17 ਲੱਖ ਤੋਂ ਟੱਪੀ ਕੋਰੋਨਾ ਪੀੜਤਾਂ ਦੀ ਗਿਣਤੀ, ਦੇਸ਼ ਵਿਚ ਵੀ ਹਾਲਾਤ ਚਿੰਤਾਜਨਕ

Saturday, Apr 11, 2020 - 01:02 PM (IST)

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵੈੱਬਸਾਈਟ ਵਰਲਡਓਮੀਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਇਸ ਬੀਮਾਰੀ ਨਾਲ ਇਕ ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਕੋੋਰੋਨਾ ਵਾਇਰਸ ਨਾਲ ਪੀੜਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ 17 ਲੱਖ ਤੋਂ ਟੱਪ ਗਈ ਹੈ।
PunjabKesari

ਹੁਣ ਤੱਕ ਇਸ ਬੀਮਾਰੀ ਦਾ ਵਧੇਰੇ ਕਹਿਰ ਅਮਰੀਕਾ, ਇਟਲੀ, ਸਪੇਨ ਅਤੇ ਹੋਰ ਕਈ ਯੂਰਪੀਅਨ ਦੇਸ਼ਾਂ ਦੇ ਨਾਲ ਚੀਨ ਅਤੇ ਈਰਾਨ ਵਿਚ ਵੀ ਦੇਖਣ ਨੂੰ ਮਿਲਿਆ। ਤਾਜ਼ਾ ਅੰਕੜਿਆ ਮੁਤਾਬਕ ਇਕੱਲੇ ਇਟਲੀ ਵਿਚ ਹੁਣ ਤੱਕ ਇਸ ਬੀਮਾਰੀ ਨਾਲ 147,577 ਹਜ਼ਾਰ ਤੋਂ ਵਧੇਰੇ ਲੋਕ ਪੀੜਤ ਹੋ ਚੁੱਕੇ ਹਨ। ਇਸੇ ਤਰ੍ਹਾਂ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਇੱਥੇ ਹੀ ਸਭ ਤੋਂ ਵੱਧ ਹੈ। ਹੁਣ ਤੱਕ ਇੱਥੇ 18,849 ਹਜ਼ਾਰ ਲੋਕ ਇਸ ਭਿਆਨਕ ਬੀਮਾਰੀ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਇਸੇ ਤਰ੍ਹਾਂ ਸਪੇਨ ਵਿਚ ਵੀ ਕੋਰੋਨਾ ਵਾਇਰਸ ਨਾਲ ਮਨੁੱਖੀ ਜਾਨਾ ਜਾਣ ਦੀ ਵੱਡੀ ਗਿਣਤੀ ਹੈ। ਰਿਪੋਰਟ ਮੁਤਾਬਕ ਇਸ ਭਿਆਨਕ ਬੀਮਾਰੀ ਕਾਰਨ ਸਪੇਨ ਵਿਚ ਹੁਣ ਤੱਕ 16,081 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ-ਨਾਲ ਡੇਢ ਲੱਖ ਤੋਂ ਵਧੇਰੇ ਲੋਕ ਇਸ ਬੀਮਾਰੀ ਨਾਲ ਪੀੜਤ ਹਨ। ਪਿਛਲੇ ਕੁਝ ਦਿਨਾਂ ਦੌਰਾਨ ਸਪੇਨ ਵਿਚ ਇਸ ਬੀਮਾਰੀ ਤੇਜ਼ੀ ਨਾਲ ਕਹਿਰ ਵਰਸਾਇਆ ਹੈ। ਇੱਥੇ ਹੁਣ ਤੱਕ 158,273 ਲੋਕ ਇਸ ਬੀਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। 

ਅਮਰੀਕਾ ਵਿਚ  5 ਲੱਖ ਤੋਂ ਟੱਪੀ ਪੀੜਤ ਮਰੀਜਾਂ ਦੀ ਗਿਣਤੀ
ਕੋਰੋਨਾ ਵਾਇਰਸ ਦੇ ਕਹਿਰ ਕਾਰਨ ਇਟਲੀ ਤੋਂ ਬਾਅਦ ਅਮਰੀਕਾ ਵਿਚ ਵੀ ਹਾਲਾਤ ਬੇਕਾਬੂ ਹਨ। ਇੱਥੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਹੋ ਚੁੱਕੀ ਹੈ। ਰਿਪੋਰਟ ਮੁਤਾਬਕ ਅਮਰੀਕਾ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ 502,876 ਗਈ ਹੈ। ਇਸੇ ਤਰ੍ਹਾਂ ਪਿਛਲੇ ਕੁਝ ਦਿਨਾਂ ਵਿਚ ਇਸ ਬੀਮਾਰੀ ਨਾਲ ਹੋਣ ਵਾਲੀਆਂ ਮੌਤਾਂ ਵਿਚ ਇੱਥੇ ਵੱਡਾ ਵਾਧਾ ਹੋਇਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ ਇੱਥੇ 18,747 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਬਾਅਦ ਇਟਲੀ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜੋ ਕਿ 147,577 ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਟਲੀ ਵਿਚ ਹੁਣ ਤੱਕ 18,849 ਲੋਕਾਂ ਦੀ ਮੌਤ ਹੋ ਚੁੱਕੀ ਹੈ।
PunjabKesari

ਦੇਸ਼ ਵਿਚ ਵੀ ਵਧਿਆ ਕੋਰੋਨਾ ਦਾ ਕਹਿਰ
ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿਚ ਵੀ ਕੋਰੋਨਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ 'ਚ ਹੁਣ ਤਕ ਕੋਰੋਨਾ ਦੇ 7,447 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਬੀਤੇ 24 ਘੰਟਿਆਂ ਦੌਰਾਨ 40 ਲੋਕਾਂ ਦੀ ਮੌਤ ਹੋਣ ਕਾਰਨ ਦੇਸ਼ ਭਰ ਵਿਚ ਮ੍ਰਿਤਕਾਂ ਦਾ ਅੰਕੜਾ 239 ਤੱਕ ਪਹੁੰਚ ਗਿਆ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੀ ਸਭ ਤੋਂ ਵਧੇਰੇ ਮਾਰ ਮਹਾਰਾਸ਼ਟਰ ਵਿਚ ਪਈ ਹੈ। ਇੱਥੇ ਅੱਜ ਹੁਣ ਤੱਕ ਕੋਰੋਨਾ ਵਾਇਰਸ 92 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਮਹਾਰਾਸ਼ਟਰ 'ਚ 1,666 ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਸੂਬੇ 'ਚ 110 ਲੋਕਾਂ ਦੀ ਮੌਤ ਹੋ ਚੁੱਕੀ ਹੈ।
PunjabKesari

ਪੰਜਾਬ ਵਿਚ ਵੀ ਹਾਲਾਤ ਸੁਖਾਵੇਂ ਨਹੀਂ
ਕੋਰੋਨਾ ਵਾਇਰਸ ਦੀ ਮਾਰ ਹੇਠ ਜਿੱਥੇ ਸਮੁੱਚੀ ਦੁਨੀਆ ਆ ਚੁੱਕੀ ਹੈ, ਉੱਥੇ ਹੀ ਪੰਜਾਬ ਵਿਚ ਵੀ ਇਸ ਬੀਮਾਰੀ ਨੂੰ ਲੈ ਕੇ ਹਾਲਾਤ ਸੁਖਾਵੇਂ ਨਹੀਂ ਹਨ। ਇਸ ਵਾਇਰਸ ਕਾਰਨ ਸੂਬਾ ਪੰਜਾਬ ਵਿਚ ਹੁਣ ਤਕ 12 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਤੇਜੀ ਨਾਲ ਵਾਧਾ ਹੋਇਆ ਹੈ। ਸੂਬੇ ਵਿਚ ਹੁਣ ਤੱਕ ਪੀੜਤ ਮਰੀਜ਼ਾਂ ਦੀ ਗਿਣਤੀ 154 ਤੱਕ ਪਹੁੰਚ ਗਈ ਹੈ। ਮੌਕੇ ਦੀ ਨਜਾਕਤ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਹਰ ਵਿਅਕਤੀ ਲਈ ਮਾਸਕ ਪਹਿਨਣਾ ਲਾਜਮੀ ਕਰ ਦਿੱਤਾ ਹੈ। ਇਸ ਦੇ ਨਾਲ-ਨਾਲ ਸਕੂਲਾਂ ਦੀਆਂ ਛੁੱਟੀਆਂ ਵੀ ਅਗੇਤੀਆਂ ਹੀ ਕਰ ਦਿੱਤੀਆਂ ਗਈਆਂ ਹਨ। ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬੀਮਾਰੀ ਸਬੰਧੀ ਸਪੱਸ਼ਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੂਸਰੀ ਸਟੇਜ 'ਤੇ ਪੁੱਜ ਚੁੱਕਾ ਹੈ। ਕੋਰੋਨਾ ਦੀ ਸਥਿਤੀ ਦੱਸਦੇ ਹੋਏ ਕੈਪਟਨ ਨੇ ਕਿਹਾ ਕਿ ਜੁਲਾਈ ਅਤੇ ਅਗਸਤ ਵਿਚ ਪੰਜਾਬ ਵਿਚ ਕੋਵਿਡ-19 ਸਿਖਰ 'ਤੇ ਪਹੁੰਚ ਜਾਵੇਗਾ ਅਤੇ ਅਕਤੂਬਰ ਵਿਚ ਜਾ ਕੇ ਹਾਲਾਤ ਸੁਧਰਨਗੇ। ਕੈਪਟਨ ਅਮਰਿੰਦਰ ਸਿੰਘ ਮੁਤਾਬਕ ਪੰਜਾਬ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਖਤ ਕਦਮ ਚੁੱਕ ਰਹੀ ਹੈ।
PunjabKesari
ਸੂਬੇ ਵਿਚ ਹੁਣ ਤਕ 2837 ਟੈਸਟ ਕੀਤੇ ਜਾ ਚੁੱਕੇ ਹਨ, ਜਿੰਨਾ ਵਿਚੋਂ 132 ਮਾਮਲੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਨਵਾਂਸ਼ਹਿਰ, ਮੋਹਾਲੀ, ਜਲੰਧਰ, ਮਾਨਸਾ ਅਤੇ ਸੰਗਰੂਰ ਵਿਚੋਂ ਕੋਰੋਨਾ ਵਾਇਰਸ ਦੇ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਲਾਕ ਡਾਊਨ ਵੀ ਪਹਿਲੀ ਮਈ ਤੱਕ ਵਧਾ ਦਿੱਤਾ ਹੈ।


jasbir singh

News Editor

Related News