ਗੁਰਦਾਸਪੁਰ ਦੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਹਾਲਤ ਗੰਭੀਰ, ਵੈਂਟੀਲੇਟਰ 'ਤੇ
Wednesday, Apr 15, 2020 - 04:17 PM (IST)
ਅੰਮ੍ਰਿਤਸਰ (ਦਿਲਜੀਤ ਸ਼ਰਮਾ) : ਗੁਰਦਾਸਪੁਰ ਦੇ ਕੋਰੋਨਾ ਪੀੜਤ 60 ਸਾਲਾ ਵਿਅਕਤੀ ਨੂੰ ਬੁੱਧਵਾਰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾ ਦਿੱਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਡਾਕਟਰਾਂ ਅਨੁਸਾਰ ਮਰੀਜ਼ ਨੂੰ ਸਾਹ ਲੈਣ 'ਚ ਮੁਸ਼ਕਲ ਹੋਣ ਦੇ ਨਾਲ-ਨਾਲ ਛਾਤੀ 'ਚ ਵੀ ਇਨਫੈਕਸ਼ਨ ਹੈ ਅਤੇ ਨਾਲ ਹੀ ਸ਼ੂਗਰ ਦੀ ਵੀ ਸਮੱਸਿਆ ਹੈ। ਜਾਣਕਾਰੀ ਮੁਤਾਬਕ ਉਕਤ ਮਰੀਜ਼ ਨੂੰ ਕੋਰੋਨਾ ਹੋਣ ਤੋਂ ਬਾਅਦ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਦੋਂ ਉੱਥੇ ਦੇ ਡਾਕਟਰਾਂ ਨੇ ਮਰੀਜ਼ ਦਾ ਕੋਰੋਨਾ ਸਬੰਧੀ ਟੈਸਟ ਕਰਵਾਇਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਗੁਰਦਾਸਪੁਰ ਦੇ ਡਾਕਟਰਾਂ ਵਲੋਂ ਹਾਲਤ ਵਿਗੜਦੀ ਦੇਖ ਕੇ ਤੁਰੰਤ ਮਰੀਜ਼ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ ► ਗੁਰਦਾਸਪੁਰ 'ਚ ਕੋਰੋਨਾ ਨੇ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ
ਅੰਮ੍ਰਿਤਸਰ ਦੇ ਪੀੜਤ ਮਰੀਜ਼ਾਂ ਦੀ ਸਥਿਤੀ 'ਚ ਸੁਧਾਰ
ਉੱਥੇ ਦੂਜੇ ਪਾਸੇ ਅੰਮ੍ਰਿਤਸਰ ਦੇ ਪੀੜਤ ਮਰੀਜ਼ਾਂ ਦੀ ਸਥਿਤੀ 'ਚ ਕਾਫੀ ਸੁਧਾਰ ਹੈ। ਇਸ ਦੇ ਇਲਾਵਾ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ 5 ਸ਼ੱਕੀ ਲੋਕਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਲੋਕ ਮਰੀਜ਼ਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਟ੍ਰੀਟਮੈਂਟ ਮੁਹੱਈਆ ਕਰਵਾ ਰਹੇ ਹਨ। ਉੱਥੇ ਦੂਜੇ ਪਾਸੇ ਸਿਹਤ ਵਿਭਾਗ ਅਤੇ ਨਗਰ ਨਿਗਮ ਦੀ ਟੀਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸੈਨੇਟਾਈਜ਼ੇਸ਼ਨ ਅਤੇ ਸਕ੍ਰੀਨਿੰਗ ਦਾ ਕੰਮ ਵੀ ਕਰ ਰਹੀ ਹੈ ਤਾਂਕਿ ਇਸ ਬੀਮਾਰੀ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਈ ਜਾ ਸਕੇ।
ਇਹ ਵੀ ਪੜ੍ਹੋ ► ਚੰਡੀਗੜ੍ਹ : ਪੀ. ਜੀ. ਆਈ. ਦੇ ਮੇਲ ਨਰਸ ਨੇ ਕੋਰੋਨਾ ਨੂੰ ਦਿੱਤੀ ਮਾਤ
ਦੱਸ ਦਈਏ ਕਿ ਕੋਰੋਨਾ ਪੀੜਤ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ। ਸਿਵਲ ਹਸਪਤਾਲ 'ਚ ਕੋਰੋਨਾ ਨੋਡਲ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਗੁਰਦਾਸਪੁਰ ਦੇ ਕੋਰੋਨਾ ਨੋਡਲ ਅਧਿਕਾਰੀ ਡਾ. ਬੱਬਰ ਨੇ ਦੱਸਿਆ ਕਿ ਪੀੜਤ ਕਾਹਨੁਵਾਨ ਪੁਲਸ ਸਟੇਸ਼ਨ ਦੇ ਨੇੜਲੇ ਪਿੰਡ ਭੈਣੀ ਪਸਵਾਲ ਦਾ ਰਹਿਣ ਵਾਲਾ ਹੈ ਅਤੇ ਸਾਬਕਾ ਫੌਜੀ ਹੈ। ਇਸ ਦੇ ਭਰਾ ਦੀ ਮੌਤ ਕੁਝ ਦਿਨ ਪਹਿਲੇ ਹੋਈ ਸੀ ਪਰ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ। ਕੋਰੋਨਾ ਪੀੜਤ ਦੀ ਤਬੀਅਤ ਖਰਾਬ ਹੋਣ 'ਤੇ ਉਸ ਨੂੰ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਡਾਕਟਰ ਨੇ ਦੱਸਿਆ ਕਿ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਸੀ।