ਕਈ ਗੁਣਾ ਵੱਧ ਹਨ ਕੋਰੋਨਾ ਦੇ ਮਰੀਜ਼, ਸਾਹਮਣੇ ਆਏ ਸਿਰਫ 6 ਫੀਸਦ ਕੇਸ

04/09/2020 5:14:34 PM

ਜਲੰਧਰ (ਵੈੱਬਡੈਸਕ) ਦੁਨੀਆ ਭਰ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਸਿਰਫ 6 ਫੀਸਦ ਮਾਮਲੇ ਹੀ ਸਾਹਮਣੇ ਆਏ ਹਨ, ਜਦਕਿ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਕਈ ਗੁਣਾ ਵੱਧ ਹੈ। ਇਹ ਦਾਅਵਾ ਜਰਮਨ ਦੀ ਗੋਟਿੰਗਨ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਹੈ। ਹਾਲ ਹੀ ’ਚ ਉਹਨਾਂ ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ  ਕਿ ਵਿਸ਼ਵ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਧਿਐਨ ਮੁਤਾਬਕ ਗਲੋਬਲ ਪੱਧਰ 'ਤੇ ਕੋਰੋਨਾ ਸੰਕਰਮਣ ਦੇ ਹੁਣ ਤੱਕ ਜੋ ਅਧਿਕਾਰਿਕ ਅੰਕੜੇ ਜਾਰੀ ਕੀਤੇ ਗਏ ਹਨ, ਇਹ ਅਸਲੀਅਤ ਤੋਂ ਕਾਫ਼ੀ ਘੱਟ ਹਨ। ਇਸ ਅਧਿਐਨ ਮੁਤਾਬਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੇ ਸਿਰਫ 6 ਫੀਸਦ ਮਾਮਲੇ ਹੀ ਸਾਹਮਣੇ ਆਏ ਹਨ ਜਦਕਿ ਹੁਣ ਤੱਕ ਪ੍ਰਭਾਵਿਤ ਲੋਕਾਂ ਦੀ ਗਿਣਤੀ ਲੱਖਾਂ ਵਿਚ ਹੈ।
PunjabKesari

ਇਹ ਖੋਜ ਗੋਟਿੰਗਨ ਯੂਨਿਵਰਸਿਟੀ ਦੇ ਡਾ. ਕ੍ਰਿਸ਼ਚਿਅਨ ਬਾਮਰ ਅਤੇ ਪ੍ਰੋਫੇਸਰ ਸੇਬੇਸਟੀਅਨ ਵਲਮਰ ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ। ਇਸ ਲਈ ਉਨ੍ਹਾਂ ਕੋਵਿਡ -19 ਦੇ ਫੈਲਣ ਤੋਂ ਲੈ ਕੇ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਖੋਜ ਵਿਚ ਇਹ ਵਿਸ਼ਲੇਸ਼ਣ ਵੀ ਦਿੱਤਾ ਗਿਆ ਹੈ ਕਿ ਅਧਿਕਾਰਤ ਤੌਰ 'ਤੇ ਹੁਣ ਤੱਕ ਜਾਰੀ ਕੀਤੇ ਗਏ ਅੰਕੜੇ ਕਿੰਨੇ ਕੁ ਸਹੀ ਹਨ ਜਾਂ ਨਹੀਂ। ਗੌਰਤਲਬ ਹੈ ਕਿ ਇਹ ਸਾਰੇ ਅੰਕੜੇ ਲਾਂਸੈਟ ਇੰਫੇਕਸੀਅਸ ਡਿਜੀਜ਼ ਜਰਨਲ ਵਿੱਚ ਜਾਰੀ ਕੀਤੀ ਗਈ ਖੋਜ ਵਿਚੋਂ ਲਏ ਗਏ ਹਨ।

ਇਨ੍ਹਾਂ ਕਾਰਨਾ ਕਰਕੇ ਸਾਹਮਣੇ ਨਹੀਂ ਆਏ ਸਹੀ ਅੰਕੜੇ
ਖੋਜ ਮੁਤਾਬਕ ਸਹੀ ਅੰਕੜੇ ਸਾਹਮਣੇ ਨਾ ਆਉਣ ਦਾ ਮੁੱਖ ਕਾਰਨ ਟੈਸਟਾਂ ਅਤੇ ਜਾਂਚ ਸਾਧਨਾਂ ਦਾ ਨਾਕਾਫੀ ਹੋਣਾ ਦੱਸਿਆ ਹੈ। ਖੋਜ ਵਿਚ ਇਹ ਵੀ ਕਿਹਾ ਗਿਆ ਹੈ ਇਸੇ ਕਾਰਨ ਹੀ ਇਟਲੀ, ਸਪੇਨ ਅਤੇ ਹੋਰ ਯੂਰਪੀਅਨ ਦੇਸ਼ਾਂ ’ਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਹੋਇਆ ਅਤੇ ਉਹ ਮਾਰੇ ਗਏ। ਖੋਜ ਮੁਤਾਬਕ ਜਰਮਨੀ ਵਿਚ 15.6 ਕੇਸ, ਇਟਲੀ ਵਿਚ 3.5 ਅਤੇ ਸਪੇਨ ਵਿਚ ਸਿਰਫ 1.7 ਫੀਸਦ ਕੇਸ ਹੀ ਸਾਹਮਣੇ ਆਏ ਹਨ। ਇਸੇ ਤਰ੍ਹਾਂ ਅਮਰੀਕਾ ਵਿਚ 1.6 ਫੀਸਦ ਅਤੇ ਯੂਨਾਈਟਿਡ ਕਿੰਗਡਮ ਵਿਚ ਸਿਰਫ 1.2 ਫੀਸਦ ਮਾਮਲੇ ਹੀ ਸਾਹਮਣੇ ਆਏ ਹਨ। ਇਸ ਮਹਾਂਮਾਰੀ ਨੂੰ ਲੈ ਕੇ ਇਨ੍ਹਾਂ ਦੇਸ਼ਾਂ ਦੇ ਸੁਸਤ ਸਿਹਤ ਪ੍ਰਬੰਧਾਂ ਅਤੇ ਰਵੱਈਏ ਤੋਂ ਨਾਰਾਜ ਸਿਹਤ ਮਾਹਰਾਂ ਇਸ ਦੀ ਨਿੰਦਿਆ ਕੀਤੀ ਹੈ। ਇਸੇ ਲਿਹਾਜ ਨਾਲ ਜੇਕਰ ਦੱਖਣ ਕੋਰੀਆ ਨੂੰ ਦੇਖਿਆ ਜਾਵੇ ਤਾਂ ਹੁਣ ਤੱਕ ਉੱਥੇ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਅੱਧੇ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ।

PunjabKesari
ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ 31 ਮਾਰਚ 2020 ਤੱਕ ਜਰਮਨੀ ਵਿਚ 460,000 ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਸਨ। ਇਸੇ ਤਰ੍ਹਾਂ ਅਮਰੀਕਾ ਵਿਚ 1 ਕਰੋੜ, ਸਪੇਨ ਵਿਚ 50 ਲੱਖ ਜਾਂ ਇਸ ਤੋਂ ਵੀ ਵੱਧ, ਇਟਲੀ ਵਿਚ ਲਗਭਗ 30 ਲੱਖ ਅਤੇ ਯੂਨਾਈਟਿਡ ਕਿੰਗਡਮ ਵਿਚ ਲਗਭਗ 20 ਲੱਖ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਸਨ। ਇਸ ਤੋਂ ਇਲਾਵਾ ਜੋਨਜ਼ ਹਾਪਕਿਨਜ਼ ਯੂਨਿਵਰਸਿਟੀ ਨੇ 31 ਮਾਰਚ ਤੱਕ ਗਲੋਬਲ ਪੱਧਰ' ਤੇ 900,000 ਕੇਸਾਂ ਦੀ ਪੁਸ਼ਟੀ ਕੀਤੀ ਸੀ। ਜਿਸਦਾ ਸਿੱਧਾ-ਸਿੱਧਾ ਮਤਲਬ ਹੈ ਕਿ ਅਜੇ ਵੀ ਬਹੁਤ ਸਾਰੇ ਕੇਸਾਂ ਦਾ ਸਾਹਮਣੇ ਆਉਣਾ ਬਾਕੀ ਹੈ। ਡਿਵੈਲਪਮੈਂਟ ਆਈਕੋਨੌਮਿਕਸ ਦੇ ਪ੍ਰੋਫੈਸਰ ਸੇਬੇਸਟੀਅਨ ਵੋਲਮਰ ਨੇ ਕਿਹਾ ਕਿ “ਸਰਕਾਰ ਨੇ ਇਨ੍ਹਾਂ ਅੰਕੜਿਆਂ ਦੇ ਅਧਾਰ ’ਤੇ ਹੀ ਆਉਣ ਵਾਲੇ ਸਮੇਂ ਵਿਚ ਕੋਰੋਨਾ ਵਾਇਰਸ ਦੀ ਰੋਕਥਾ ਲਈ ਨੀਤੀ ਬਣਾਉਣੀ ਹੈ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੱਖੋ-ਵੱਖ ਦੇਸ਼ਾਂ ਵਿਚ ਅਧਿਕਾਰਕ ਅੰਕੜਿਆਂ ਦੇ ਇਹ ਹੇਰ-ਫੇਰ ਕਾਫੀ ਗਲਤ। ਦੂਜੇ ਪਾਸੇ ਪ੍ਰੋਫੈਸਰ ਕ੍ਰਿਸ਼ਚਿਨ ਬੋਮਰ ਦਾ ਮੰਨਣਾ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਸੰਕਰਮਣ ਮਰੀਜ਼ਾਂ ਦਾ ਪਤਾ ਲਗਾਉਣ ਲਈ ਅਤੇ ਵਾਇਰਸ ਨੂੰ ਰੋਕਣ ਲਈ ਅਜੇ ਵੱਡੇ ਸੁਧਾਰਾਂ ਦੀ ਲੋੜ ਹੈ।

 

ਇਹ ਵੀ ਪੜ੍ਹੋ : ਅਜਿੱਤ ਨਹੀਂ ਹੈ ਕੋਰੋਨਾ, ਤਿੰਨ ਲੱਖ ਤੋਂ ਪਾਰ ਹੋਈ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ

 

ਇਹ ਵੀ ਪੜ੍ਹੋ : ਕੀ ਸਾਨੂੰ ਪਾਲਤੂ ਜਾਨਵਰ ਕੁੱਤੇ, ਬਿੱਲੀ ਆਦਿ ਤੋਂ ਵੀ ਹੋ ਸਕਦੈ ਕੋਰੋਨਾ ?

 

ਇਹ ਵੀ ਪੜ੍ਹੋ : ਕਿਤੇ ਲਾਕਡਾਊਨ ਹੀ ਨਾ ਬਣ ਜਾਵੇ ਕੋਰੋਨਾ ਤੋਂ ਵੱਡੀ ਮਹਾਮਾਰੀ


jasbir singh

News Editor

Related News