸ ਕੰਪਨੀ 'ਚ ਗਈ ਸੀ ਅਤੇ ਉਹ ਕੰਪਨੀ ਦੇ ਅੰਦਰ ਤਾਇਨਾਤ ਸਾਰੇ ਸਟਾਫ਼ ਦੇ ਵੀ ਸੰਪਰਕ 'ਚ ਰਹੀ ਸੀ, ਜਿਸ ਕਰ ਕੇ ਵੀਰਵਾਰ ਨੂੰ ਮੋਹਾਲੀ ਐੱਸ. ਡੀ. ਐੱਮ. ਦੀ ਅਗਵਾਈ 'ਚ ਇਕ ਟੀਮ ਮੋਹਾਲੀ ਦੀ ਕੰਪਨੀ 'ਚ ਗਈ ਸੀ। ਜਿਥੇ 45 ਤੋਂ ਜ਼ਿਆਦਾ ਸਟਾਫ਼ ਕੰਮ ਕਰਦਾ ਹੈ, ਜਿਸ ਕਾਰਣ ਸਾਰਿਆਂ ਦੀ ਬਾਂਹ 'ਤੇ ਸਿਹਤ ਵਿਭਾਗ ਵੱਲੋਂ ਸਟੈਂਪ ਲਾਈ ਗਈ।

ਘਰ 'ਚ ਹੀ 14 ਦਿਨ ਤਕ ਰਹਿਣਗੇ ਸਾਰੇ ਅਲੱਗ
ਸਿਵਲ ਹਸਪਤਾਲ ਫੇਜ਼-6 ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੀ ਮੋਹਾਲੀ ਦੀ ਕੰਪਨੀ 'ਚ ਗਈ ਸੀ, ਜਿੱਥੇ ਕੰਪਨੀ ਦੇ ਸਾਰੇ ਸਟਾਫ਼ ਦੀ ਜਾਂਚ ਕੀਤੀ ਗਈ। ਅਜੇ ਤੱਕ ਜਾਂਚ 'ਚ ਸਾਰੇ ਸਟਾਫ਼ ਕਰਮੀ ਠੀਕ ਪਾਏ ਗਏ ਹਨ ਪਰ ਕੋਰੋਨਾ ਵਾਇਰਸ 14 ਦਿਨ ਦੇ ਅੰਦਰ-ਅੰਦਰ ਕਦੇ ਵੀ ਹੋ ਸਕਦਾ ਹੈ, ਜਿਸ ਕਰ ਕੇ ਸਾਰੇ ਸਟਾਫ਼ ਕਰਮੀਆਂ ਨੂੰ ਅਗਲੇ 14 ਦਿਨ ਤੱਕ ਘਰ 'ਚ ਅਲੱਗ ਰਹਿਣ ਦੇ ਹੁਕਮ ਦਿੱਤੇ ਗਏ ਹਨ। ਨਾਲ ਹੀ ਸਾਰਿਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸਾਰੇ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਦੂਰੀ ਬਣਾਈ ਰੱਖਣ।

ਹੋਰ ਕਿਹੜੀਆਂ ਥਾਵਾਂ 'ਤੇ ਗਈ ਪੀੜਤਾ ਅਤੇ ਸਟਾਫ਼ ਕਰਮਚਾਰੀ, ਹੋ ਰਹੀ ਜਾਂਚ 
ਪਤਾ ਲੱਗਿਆ ਹੈ ਕਿ ਜਿਵੇਂ ਹੀ ਜ਼ਿਲਾ ਪ੍ਰਸ਼ਾਸਨ ਅਤੇ ਹੈਲਥ ਵਿਭਾਗ ਨੂੰ ਪਤਾ ਲੱਗਿਆ ਸੀ ਕਿ ਚੰਡੀਗੜ੍ਹ ਨਿਵਾਸੀ ਕੋਰੋਨਾ ਵਾਇਰਸ ਪੀੜਤਾ ਮੋਹਾਲੀ ਦੀ ਕੰਪਨੀ 'ਚ ਤਿੰਨ ਦਿਨ ਤੱਕ ਆਉਂਦੀ ਰਹੀ। ਉਸ ਤੋਂ ਬਾਅਦ ਤਾਂ ਸਾਰਿਆਂ ਦੇ ਹੱਥ ਪੈਰ ਫੁਲ ਗਏ ਅਤੇ ਵਿਭਾਗ 'ਚ ਭਗਦੜ ਮਚ ਗਈ, ਹੁਣ ਸਿਹਤ ਵਿਭਾਗ ਦੀ ਟੀਮ ਨੇ ਸਾਰੇ ਸਟਾਫ਼ ਕਰਮੀਆਂ ਦੀ ਜਾਂਚ ਤਾਂ ਕਰ ਲਈ ਪਰ ਹੁਣ ਇਸ ਗੱਲ ਦੀ ਵੀ ਜਾਂਚ ਹੋ ਰਹੀ ਹੈ ਕਿ ਪੀੜਤ ਲੜਕੀ ਮੋਹਾਲੀ 'ਚ ਕਿਨ੍ਹਾਂ-ਕਿਨ੍ਹਾਂ ਥਾਵਾਂ 'ਤੇ ਗਈ ਸੀ ਅਤੇ ਸਟਾਫ਼ ਕਰਮਚਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਨ੍ਹੀਂ ਦਿਨੀਂ ਕਿਥੇ-ਕਿਥੇ ਗਏ ਅਤੇ ਉਹ ਕਿਸ-ਕਿਸ ਨੂੰ ਮਿਲੇ।


KamalJeet Singh

Content Editor

Related News