ਕੋਰੋਨਾ ਵੈਕਸੀਨ ਲਈ ਆਏ ਫਰਾਡ ਫੋਨ ਤਾਂ ਹੋ ਜਾਓ ਸਾਵਧਾਨ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

Friday, Mar 05, 2021 - 03:45 PM (IST)

ਕੋਰੋਨਾ ਵੈਕਸੀਨ ਲਈ ਆਏ ਫਰਾਡ ਫੋਨ ਤਾਂ ਹੋ ਜਾਓ ਸਾਵਧਾਨ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਜਲੰਧਰ (ਪੁਨੀਤ)– ਕੋਰੋਨਾ ਦੇ ਨਾਂ ਤੋਂ ਹਰ ਕੋਈ ਦਹਿਸ਼ਤਜ਼ਦਾ ਹੈ, ਜਿਸ ਕਾਰਨ ਹਰ ਕੋਈ ਇਸ ਡਰ ਤੋਂ ਨਿਜ਼ਾਤ ਪਾਉਣੀ ਚਾਹੁੰਦਾ ਹੈ ਪਰ ਡਰ ਦੇ ਨਾਂ ’ਤੇ ਕਿਤੇ ਤੁਸੀਂ ਫਰਾਡ ਦਾ ਸ਼ਿਕਾਰ ਨਾ ਹੋ ਜਾਓ, ਨਹੀਂ ਤਾਂ ਤੁਹਾਨੂੰ ਭਾਰੀ ਨੁਕਸਾਨ ਸਹਿਣਾ ਪੈ ਸਕਦਾ ਹੈ। ਸਾਵਧਾਨ! ਕਿਉਂਕਿ ਕੋਰੋਨਾ ਵੈਕਸੀਨ ਲਈ ਰਜਿਸਟ੍ਰੇਸ਼ਨ ਦੇ ਨਾਂ ’ਤੇ ਅੱਜਕਲ ਫਰਾਡ ਫੋਨ ਆ ਰਹੇ ਹਨ। ਫੋਨ ਕਰਨ ਵਾਲਾ ਤੁਹਾਡੇ ਕੋਲੋਂ ਆਧਾਰ ਕਾਰਡ ਦਾ ਨੰਬਰ ਪੁੱਛੇਗਾ। ਇਸ ਤੋਂ ਬਾਅਦ ਤੁਹਾਡੇ ਮੋਬਾਇਲ ’ਤੇ ਇਕ ਮੈਸੇਜ ਆਵੇਗਾ। ਉਪਰੰਤ ਉਕਤ ਵਿਅਕਤੀ ਦਾ ਦੋਬਾਰਾ ਫੋਨ ਆਵੇਗਾ ਅਤੇ ਉਹ ਤੁਹਾਡੇ ਮੋਬਾਇਲ ’ਤੇ ਆਏ ਵਨ ਟਾਈਮ ਪਾਸਵਰਡ (ਓ. ਟੀ. ਪੀ.) ਬਾਰੇ ਪੁੱਛੇਗਾ। ਉਕਤ ਓ. ਟੀ. ਪੀ. ਦੱਸਦੇ ਹੀ ਤੁਹਾਡਾ ਬੈਂਕ ਅਕਾਊਂਟ ਖ਼ਾਲੀ ਹੋ ਜਾਵੇਗਾ।

ਇਹ ਵੀ ਪੜ੍ਹੋ: ਹੰਗਾਮਾ ਕਰ ਰਹੇ ਅਕਾਲੀ ਵਿਧਾਇਕਾਂ ’ਤੇ ਸਪੀਕਰ ਦੀ ਵੱਡੀ ਕਾਰਵਾਈ, 3 ਦਿਨਾਂ ਲਈ ਕੀਤਾ ਗਿਆ ਮੁਅੱਤਲ

ਅਜਿਹੀ ਠੱਗੀ ਮਾਰਨ ਵਾਲਾ ਗਿਰੋਹ ਹੋਇਆ ਸਰਗਰਮ
ਅੱਜਕਲ ਅਜਿਹੀ ਠੱਗੀ ਮਾਰਨ ਵਾਲਾ ਗਿਰੋਹ ਬਹੁਤ ਸਰਗਰਮ ਹੈ, ਜਿਹੜਾ ਖਾਸ ਤੌਰ ’ਤੇ ਬਜ਼ੁਰਗਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਅਲਰਟ ਦੇ ਮੈਸੇਜ ਕਾਫ਼ੀ ਵਾਇਰਲ ਹੋ ਰਹੇ ਹਨ। ਬੈਂਕ ਅਧਿਕਾਰੀ ਦੱਸਦੇ ਹਨ ਕਿ ਤੁਹਾਨੂੰ ਕਿਸੇ ਵੀ ਹਾਲਤ ਵਿਚ ਆਪਣਾ ਓ. ਟੀ. ਪੀ. ਦੂਜੇ ਵਿਅਕਤੀ ਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਇਸ ਜ਼ਰੀਏ ਠੱਗੀ ਮਾਰਨ ਵਾਲੇ ਤੁਹਾਡੇ ਖਾਤੇ ਦੀ ਰਕਮ ਨੂੰ ਸਾਫ਼ ਕਰ ਦੇਣਗੇ ਅਤੇ ਇਸ ਤੋਂ ਬਾਅਦ ਤੁਹਾਡੇ ਕੋਲ ਅਫ਼ਸੋਸ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ।
ਇਸ ਸਬੰਧੀ ਬੈਂਕਾਂ ਵੱਲੋਂ ਸਮੇਂ-ਸਮੇਂ ’ਤੇ ਖਾਤਾਧਾਰਕਾਂ ਨੂੰ ਮੈਸੇਜ ਕੀਤਾ ਜਾ ਰਿਹਾ ਹੈ, ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਕੋਈ ਵੀ ਬੈਂਕ ਖਾਤਾਧਾਰਕ ਕੋਲੋਂ ਉਸ ਦਾ ਓ. ਟੀ. ਪੀ. ਨੰਬਰ ਨਹੀਂ ਪੁੱਛਦਾ। ਇਸ ਸਬੰਧੀ ਤੁਸੀਂ ਆਪਣੇ ਮੋਬਾਇਲ ’ਤੇ ਆਇਆ ਮੈਸੇਜ ਕਿਸੇ ਨਾਲ ਸ਼ੇਅਰ ਨਾ ਕਰੋ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਸੀਨੀਅਰ ਅਕਾਲੀ ਆਗੂ ਨਰਿੰਦਰ ਸਿੰਘ ਧਾਰੀਵਾਲ ਦੀ ਗੋਲੀ ਲੱਗਣ ਨਾਲ ਮੌਤ

ਕੁਝ ਸਮਾਂ ਪਹਿਲਾਂ ਲਾਟਰੀ ਨਿਕਲਣ ਦੇ ਨਾਂ ’ਤੇ ਠੱਗੀ ਮਾਰਨ ਵਾਲਾ ਗਿਰੋਹ ਸਰਗਰਮ ਸੀ ਅਤੇ ਵੱਡੀ ਗਿਣਤੀ ਵਿਚ ਲੋਕ ਇਨ੍ਹਾਂ ਠੱਗਾਂ ਦਾ ਸ਼ਿਕਾਰ ਬਣੇ ਸਨ। ਮੀਡੀਆ ਵੱਲੋਂ ਇਸ ਗੰਭੀਰ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਅਤੇ ਲੋਕਾਂ ਤੱਕ ਇਸ ਬਾਰੇ ਜਾਣਕਾਰੀ ਪਹੁੰਚੀ, ਜਿਸ ਤੋਂ ਬਾਅਦ ਇਹ ਗਿਰੋਹ ਸ਼ਾਂਤ ਹੋ ਕੇ ਬੈਠ ਗਿਆ। ਅਜੇ ਵੀ ਕਈ ਵਾਰ ਲਾਟਰੀ ਦੇ ਨਾਂ ’ਤੇ ਕੁਝ ਫੋਨ ਆ ਜਾਂਦੇ ਹਨ ਪਰ ਲੋਕ ਇਨ੍ਹਾਂ ਦੇ ਝਾਂਸੇ ਵਿਚ ਨਹੀਂ ਆਉਂਦੇ।

ਹੁਣ ਕਿਉਂਕਿ ਕੋਰੋਨਾ ਦੀ ਵੈਕਸੀਨ ਲੱਗਣੀ ਸ਼ੁਰੂ ਹੋਈ ਹੈ। ਪ੍ਰਸ਼ਾਸਨ ਵੱਲੋਂ ਸੀਨੀਅਰ ਸਿਟੀਜ਼ਨਾਂ/ਕਈ ਵਰਗ ਦੇ ਅਧਿਕਾਰੀਆਂ ਨੂੰ ਵੈਕਸੀਨ ਲਈ ਰਜਿਸਟਰਡ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਦੇ ਲਈ ਪ੍ਰਸ਼ਾਸਨ ਵੱਲੋਂ ਫੋਨ ਕਰ ਕੇ ਕੋਈ ਵੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾ ਰਹੀ। ਕੋਈ ਵਿਅਕਤੀ ਜੇਕਰ ਤੁਹਾਨੂੰ ਫੋਨ ’ਤੇ ਰਜਿਸਟ੍ਰੇਸ਼ਨ ਕਰਨ ਲਈ ਕਹਿੰਦਾ ਹੈ ਤਾਂ ਉਸ ਫੋਨ ਨੂੰ ਨਜ਼ਰਅੰਦਾਜ਼ ਕਰ ਦਿਓ।
ਦੱਸਿਆ ਜਾ ਰਿਹਾ ਹੈ ਕਿ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੂਜੇ ਰਾਜਾਂ ਵਿਚ ਵੀ ਇਸ ਗਿਰੋਹ ਨੇ ਫਰਾਡ ਕਰਨ ਲਈ ਆਪਣਾ ਜਾਲ ਵਿਛਾਇਆ ਹੈ। ਪਿਛਲੇ ਦਿਨਾਂ ਵਿਚ ਅਜਿਹੇ ਕਈ ਕੇਸ ਸੁਣਨ ਨੂੰ ਵੀ ਮਿਲੇ ਹਨ। ਤੁਸੀਂ ਕਿਸੇ ਨਾਲ ਵੀ ਆਪਣਾ ਆਧਾਰ ਕਾਰਡ ਨੰਬਰ ਅਤੇ ਬੈਂਕ ਅਕਾਊਂਟ ਨੰਬਰ ਸ਼ੇਅਰ ਨਾ ਕਰੋ।

ਇਹ ਵੀ ਪੜ੍ਹੋ: ਜਲੰਧਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਲਈ ਜਾਰੀ ਕੀਤੇ ਗਏ ਨਵੇਂ ਹੁਕਮ, ਰਾਤ 11 ਵਜੇ ਤੋਂ ਬਾਅਦ ਨਹੀਂ ਹੋਵੇਗੀ ਐਂਟਰੀ

ਵਿਅਕਤੀ ਦੇ ਵਟਸਐਪ ਉਤੇ ਆਇਆ ਹੈਲੋ ਦਾ ਮੈਸੇਜ 
ਉਥੇ ਹੀ ਸੋਸ਼ਲ ਮੀਡੀਆ ’ਤੇ ਇਕ ਵਿਅਕਤੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਦੇ ਵ੍ਹਟਸਐਪ ’ਤੇ ਹੈਲੋ ਦਾ ਮੈਸੇਜ ਆਇਆ। ਉਕਤ ਵਿਅਕਤੀ ਨੇ ਉਕਤ ਮੈਸੇਜ ਤੋਂ ਬਾਅਦ ਕੋਰੋਨਾ ਵੈਕਸੀਨ ਸਬੰਧੀ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸ ਤੋਂ ਬਾਅਦ ਕੁਝ ਦਿਨਾਂ ਤੱਕ ਕੋਈ ਮੈਸੇਜ ਨਹੀਂ ਆਇਆ। ਉਪਰੰਤ ਇਕ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਕੋਰੋਨਾ ਵੈਕਸੀਨ ਲਈ ਰਜਿਸਟ੍ਰੇਸ਼ਨ ਵਾਸਤੇ ਪੁੱਛਿਆ। ਜਿਸ ਵਿਅਕਤੀ ਨੂੰ ਫੋਨ ਆਇਆ ਸੀ, ਉਸ ਨੇ ਵੈਕਸੀਨ ਲਈ ਰਜਿਸਟ੍ਰੇਸ਼ਨ ਵਾਸਤੇ ਸਹਿਮਤੀ ਜਤਾਈ। ਇਸ ਤੋਂ ਬਾਅਦ ਉਸ ਦੇ ਮੋਬਾਇਲ ’ਤੇ ਮੈਸੇਜ ਆਇਆ। ਇਸ ਤੋਂ ਬਾਅਦ ਫੋਨ ਕਰਨ ਵਾਲੇ ਨੇ ਮੈਸੇਜ ਬਾਰੇ ਪੁੱਛਿਆ ਤਾਂ ਉਸ ਸਮੇਂ ਉਹ ਬੈਂਕ ਵਿਚ ਮੌਜੂਦ ਸਨ। ਉਨ੍ਹਾਂ ਤੁਰੰਤ ਬੈਂਕ ਅਧਿਕਾਰੀਆਂ ਨਾਲ ਗੱਲ ਕੀਤੀ, ਜਿਨ੍ਹਾਂ ਓ. ਟੀ. ਪੀ. ਸ਼ੇਅਰ ਕਰਨ ਨੂੰ ਗਲਤ ਦੱਸਿਆ। ਇਸ ਤਰ੍ਹਾਂ ਉਹ ਠੱਗਾਂ ਦਾ ਸ਼ਿਕਾਰ ਬਣਨ ਤੋਂ ਬਚ ਗਏ। ਤੁਸੀਂ ਵੀ ਆਪਣਾ ਧਿਆਨ ਰੱਖੋ ਅਤੇ ਆਪਣੇ ਮੋਬਾਇਲ ’ਤੇ ਆਉਣ ਵਾਲੇ ਮੈਸੇਜ ਨੂੰ ਕਿਸੇ ਨਾਲ ਸਾਂਝਾ ਨਾ ਕਰੋ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਵੱਲੋਂ ਪਾਣੀ ਦੇ ਪੱਧਰ ‘ਚ ਆ ਰਹੀ ਗਿਰਾਵਟ ਨੂੰ ਠੱਲਣ ਲਈ ਸਰਬਸੰਮਤੀ ਨਾਲ ਮਤਾ ਪਾਸ


author

shivani attri

Content Editor

Related News