ਮਹਿਲਕਲਾਂ ਵਿਖੇ ਕੋਰੋਨਾ ਪਾਜ਼ੀਟਿਵ ਔਰਤ ਦਾ ਹੋਇਆ ਅੰਤਿਮ ਸੰਸਕਾਰ

Friday, Apr 10, 2020 - 02:21 PM (IST)

ਸੰਗਰੂਰ (ਵਿਵੇਕ ਸਿੰਧਵਾਨੀ): ਮਹਿਲਕਲਾਂ ਵਾਸੀ ਕੋਰੋਨਾ ਪਾਜ਼ੀਟਿਵ ਮਹਿਲਾ ਦਾ ਬੀਤੀ ਰਾਤ ਪ੍ਰਸ਼ਾਸਨ,ਡਾਕਟਰਾਂ ਤੇ ਪਰਿਵਾਰਕ ਮੈਂਬਰਾ ਦੀ ਹਾਜ਼ਰੀ 'ਚ ਸੰਸਕਾਰ ਕਰ ਦਿੱਤਾ ਗਿਆ। ਫੋਰਟਿਸ ਹਸਪਤਾਲ 'ਚੋਂ ਮ੍ਰਿਤਕ ਦੇਹ ਨੂੰ ਵਿਸ਼ੇਸ਼ ਐਂਬੂਲੈਂਸ ਰਾਹੀ ਮਹਿਲ ਕਲਾਂ ਲਿਆਂਦਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਅਨਮੋਲ ਸਿੰਘ ਧਾਲੀਵਾਲ,ਐੱਸ.ਪੀ. ਸੁਖਦੇਵ ਸਿੰਘ ਵਿਰਕ, ਡੀ.ਐੱਸ.ਪੀ. ਮਹਿਲਕਲਾਂ ਪਰਮਿੰਦਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

ਸਿਹਤ ਵਿਭਾਗ ਨੇ ਅੱਜ ਮਹਿਲਕਲਾਂ ਦੀ ਕੋਰੋਨਾ ਪਾਜ਼ੀਟਿਵ ਮਹਿਲਾ ਦੇ 13 ਪਰਿਵਾਰਕ ਮੈਂਬਰਾ ਦੇ ਸੈਂਪਲ ਲੈ ਕੇ ਟੈਸਟ ਲਈ ਭੇਜ ਦਿਤੇ ਹਨ ਜਿਨ੍ਹਾਂ 'ਚੋਂ 7 ਮਰਦ ਤੇ 6 ਔਰਤਾਂ ਦੇ ਸੈਂਪਲ ਲਏ ਗਏ ਹਨ।ਉੱਥੇ ਹੀ ਇਸ ਸਬੰਧੀ ਜ਼ਿਲਾ ਬਰਨਾਲਾ ਵਾਸੀਆਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ, ਜਿਥੇ ਪਹਿਲਾਂ ਸੇਖਾ ਰੋਡ ਤੋਂ ਇਕ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ ਤੇ ਉਸ ਦੇ ਸੰਪਰਕ ਵਿਚ ਆਏ 10 ਵਿਅਕਤੀਆਂ ਦੀ ਰਿਪੋਰਟ ਤਾਂ ਨੈਗਟਿਵ ਆ ਗਈ ਸੀ ਪਰ ਉਸ ਦੀ ਲੜਕੀ ਦੇ ਸੈਂਪਲ ਦੁਬਾਰਾ ਲਏ ਗਏ ਹਨ ਤੇ ਉਨ੍ਹਾਂ ਦੀ ਰਿਪੋਰਟ ਅਜੇ ਤਕ ਨਹੀਂ ਆਈ। ਸੇਖਾ ਰੋਡ ਤੋਂ ਇਸ ਮਹਿਲਾ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪੂਰੇ ਸੇਖਾ ਰੋਡ ਨੂੰ ਪ੍ਰਸ਼ਾਸ਼ਨ ਵਲੋਂ ਸੀਲ ਕਰ ਦਿਤਾ ਗਿਆ ਸੀ ਤੇ ਕਿਸੇ ਨੂੰ ਵੀ ਬਾਹਰ ਆਉਣ ਦੀ ਇਜ਼ਾਜ਼ਤ ਨਹੀ ਹੈ। ਹੁਣ ਜ਼ਿਲਾ ਸੰਗਰੂਰ 'ਚ ਪਿੰਡ ਗੱਗੜਪੁਰ ਬਲਾਕ ਲੌਂਗੋਵਾਲ ਦੇ ਵਸਨੀਕ ਅਮਰਜੀਤ ਸਿੰਘ ਜਿਸ ਦੀ ਰਿਪੋਰਟ ਬੀਤੇ ਦਿਨ ਕੋਰੋਨਾ ਪਾਜ਼ੀਟਿਵ ਆਈ ਹੈ ਉਸ ਦੇ ਸਹੁਰੇ ਜ਼ਿਲਾ ਬਰਨਾਲਾ ਦੇ ਪਿੰਡ ਬੀਹਲਾ ਥਾਣਾ ਟੱਲੇਵਾਲ 'ਚ ਹਨ ਤੇ ਉਹ ਕੁਝ ਦਿਨ ਪਹਿਲਾਂ ਆਪਣੇ ਸਹੁਰੇ ਜਾ ਕੇ ਆਇਆ ਹੈ। ਇਸ ਸਬੰਧੀ ਸਿਵਲ ਸਰਜਨ ਸੰਗਰੂਰ ਵਲੋਂ ਸਿਵਲ ਸਰਜਨ ਬਰਨਾਲਾ ਨੂੰ ਪੱਤਰ ਵੀ ਲਿਖਿਆ ਗਿਆ ਹੈ। ਇਸ ਤੋਂ ਬਾਅਦ ਜ਼ਿਲਾ ਬਰਨਾਲਾ ਦਾ ਸਿਹਤ ਵਿਭਾਗ ਵੀ ਹਰਕਤ 'ਚ ਆ ਗਿਆ ਹੈ ਤੇ ਉਨ੍ਹਾਂ ਵਲੋਂ ਅਮਰਜੀਤ ਸਿੰਘ ਦੇ ਸਹੁਰੇ ਪਰਿਵਾਰ ਦੇ ਸਾਰੇ ਮੈਂਬਰਾ ਨੂੰ ਇਕਾਂਤਵਾਸ ਕਰ ਦਿੱਤਾ ਹੈ।

ਸੀਲ ਕੀਤੇ ਖੇਤਰ ਲਈ ਕੀ ਹਨ ਪਾਬੰਦੀਆਂ
ਪ੍ਰਸ਼ਾਸਨ ਵਲੋਂ ਜੋ ਖੇਤਰ ਸੀਲ ਕਰ ਦਿੱਤਾ ਜਾਂਦਾ ਹੈ ਉਸ ਇਲਾਕੇ 'ਚ ਕਿਸੇ ਵਿਅਕਤੀ ਨੂੰ ਘਰ 'ਚੋਂ ਪੈਰ ਬਾਹਰ ਰੱਖਣ ਦੀ ਵੀ ਇਜ਼ਾਜਤ ਨਹੀਂ ਹੁੰਦੀ, ਇੱਥੋਂ ਤਕ ਕੀ ਜ਼ਰੂਰੀ ਵਸਤੂਆਂ ਲਈ ਵੀ ਉਹ ਘਰ 'ਚੋਂ ਬਾਹਰ ਨਹੀਂ ਜਾ ਸਕਦੇ। ਲੋਕਾਂ ਨੂੰ ਜ਼ਰੂਰੀ ਵਸਤੂਆਂ ਪ੍ਰਸ਼ਾਸਨ ਵਲੋਂ ਵਲੰਟੀਅਰਾਂ ਦੀ ਸਹਾਇਤਾ ਨਾਲ ਘਰ-ਘਰ 'ਚ ਪਹੁੰਚਾਉਣੀਆਂ ਹੁੰਦੀਆ ਹਨ। ਸੀਲ ਕੀਤੇ ਇਲਾਕੇ 'ਚ ਜਾਣ ਲਈ ਸਿਰਫ ਸਿਹਤ ਅਧਿਕਾਰੀਆਂ,ਸਿਵਲ ਵਰਕਰਾਂ ਅਤੇ ਜ਼ਰੂਰੀ ਸੇਵਾਵਾਂ ਪਹੁੰਚਾਉਣ ਵਾਲਿਆਂ ਨੂੰ ਹੀ ਜਾਣ ਦੀ ਮਨਜ਼ੂਰੀ ਹੈ ਤੇ ਸੀਰੀਅਸ ਮੈਡੀਕਲ ਕੇਸਾਂ ਨੂੰ ਇਸ 'ਚੋਂ ਛੂਟ ਦਿੱਤੀ ਗਈ ਹੈ ਇਸ ਤੋਂ ਬਿਨਾਂ ਹੋਰ ਕੋਈ ਵੀ ਸੀਲ ਕੀਤੇ ਖੇਤਰ ਵਿਚ ਨਹੀਂ ਜਾ ਸਕਦਾ ਹੈ।


Shyna

Content Editor

Related News