ਲੁਧਿਆਣਾ ਦੇ ਵਿਧਾਇਕ ਨੇ ਕਰਾਇਆ ਕੋਰੋਨਾ ਟੈਸਟ, ਦੂਜੇ ਆਗੂਆਂ ਨੂੰ ਵੀ ਦਿੱਤੀ ਸਲਾਹ

06/14/2020 1:42:57 PM

ਲੁਧਿਆਣਾ (ਮੁਕੇਸ਼) : ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਵਾਰਡ ਨੰਬਰ-23 ਵਿਖੇ ਕਮਿਊਨਿਟੀ ਸੈਂਟਰ ’ਚ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਯੂਨਿਟ ਨੰਬਰ-3 ਵੱਲੋਂ ਫ੍ਰੀ ਸੈਂਪਲਿੰਗ ਤੇ ਕੋਰੋਨਾ ਟੈਸਟ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਨੇ ਆਪਣਾ ਕੋਰੋਨਾ ਟੈਸਟ ਲਈ ਸੈਂਪਲ ਦੇ ਕੇ ਕੀਤਾ। ਇਸ ਦੌਰਾਨ ਕੋਰੋਨਾ ਖਿਲਾਫ ਲੜਾਈ ਲੜ ਰਹੇ ਸੇਵਾਦਾਰਾਂ ਦਾ ਸਵਾਗਤ ਕਰਦਿਆਂ ਵਿਧਾਇਕ ਤਲਵਾੜ ਨੇ ਕਿਹਾ ਕਿ ਨੇਤਾਵਾਂ ਸਮੇਤ ਹਰ ਵਿਅਕਤੀ ਨੂੰ ਕੋਰੋਨਾ ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਇਸ ਤੋਂ ਡਰਨ ਦੀ ਲੋੜ ਨਹੀਂ ਹੈ।

ਸਮੇਂ ਸਿਰ ਬੀਮਾਰੀ ਦਾ ਪਤਾ ਲੱਗਣ ’ਤੇ ਇਲਾਜ ਕਰਵਾਇਆ ਜਾ ਸਕਦਾ ਹੈ, ਨਾਲੇ ਦੂਜਿਆਂ ਦੀ ਜਾਨ ਖਤਰੇ 'ਚ ਪੈਣ ਤੋਂ ਰੋਕੀ ਜਾ ਸਕਦੀ ਹੈ। ਪੰਜਾਬ ’ਚ ਬਾਕੀ ਰਾਜਾਂ ਨਾਲੋਂ ਹਾਲਾਤ ਕਾਬੂ 'ਚ ਹਨ, ਜੋ ਕਿ ਚੰਗੀ ਗੱਲ ਹੈ। ਐੱਸ. ਐੱਮ. ਓ. ਅਮਿਤਾ ਜੈਨ, ਏ. ਐੱਨ. ਐੱਮ. ਚੰਦਰ ਸੁਧਾ, ਕੌਂਸਲਰ ਸੰਦੀਪ ਭੱਟੀ, ਪਤੀ ਗੌਰਵ ਭੱਟੀ ਨੇ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਸੋਸ਼ਲ ਡਿਸਟੈਂਸ, ਮਾਸਕ, ਹੱਥ ਧੋਣ ਦਾ ਧਿਆਨ ਰੱਖੋ। ਅਮਿਤਾ ਜੈਨ ਨੇ ਕਿਹਾ ਕਿ ਉਨ੍ਹਾਂ ਕੋਲ ਟੈਸਟ ਕਰਨ ਲਈ ਪੁਖਤਾ ਇੰਤਜ਼ਾਮ ਹਨ। ਇਸ ਮੌਕੇ ਜੋ ਲੋਕ ਟੈਸਟ ਕਰਵਾਉਣਾ ਚਾਹੁੰਦੇ ਸਨ, ਉਨ੍ਹਾਂ ਲੋਕਾਂ ਦੇ ਫਾਰਮ ਭਰੇ ਗਏ ਤੇ ਟੈਸਟ ਕੀਤੇ ਗਏ।


Babita

Content Editor

Related News