ਯੂ. ਪੀ. ਤੋਂ ਆਏ ਕੱਪੜਾ ਕਾਰੋਬਾਰੀਆਂ ਦਾ ''ਕੋਰੋਨਾ ਟੈਸਟ'' ਕਰਾਉਣ ਦੀ ਮੰਗ
Wednesday, May 27, 2020 - 05:54 PM (IST)
ਖਰੜ (ਸ਼ਸ਼ੀ) : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਇਲਾਕੇ ਤੋਂ ਬੀਤੇ ਦਿਨੀਂ ਖਰੜ ਆਏ ਇਕ ਦਰਜਨ ਤੋਂ ਵੱਧ ਕੱਪੜੇ ਦੇ ਕਾਰੋਬਾਰੀਆਂ ਦਾ ਕੋਰੋਨਾ ਟੈਸਟ ਕਰਵਾਉਣ ਦੀ ਮੰਗ ਨੂੰ ਲੈ ਕੇ ਦੁਕਾਨਦਾਰਾਂ ਦਾ ਇਕ ਵਫਦ ਬੁੱਧਵਾਰ ਨੂੰ ਖਰੜ ਦੇ ਐੱਸ. ਡੀ. ਐੱਮ. ਹਿਮਾਂਸ਼ੂ ਜੈਨ ਨੂੰ ਮਿਲਿਆ ਅਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਖਰੜ ਵਿਖੇ ਆਪਣੀਆਂ ਦੁਕਾਨਾਂ ਖੋਲ੍ਹਣ ਤੋਂ ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਹ ਸਾਰੇ ਕਾਰੋਬਾਰੀਆਂ ਦਾ ਕੋਰੋਨਾ ਟੈਸਟ ਨੈਗੇਟਿਵ ਹੋਵੇ।
ਇਸ ਵਫਦ 'ਚ ਹੋਰਨਾਂ ਤੋਂ ਇਲਾਵਾ ਪੰਕਜ ਚੱਢਾ, ਲਲਿਤ ਕੁਮਾਰ, ਵਿੱਕੀ ਗੁਪਤਾ, ਹਨੀ, ਰਾਜਨ ਗੁਪਤਾ, ਪਿੰਕੀ ਚੱਢਾ ਆਦਿ ਸ਼ਾਮਲ ਸਨ। ਇਸ ਸਬੰਧੀ ਵਫਦ ਨੇ ਐੱਸ. ਡੀ. ਐੱਮ. ਨੂੰ ਦੱਸਿਆ ਕਿ ਇਹ ਲੋਕ ਖਰੜ 'ਚ ਕੱਪੜੇ ਦਾ ਕਾਰੋਬਾਰ ਕਰਦੇ ਸਨ ਅਤੇ ਇਨ੍ਹਾਂ 'ਚੋਂ ਕਈਆਂ ਨੇ ਇੱਥੇ ਦੁਕਾਨਾਂ ਕਿਰਾਏ ’ਤੇ ਲਈਆਂ ਸਨ। ਜਿਵੇਂ ਹੀ ਇੱਥੇ ਤਾਲਾਬੰਦੀ ਹੋਈ, ਇਹ ਲੋਕ ਇੱਥੋਂ ਚਲੇ ਗਏ ਅਤੇ ਬੀਤੇ ਦਿਨੀਂ ਉਹ ਮੁੜ ਖਰੜ ਆਏ ਹਨ। ਉਨ੍ਹਾਂ ਕਿਹਾ ਕਿ ਬਾਕੀ ਦੇ ਸ਼ਹਿਰ ਵਾਸੀਆਂ 'ਚ ਇਸ ਗੱਲ ਨੂੰ ਲੈ ਕੇ ਸ਼ੱਕ ਹੈ ਕਿ ਇਹ ਸਾਰੇ ਕਾਰੋਬਾਰੀ ਕੋਰੋਨਾ ਬੀਮਾਰੀ ਤੋਂ ਪੀੜਤ ਤਾਂ ਨਹੀਂ ਹਨ, ਇਸ ਲਈ ਇਨ੍ਹਾਂ ਦਾ ਟੈਸਟ ਕਰਵਾਇਆ ਜਾਵੇ। ਐੱਸ. ਡੀ. ਐੱਮ. ਨੇ ਤੁਰੰਤ ਇਸ ਸਬੰਧੀ ਪੁਲਸ ਨੂੰ ਕਾਰਵਾਈ ਲਈ ਕਿਹਾ ਹੈ।
ਖਰੜ ਸਿਟੀ ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਤਿੰਨ ਅਜਿਹੇ ਕਾਰੋਬਾਰੀ, ਜਿਨ੍ਹਾਂ ਨੇ ਖਰੜ ਵਿਖੇ ਦੁਕਾਨਾਂ ਕਿਰਾਏ ’ਤੇ ਲਈਆਂ ਹੋਈਆਂ ਹਨ, ਦੇ ਸੈਂਪਲ ਲੈ ਕੇ ਜਾਂਚ ਲਈ ਅੱਜ ਭੇਜ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਨਤੀਜੇ ਆਉੁਣ ਤਕ ਘਰਾਂ 'ਚ ਇਕਾਂਤਵਾਂਸ 'ਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਾਲ ਆਏ ਹੋਏ ਦੂਜੇ ਲੋਕਾਂ ਸਬੰਧੀ ਵੀ ਜਾਣਕਾਰੀ ਇਕੱਠੀ ਕਰਕੇ ਉਨ੍ਹਾਂ ਦੇ ਵੀ ਟੈਸਟ ਕਰਵਾਏ ਜਾਣਗੇ।