ਕੋਰੋਨਾ ਪਾਜ਼ੇਟਿਵ ਆਏ ਕੱਪੜੇ ਦੇ ਵਪਾਰੀ ਦੇ ਤਿੰਨ ਹੋਰ ਕਰਮਚਾਰੀ ਆਏ ਲਪੇਟ ਵਿਚ
Monday, Jul 20, 2020 - 05:05 PM (IST)
ਲੰਬੀ/ਮਲੋਟ (ਜੁਨੇਜਾ, ਕਾਠਪਾਲ) : ਮਲੋਟ ਵਿਖੇ ਕੋਰੋਨਾ ਦੇ ਬੱਦਲ ਦਿਨੋਂ-ਦਿਨ ਗੂੜ੍ਹੇ ਹੋ ਰਹੇ ਹਨ। ਅੱਜ ਸ਼ਹਿਰ ਅੰਦਰ 4 ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ ਜਦ ਕਿ ਲੰਬੀ ਵਿਖੇ ਇਕ ਔਰਤ ਕੋਰੋਨਾ ਪਾਜ਼ੇਟਿਵ ਆਈ ਹੈ। ਨਵੇਂ ਪੰਜ ਮਰੀਜ਼ ਸਾਹਮਣੇ ਆਉਣ ਨਾਲ ਮਲੋਟ ਸ਼ਹਿਰ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ ਜਦ ਕਿ ਲੰਬੀ ਅਤੇ ਨਾਲ ਲੱਗਦੇ ਪਿੰਡਾਂ ਸਮੇਤ ਮਰੀਜ਼ਾਂ ਦੀ ਕੁੱਲ ਗਿਣਤੀ 6 ਹੋ ਗਈ ਹੈ। ਅੱਜ ਮਲੋਟ ਨਾਲ ਸਬੰਧਤ ਚਾਰ ਮਰੀਜ਼ਾਂ ਦੀ ਉਮਰ 30 ਤੋਂ 35 ਸਾਲ ਦਰਮਿਆਨ ਹੈ ਜਦ ਕਿ ਲੰਬੀ ਵਾਲੀ ਮਹਿਲਾ ਦੀ ਉਮਰ 52 ਸਾਲ ਹੈ। ਇਕ ਹਫ਼ਤੇ ਵਿਚ ਮਲੋਟ ਉਪ ਮੰਡਲ ਅੰਦਰ ਡੇਢ ਦਰਜਨ ਮਰੀਜ਼ ਸਾਹਮਣੇ ਆਉਣ ਨਾਲ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ ਹਾਲਾਂਕਿ ਉਪ ਮੰਡਲ ਪ੍ਰਸ਼ਾਸਨ ਵੱਲੋਂ ਵਾਰ-ਵਾਰ ਲੋਕਾਂ ਨੂੰ ਨਿਯਮਾਂ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ 3 ਮੁਲਾਜ਼ਮਾਂ ਨੂੰ ਹੋਇਆ ਕੋਰੋਨਾ
ਕੱਪੜੇ ਵਪਾਰੀ ਦੇ ਤਿੰਨ ਕਰਮਚਾਰੀ ਆਏ ਲਪੇਟ ਵਿਚ
ਇਸ ਸਬੰਧੀ ਐੱਸ. ਐੱਮ. ਓ. ਮਲੋਟ ਡਾ. ਗੁਰਚਰਨ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਏਕਤਾ ਨਗਰ ਦੀਆਂ ਦੋ ਵੱਖ ਵੱਖ ਗਲੀਆਂ ਵਿਚ ਦੋ ਵਿਅਕਤੀ ਕੋਰੋਨਾ ਪਾਜ਼ੇਟਿਵ ਆਏ ਹਨ। ਇਹ ਦੋਵੇਂ ਵਿਅਕਤੀ ਅਤੇ ਵਾਰਡ ਨੰਬਰ ਚਾਰ ਵਾਲਾ ਨੌਜਵਾਨ ਤਿੰਨੇ ਹੀ ਮਲੋਟ ਵਿਖੇ ਕੱਪੜੇ ਦੇ ਉਸ ਸ਼ੋਅ ਰੂਮ ਵਿਚ ਕਰਮਚਾਰੀ ਸਨ ਜਿਸਦਾ ਮਾਲਕ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਆਇਆ ਸੀ ਅਤੇ ਫਰੀਦਕੋਟ ਵਿਖੇ ਇਲਾਜ ਅਧੀਨ ਹੈ। ਉਕਤ ਸ਼ੋਅ ਰਨੂੰਮ ਦਾ ਮਾਲਕ 17 ਜੁਲਾਈ ਨੂੰ ਕੋਰੋਨਾ ਪਾਜ਼ੇਟਿਵ ਆਇਆ ਸੀ ਅਤੇ ਇਸ ਦੇ ਸਟਾਫ਼ ਦੇ 7 ਮੈਂਬਰਾਂ ਦੇ 19 ਜੁਲਾਈ ਨੂੰ ਸੈਂਪਲ ਲਏ ਗਏ ਸਨ। ਉਧਰ ਮੇਨ ਬਜਾਰ ਗਲੀ ਨੰਬਰ 6 ਵਾਲਾ ਵਿਅਕਤੀ ਬਰੇਲੀ ਤੋਂ ਆਇਆ ਹੈ ਅਤੇ ਇਕ ਬੂਟੀਕ ਤੇ ਕਢਾਈ ਦਾ ਕੰਮ ਕਰਦਾ ਹੈ । ਉਧਰ ਲੰਬੀ ਵਾਲੀ ਔਰਤ ਪੋਸਟ ਦਫਤਰ ਵਿਚ ਤਾਇਨਾਤ ਹੈ। ਕੁੱਲ ਮਿਲਾ ਕਿ ਇਨ੍ਹਾਂ ਪੰਜਾਂ ਹੀ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਹੋਰ ਸੰਪਰਕ ਵਿਚ ਆਏ ਲੋਕਾਂ ਦੀ ਸੂਚੀ ਲੰਬੀ ਹੋ ਸਕਦੀ ਹੈ ਜਿਸ ਕਰਕੇ ਆਮ ਲੋਕਾਂ ਵਿਚ ਸਹਿਮ ਦਾ ਮਹੌਲ ਹੈ।