ਕੋਰੋਨਾ ਨਾਲ ਹੋਈਆਂ ਮੌਤਾਂ ਦੀ ਦਰ ’ਚ ਮਹਾਰਾਸ਼ਟਰ ਤੇ ਗੁਜਰਾਤ ਤੋਂ ਵੀ ਅੱਗੇ ਨਿਕਲਿਆ ਪੰਜਾਬ

09/10/2020 1:31:42 AM

ਜਲੰਧਰ : ਪੰਜਾਬ 'ਚ ਕੋਰੋਨਾ ਦਾ ਕਹਿਰ ਇੰਨਾ ਵੱਧ ਗਿਆ ਹੈ ਕਿ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਦੇ ਮਾਮਲੇ 'ਚ ਪੰਜਾਬ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ। ਬੁੱਧਵਾਰ ਨੂੰ ਪੰਜਾਬ ਨੇ ਇਸ ਮਾਮਲੇ 'ਚ ਮਹਾਰਾਸ਼ਟਰ ਤੇ ਗੁਜਰਾਤ ਨੂੰ ਵੀ ਪਛਾੜ ਦਿੱਤਾ। ਪੰਜਾਬ 'ਚ ਮੌਤਾਂ ਦੀ ਦਰ 2.95 ਫੀਸਦੀ ਪਹੁੰਚ ਗਈ ਹੈ, ਜਦਕਿ ਗੁਜਰਾਤ 'ਚ ਇਹ ਦਰ 2.91 ਅਤੇ ਮਹਾਰਾਸ਼ਟਰ 'ਚ ਇਹ 2.90 ਫੀਸਦੀ ਹੈ।
ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਜਿਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਹੈ, ਉਥੇ ਹੀ ਮੌਤ ਦਰ ਵੀ ਵੱਧ ਰਹੀ ਹੈ। ਬੁੱਧਵਾਰ ਨੂੰ ਸੂਬੇ 'ਚ 2137 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 71 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ।
ਬੁੱਧਵਾਰ ਨੂੰ ਕੋਰੋਨਾ ਕਾਰਣ ਹੋਣ ਵਾਲੀਆਂ 71 ਮੌਤਾਂ 'ਚੋਂ ਅੰਮ੍ਰਿਤਸਰ 3, ਬਠਿੰਡਾ 5, ਫਤਿਹਗੜ੍ਹ ਸਾਹਿਬ 4, ਫਾਜ਼ਿਲਕਾ 1, ਫਿਰੋਜ਼ਪੁਰ 1, ਗੁਰਦਾਸਪੁਰ 2, ਹੁਸ਼ਿਆਰਪੁਰ 4, ਜਲੰਧਰ 11, ਕਪੂਰਥਲਾ 6, ਲੁਧਿਆਣਾ 13, ਮਾਨਸਾ 1, ਮੋਗਾ 1, ਐੱਸ.ਬੀ.ਐੱਸ ਨਗਰ 4, ਪਠਾਨਕੋਟ 1, ਪਟਿਆਲਾ 8, ਰੂਪਨਗਰ 1 ਤੇ ਸੰਗਰੂਰ ਦੇ 5 ਮਰੀਜ਼ ਸ਼ਾਮਲ ਹਨ।

ਪਟਿਆਲਾ ਕੇਂਦਰੀ ਜੇਲ 'ਚ ਮਿਲੇ 43 ਕੋਰੋਨਾ ਪਾਜ਼ੇਟਿਵ
ਪਟਿਆਲਾ ਕੇਂਦਰੀ ਜੇਲ 'ਚ 43 ਨਵੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਜੇਲ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿਤਾ ਗਿਆ ਹੈ। ਇਸ ਜੇਲ ਵਿਚ ਨਵੇਂ ਆ ਰਹੇ ਕੈਦੀਆਂ ਨੂੰ ਪੁਰਾਣੇ ਕੈਦੀਆਂ ਤੋਂ ਵੱਖ ਰੱਖਣ ਲਈ ਕਿਹਾ ਗਿਆ ਹੈ ਅਤੇ ਜਿਹੜੇ ਕੋਰੋਨਾ ਤੋਂ ਪੀੜਤ ਹਨ, ਉਨ੍ਹਾਂ ਨੂੰ ਏਕਾਂਤਵਾਸ ਕਰ ਕੇ ਵੱਖਰੀ ਬੈਰਕ ਵਿਚ ਰੱਖਣ ਲਈ ਕਿਹਾ ਗਿਆ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੈਂਟਰਲ ਜੇਲ ਤੋਂ ਇਲਾਵਾ ਸ਼ਹਿਰ ਦੇ ਕੁੱਝ ਹੋਰ ਇਲਾਕੇ, ਜਿਨ੍ਹਾਂ ਵਿਚ ਕੜਾਹਵਾਲਾ ਚੌਕ ਤੇ ਰਾਘੋਮਾਜਰਾ ਵੀ ਸ਼ਾਮਲ ਹਨ, ਨੂੰ ਪਿਛਲੇ ਸਮੇਂ ਦੌਰਾਨ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ।

 


Deepak Kumar

Content Editor

Related News