''ਕੋਰੋਨਾ ਵਾਇਰਸ'' ਨੇ ਮਾਯੂਸੀ ''ਚ ਬਦਲੀ ਪੰਜਾਬ ਦੇ ਮੰਤਰੀਆਂ ਦੀ ਖੁਸ਼ੀ ਕਿਉਂਕਿ...
Saturday, Mar 14, 2020 - 09:10 AM (IST)
ਚੰਡੀਗੜ੍ਹ : ਪੂਰੀ ਦੁਨੀਆ 'ਚ ਹਾਹਾਕਾਰ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਖੁਸ਼ੀ ਨੂੰ ਵੀ ਮਾਯੂਸੀ 'ਚ ਬਦਲ ਦਿੱਤਾ ਹੈ ਕਿ ਕਿਉਂਕਿ ਜਿੱਥੇ ਸਰਕਾਰੀ ਖਰਚੇ 'ਤੇ ਇਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਵਿਦੇਸ਼ ਘੁੰਮਣ ਦਾ ਮੌਕਾ ਮਿਲ ਰਿਹਾ ਹੈ, ਉੱਥੇ ਹੀ ਉਨ੍ਹਾਂ ਨੂੰ ਇਸ ਗੱਲ ਦਾ ਡਰ ਵੀ ਹੈ ਕਿ ਵਾਪਸ ਪਰਤਣ 'ਤੇ ਕੋਰੋਨਾ ਸਬੰਧੀ ਜਿਸ ਜਾਂਚ 'ਚੋਂ ਲੰਘਣਾ ਪਵੇਗਾ, ਉਹ ਵਿਦੇਸ਼ ਘੁੰਮਣ ਦਾ ਉਨ੍ਹਾਂ ਦਾ ਸਾਰਾ ਮਜ਼ਾ ਖਰਾਬ ਕਰ ਦੇਵੇਗੀ। ਅਸਲ 'ਚ ਪੰਜਾਬ ਪਿਛਲੇ 3 ਸਾਲਾਂ ਤੋਂ ਗੰਭੀਰ ਆਰਿਥਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਇਸ ਵਾਰ ਇਸ ਸੰਕਟ ਤੋਂ ਉਭਰਨ ਦੇ ਸੰਕੇਤ ਦਿੱਤੇ ਹਨ।
ਉਨ੍ਹਾਂ ਨੇ ਵਿਧਾਨ ਸਭਾ 'ਚ ਬਜਟ ਪ੍ਰਸਤਾਵ 2020-21 ਦਾ ਜਵਾਬ ਦਿੰਦੇ ਹੋਏ ਮੰਤਰੀਆਂ, ਵਿਧਾਇਕਾਂ, ਵਿਰੋਧੀ ਧਿਰ ਦੇ ਮੈਂਬਰਾਂ ਨੂੰ ਭਰੋਸਾ ਦੁਆਇਆ ਕਿ ਉਹ ਵੱਖ-ਵੱਖ ਮਾਮਲਿਆਂ ਦੇ ਅਧਿਐਨ ਅਤੇ ਹੋਰ ਜ਼ਰੂਰੀ ਕੰਮਾਂ ਲਈ ਵਿਦੇਸ਼ ਜਾਣਾ ਚਾਹੁਣਗੇ ਤਾਂ ਸਰਕਾਰ ਉਨ੍ਹਾਂ ਦਾ ਖਰਚਾ ਸਹਿਣ ਕਰਨ ਦੇ ਹਾਲਾਤ 'ਚ ਆ ਗਈ ਹੈ। ਇਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਵੀ ਬੈਠਕ 'ਚ ਚਰਚਾ ਹੋਈ। ਖਾਸ ਗੱਲ ਇਹ ਹੈ ਕਿ ਭਾਰਤ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਦਾ ਮੈਂਬਰ ਹੈ, ਜਿਸ ਦੇ ਚੱਲਦਿਆਂ ਭਾਰਤ ਦੇ ਸਾਰੇ ਸੂਬਿਆਂ ਦੇ ਮੰਤਰੀ, ਵਿਧਾਇਕ ਇੰਗਲੈਂਡ, ਆਸਟ੍ਰੇਲੀਆ, ਕੈਨੇਡਾ ਸਮੇਤ ਕਾਮਨਵੈਲਥ ਦੇ ਮੈਂਬਰ ਦੇਸ਼ਾਂ ਦਾ ਦੌਰਾ ਕਰਕੇ ਉੱਥੋਂ ਦੀ ਸੰਸਦੀ ਕਾਰਜ ਪ੍ਰਣਾਲੀ ਦਾ ਅਧਿਐਨ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਐਲਾਨਿਆ ਮਹਾਂਮਾਰੀ, 31 ਮਾਰਚ ਤੱਕ ਸਕੂਲ ਬੰਦ ਰੱਖਣ ਦੇ ਹੁਕਮ
ਦੂਜੇ ਪਾਸੇ ਕੋਰੋਨਾ ਵਾਇਰਸ ਨੇ ਵਿਧਾਇਕਾਂ ਦੀ ਵਿਦੇਸ਼ ਦੌਰੇ ਨੂੰ ਖਟਾਈ 'ਚ ਪਾ ਦਿੱਤਾ ਹੈ। ਪੰਜਾਬ ਸਰਕਾਰ ਨੇ ਸੂਬੇ 'ਚ ਕੋਰੋਨਾ ਦੀ ਰੋਕਥਾਮ ਲਈ ਵੱਖ-ਵੱਖ ਉਪਾਵਾਂ ਤਹਿਤ ਆਪਣੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਐਕਸ-ਇੰਡੀਆ (ਵਿਦੇਸ਼) ਲੀਵ 'ਤੇ ਜਾਣ 'ਤੇ ਰੋਕ ਲਾ ਦਿੱਤੀ ਹੈ। ਇੰਨਾ ਹੀ ਨਹੀਂ, ਜੋ ਅਧਿਕਾਰੀ-ਕਰਮਚਾਰੀ ਵਿਦੇਸ਼ ਗਏ ਹਨ, ਉਨ੍ਹਾਂ ਨੂੰ ਵਾਪਸ ਪਰਤਣ 'ਤੇ ਸਿੱਧਾ ਡਿਊਟੀ 'ਤੇ ਨਹੀਂ ਲਿਆ ਜਾ ਰਿਹਾ, ਸਗੋਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਸਬੰਧੀ ਮੈਡੀਕਲ ਜਾਂਚ ਤੋਂ ਇਲਾਵਾ 14 ਦਿਨਾਂ ਤੱਕ ਆਪਣੇ ਹੀ ਘਰ 'ਚ ਬੰਦ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਸੂਬਾ ਸਰਕਾਰ ਦੀ ਇਸ ਵਿਵਸਥਾ ਨੂੰ ਦੇਖਦੇ ਹੋਏ ਵਿਧਾਇਕ ਚਿੰਤਤ ਹਨ ਕਿ ਜੇਕਰ ਉਹ ਮੌਜੂਦਾ ਹਾਲਾਤ 'ਚ ਵਿਦੇਸ਼ ਦੌਰੇ 'ਤੇ ਗਏ ਤਾਂ ਵਾਪਸ ਪਰਤਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਵੀ ਕਿਤੇ 14 ਦਿਨ ਘਰ 'ਚ ਹੀ ਬੰਦ ਨਾ ਰਹਿਣਾ ਪਵੇ। ਫਿਲਹਾਲ ਕੋਈ ਵੀ ਮੰਤਰੀ ਜਾਂ ਵਿਧਾਇਕ ਇਸ ਵਿਸ਼ੇ 'ਤੇ ਖੁੱਲ੍ਹ ਕੇ ਕੁਝ ਕਹਿਣ ਲਈ ਤਿਆਰ ਨਹੀਂ ਹੈ।
ਪੰਜਾਬ 'ਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਖਤ ਹਦਾਇਤਾਂ ਜਾਰੀ
ਸੂਬੇ 'ਚ ਕੋਵਿਡ-19 ਦੇ ਵਧ ਰਹੇ ਖਤਰੇ ਨਾਲ ਨਜਿੱਠਣ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ 7 ਮੰਤਰੀਆਂ ਦੇ ਸਮੂਹ ਦੀ ਮੀਟਿੰਗ ਹੋਈ। ਸੂਬੇ 'ਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਨੂੰ ਅਹਿਤਿਹਾਤੀ ਉਪਾਵਾਂ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਲਈ ਮੰਤਰੀ ਸਮੂਹ ਨੇ ਵਿਆਪਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਨੂੰ ਵੱਡੇ ਇਕੱਠਾਂ ਲਈ ਪ੍ਰਵਾਨਗੀ ਨਾ ਦੇਣ ਸਬੰਧੀ ਹਦਾਇਤ ਕੀਤੀ ਗਈ ਹੈ ਅਤੇ ਧਾਰਮਿਕ ਲੀਡਰਾਂ ਤੇ ਡੇਰਾ ਮੁਖੀਆਂ ਨੂੰ ਵੀ ਆਪਣੇ ਧਾਰਮਿਕ ਸਮਾਗਮਾਂ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਗਈ ਹੈ। ਮੰਤਰੀਆਂ ਦਾ ਸਮੂਹ ਰੋਜ਼ਾਨਾ ਆਧਾਰ 'ਤੇ ਸਥਿਤੀ ਦਾ ਜਾਇਜ਼ਾ ਲਵੇਗਾ ਅਤੇ ਲੋੜੀਂਦੀਆਂ ਦਵਾਈਆਂ ਦੀ ਉਪਲੱਬਧਤਾ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਉਪਲੱਬਧਤਾ ਅਤੇ ਸੂਬੇ ਭਰ 'ਚ ਆਈਸੋਲੇਸ਼ਨ ਵਾਰਡ ਸਥਾਪਤ ਕਰਨ ਨੂੰ ਯਕੀਨੀ ਬਣਾਵੇਗਾ ਤਾਂ ਕਿ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਨੂੰ ਵੱਖ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ : ਕੋਰੋਨਾ ਦੇ ਡਰ ਨਾਲ ਸੂਬੇ ਚੌਕਸ, ਅੱਧਾ ਦੇਸ਼ ਬੰਦ