ਕੋਰੋਨਾ ਵੈਕਸੀਨ ਦੀ ਘਾਟ ਪੰਜਾਬ ਦੇ ਲੋਕਾਂ ਲਈ ਬਣ ਸਕਦੀ ਐ ਵੱਡੀ ਮੁਸੀਬਤ: ਹਰਪਾਲ ਚੀਮਾ

08/07/2021 1:46:02 PM

ਦਿੜ੍ਹਬਾ ਮੰਡੀ ( ਅਜੈ ): ਪੰਜਾਬ ਦੇ ਲੋਕ ਸੂਬੇ ਅੰਦਰ ਕੋਰੋਨਾ ਵੈਕਸੀਨ ਦੀ ਹੋ ਰਹੀ ਭਾਰੀ ਘਾਟ ਨਾਲ ਜੂਝ ਰਹੇ ਹਨ, ਪਰ ਫ਼ਿਰ ਵੀ ਪੰਜਾਬ ਸਰਕਾਰ ਵਲੋਂ ਵੈਕਸੀਨ ਦਾ ਪੂਰਨ ਤੌਰ ’ਤੇ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਸਰਕਾਰ ਦੇ ਇਸ ਤਰ੍ਹਾਂ ਦੇ ਮਾੜੇ ਪ੍ਰਬੰਧ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਪਿੰਡਾਂ ਵਿੱਚ 100 ਫ਼ੀਸਦੀ ਵੈਕਸੀਨ ਦਾ ਟੀਚਾ ਪੂਰਾ ਹੋਵੇਗਾ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ 10 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ। ਪਰ ਬਿਨਾਂ ਵੈਕਸੀਨ ਦੇ ਟੀਕਿਆਂ ਤੋਂ ਅਜਿਹਾ ਟੀਚਾ ਪੂਰਾ ਹੀ ਨਹੀਂ ਕੀਤਾ ਜਾ ਸਕਦਾ। ਅਜੇ ਤੱਕ ਤਾਂ ਸ਼ਹਿਰਾਂ ਅੰਦਰ ਰਹਿ ਰਹੇ ਲੋਕਾਂ ਨੂੰ ਹੀ ਲੋੜ ਮੁਤਾਬਕ ਪੂਰੀ ਵੈਕਸੀਨ ਨਹੀਂ ਮਿਲ ਰਹੀ ਤਾਂ ਪਿੰਡਾਂ ਤੱਕ ਵੈਕਸੀਨ ਪੁੱਜਦੀ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ।

ਇਹ ਵੀ ਪੜ੍ਹੋ : ਅਬੋਹਰ ਵਿਖੇ ਆਂਗਣਵਾੜੀ ਵਰਕਰ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਲਿਖੇ 18 ਲੋਕਾਂ ਦੇ ਨਾਂ

ਸੂਬੇ ਦੇ ਲੋਕ ਪਹਿਲਾਂ ਹੀ ਕੋਵਿਡ-19 ਦੀ ਮਾਰ ਕਾਰਨ ਭਾਰੀ ਸੰਤਾਪ ਭੋਗ ਰਹੇ ਹਨ। ਸੂਬੇ ਅੰਦਰ ਸਿਹਤ ਸਹੂਲਤਾਂ ਦੀ ਵੱਡੀ ਘਾਟ ਹੋਣ ਕਰਕੇ ਹਜ਼ਾਰਾਂ ਲੋਕ ਜ਼ਿੰਦਗੀ ਗਵਾ ਚੁੱਕੇ ਹਨ, ਉਪਰੋਂ ਕੋਰੋਨਾ ਦੀ ਤੀਜੀ ਲਹਿਰ ਜੋ ਕਿ ਬੱਚਿਆਂ ਲਈ ਘਾਤਕ ਹੋਵੇਗੀ। ਇਸ ਬਾਰੇ ਰੋਜ਼ਾਨਾ ਜੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ।ਜਿਸ ਕਰਕੇ ਲੋਕਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਵੀ ਹੈ ਜਿਸ ਕਰਕੇ ਲੋਕ ਖੁਦ ਤੇ ਆਪਣੇ ਪਰਿਵਾਰ ਨੂੰ ਇਸ ਖ਼ਤਰਨਾਕ ਵਾਇਰਸ ਤੋਂ ਬਚਾਉਣ ਲਈ ਵੈਕਸੀਨ ਲਗਵਾ ਰਹੇ ਹਨ। ਜਿਸ ਕਾਰਨ ਵੈਕਸੀਨ ਲਈ ਕਈ ਸੈਂਟਰਾਂ ਤੇ ਕਾਫ਼ੀ ਭੀੜ ਭੜੱਕੇ ਵਾਲੇ ਹਾਲਾਤ ਪੈਦਾ ਹੋ ਜਾਂਦੇ ਹਨ, ਕਿਉਂਕਿ ਲੋਕ ਵੈਕਸੀਨ ਲਗਵਾਉਣਾ ਚਾਹੁੰਦੇ ਹਨ ਪਰ ਰੋਜ਼ਾਨਾ ਵੈਕਸੀਨ ਨਾ ਆਉਣ ਤੇ ਸਪਲਾਈ ਘੱਟ ਹੋਣ ਕਰਕੇ ਵੈਕਸੀਨ ਸੈਂਟਰਾਂ ਤੇ ਭਾਰੀ ਭੀੜ ਜਮ੍ਹਾ ਹੋ ਜਾਂਦੀ ਹੈ ਉਥੋਂ ਬਹੁਤੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਘਰ ਜਾਣਾ ਪੈਂਦਾ ਹੈ।

ਇਹ ਵੀ ਪੜ੍ਹੋ :  ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ- ਸਰਕਾਰ ਆਉਣ 'ਤੇ ਦੇਵਾਂਗੇ 3 ਰੁਪਏ ਪ੍ਰਤੀ ਯੂਨਿਟ ਬਿਜਲੀ

ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੀ ਰੱਤੀ ਭਰ ਵੀ ਪ੍ਰਵਾਹ ਹੁੰਦੀ ਤਾਂ ਘੱਟੋ-ਘੱਟ ਵੈਕਸੀਨ ਦਾ ਪੂਰਨ ਤੌਰ ’ਤੇ ਪ੍ਰਬੰਧ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਪਾਸਿਓਂ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ। ਜਿਸ ਨੂੰ ਦੇਖ਼ਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਹੈ ਕਿਉਂਕ ਅੱਜ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਭਾਰੀ ਲਹਿਰ ਚੱਲ ਰਹੀ ਹੈ। ਜਿਸ ਨੂੰ ਵੇਖਦੇ ਹੋਏ ਪ੍ਰਸਾਂਤ ਕਿਸ਼ੋਰ ਪਹਿਲਾਂ ਹੀ ਪਿੱਛੇ ਹਟ ਗਏ ਹਨ। ਪੰਜਾਬ ਅੰਦਰ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਨੀ ਤੈਅ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੀ ਤਰਜ਼ ’ਤੇ ਹੀ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਦੂਸਰੀਆਂ ਪਾਰਟੀਆਂ ਵਾਂਗ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਤੋਂ ਆਮ ਆਦਮੀ ਪਾਰਟੀ ਪਿੱਛੇ ਨਹੀਂ ਹਟੇਗੀ।

ਇਹ ਵੀ ਪੜ੍ਹੋ :  ਸਿਆਸੀ ਦਲਾਂ ਨਾਲ ਸਮਝੌਤੇ ਦੀਆਂ ਖ਼ਬਰਾਂ ਦਰਮਿਆਨ ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News