ਕੋਰੋਨਾ ਮਹਾਮਾਰੀ ਬਨਾਮ ਕੁਦਰਤ ਦਾ ਸਵਰਗੀ ਵਰਤਾਰਾ

05/04/2020 1:32:40 PM

ਲੇਖਕ : ਇਕਬਾਲ ਸਿੰਘ ਟਿਵਾਣਾ,
ਮੋਬਾ:ਨੰ— 9878344432

ਧਰਤੀ ਹੋਰ ਪਰੇ ਹੋਰ ਹੋਰ, ਤਿਸੁ ਤੇ ਭਾਰੁ ਤਲੇ ਕਵਣੁ ਜੋਰੁ, ਗੁਰਬਾਣੀ ਦੇ ਮਹਾਂਵਾਕ ਅਨੁਸਾਰ ਦੁਨੀਆਂ ਭਰ ਦੇ ਸਾਇੰਸਦਾਨ ਸਦੀਆਂ ਤੋਂ ਉਸ ਕੁਦਰਤ ਦੀ ਖੇਡ ਨੂੰ ਨਾ ਸਮਝਦੇ ਹੋਏ ਉਸਨੂੰ ਚੁਣੌਤੀ ਦਿੰਦੇ ਆ ਰਹੇ ਹਨ। ਉਸ ਅਕਾਲ ਪੁਰਖ ਦੇ ਬਣਾਏ ਸਮੁੱਚੇ ਬ੍ਰਹਿਮੰਡਾਂ ਵਿਚ ਉਥਲ—ਪੁਥਲ ਕਰਦੇ ਹੋਏ ਦੁਨੀਆਵੀ ਧਰਤੀ, ਅਸਮਾਨ, ਸਮੁੰਦਰਾਂ ਅਤੇ ਪਾਤਾਲਾਂ ਉਤੇ ਕਬਜ਼ੇ ਕਰਨ ਦੇ ਸੌੜੇ ਹਿੱਤਾਂ ਨੂੰ ਮੁੱਖ ਰੱਖਕੇ ਸੰਸਾਰ ਨਿਵਾਸੀਆਂ ਨੂੰ ਜੰਗਾਂ, ਯੁੱਧਾਂ, ਦੰਗੇ—ਫਸਾਦਾਂ, ਅਗਜਨੀ, ਲੁੱਟਾਂ—ਖੋਹਾਂ, ਕਤਲੇਆਮ, ਫਰੇਬ, ਧੌਖਿਆਂ ਵਿਚ ਧਕੇਲ ਕੇ ਵੱਖ ਵੱਖ ਮੁਲਕਾਂ ਦੇ ਹੁਕਮਰਾਨ ਆਪਣੇ ਮਾਲੀ, ਸਿਆਸੀ, ਭੂਗੌਲਿਕ ਫਾਇਦਿਆਂ ਦੇ ਮੰਦਭਾਗੇ ਰੁਝਾਨ ਵਿੱਚ ਬੇਸਮਝੀ ਦੀ ਬਦੌਲਤ ਮਸਰੂਫ਼ ਹਨ। ਅਕਾਲ ਪੁਰਖ ਵਲੋਂ ਸਾਨੂੰ ਮਨੁੱਖਾਂ, ਜਾਨਵਰਾਂ, ਪੰਛੀ ਜਾਤੀਆਂ ਨੂੰ ਆਨੰਦਮਈ ਜੀਵਨ ਬਸਰ ਕਰਨ ਲਈ ਅਮੁੱਲ ਸੁਗਾਤਾਂ ਦੀ ਬਖਸਿ਼ਸ਼ ਕੀਤੀ ਹੋਈ ਹੈ। ਪਰ ਦੁੱਖ ਅਤੇ ਅਫਸੋਸ ਹੈ ਕਿ ਉਸਦਾ ਸ਼ੁਕਰਾਨਾ ਨਾ ਕਰਕੇ ਉਸ ਅਕਾਲ ਪੁਰਖ ਦੀਆਂ ਬਖਸਿ਼ਸ਼ ਕੀਤੀਆਂ ਗਈਆਂ ਸੁਗਾਤਾਂ ਦੀ ਸਹੀ ਢੰਗ ਨਾਲ ਵਰਤੋਂ ਨਾ ਕਰਕੇ ਦੁਨਿਆਵੀ ਲਾਲਸਾਵਾਂ ਦੇ ਵੱਸ ਹੋ ਕੇ,
ਦੇਂਦਾ ਦੇਹਿ ਲੈਂਦੇ ਥਕਿ ਪਾਇ, ਜੁਗਾਂ ਜੁਗਾਂਤਰ ਖਾਇ ਖਾਹਿ।।,
ਦੇ ਵੱਡਮੁਲੇ ਖਜਾਨੇ ਭਰਪੂਰ ਸ਼ਬਦ ਨੂੰ ਵਿਸਾਰ ਕੇ ਇਹ ਸਵਰਗ ਰੂਪੀ ਮਨੁੱਖੀ ਜੀਵਨ ਅਤੇ ਕਾਇਨਾਤ ਨੂੰ ਖੁਦ ਹੀ ਮਨੁੱਖ ਜਾਤੀ ‘ਨਰਕ’ ਬਨਾਉਣ ਵਿਚ ਭਾਗੀ ਬਣੀ ਹੋਈ ਹੈ। ਇਹੀ ਵਜ੍ਹਾ ਹੈ ਕਿ ਕਰੋਨਾ ਮਹਾਂਮਾਰੀ ਦਾ ਸੰਸਾਰ ਵਾਸੀਆਂ ਉਤੇ ਜੋ ਕਹਿਰ ਟੁੱਟਿਆ ਹੈ, ਇਹ ਭਾਵੇਂ ਕੋਈ ਚੀਨ ਨੂੰ ਦੋਸ਼ੀ ਠਹਿਰਾ ਰਿਹਾ ਹੈ, ਕੋਈ ਅਮਰੀਕਾ ਜਾਂ ਕਿਸੇ ਹੋਰ ਨੂੰ, ਇਹ ਮੁਲਕ ਅਤੇ ਹੁਕਮਰਾਨ ਤਾਂ ਉਸ ਕਾਦਰ ਦੀ ਕੁਦਰਤ ਵਲੋਂ ਖੇਡੀ ਜਾ ਰਹੀ ਖੇਡ ਦੇ ਮੋਹਰੇ ਹਨ। ਜਦੋਂ ਕਿ ਇਹ ਵਰਤਾਰਾ ਤਾਂ ਉਸ ਅਕਾਲ ਪੁਰਖ ਦਾ ਆਪਣਾ ਰਚਿਆ ਹੋਇਆ ਹੈ। ਕਿਉਂਕਿ ਦੁਨੀਆਂ ਨਿਵਾਸੀਆਂ ਦਾ 90—95 ਫੀਸਦੀ ਹਿੱਸਾ ਅੱਜ ਦੁਨੀਆਵੀ ਚਕਾਚੌਂਧ, ਲਾਲਸਾਵਾਂ, ਪਦਾਰਥਵਾਦੀ ਜਿੰਦਗੀ ਵਿਚ ਗ੍ਰਸਤ ਹੋ ਕੇ ਧੋਖੇ, ਫਰੇਬ, ਬੇਈਮਾਨੀਆਂ, ਮਿਲਾਵਟਖੋਰੀ, ਰਿਸ਼ਵਤਖੋਰੀ, ਜ਼ਰ,ਜੋਰੂ ਅਤੇ ਜਮੀਨ ਨੂੰ ਪ੍ਰਾਪਤ ਕਰਨ ਲਈ ਸਭ ਇਨਸਾਨੀ ਅਤੇ ਇਖ਼ਲਾਕੀ ਕਦਰਾਂ—ਕੀਮਤਾਂ ਨੂੰ ਤਿਲਾਂਜਲੀ ਦੇ ਕੇ ਜੰਗਾਂ—ਯੁੱਧਾਂ, ਸਾਜਿਸ਼ਾਂ ਰਾਹੀਂ ਮਨੁੱਖਤਾ ਦਾ ਅਜਾਈਂ ਖੂਨ ਬਹਾਉਣ ਵਿਚ ਗ੍ਰਸਤ ਹੈ। ਜਿਸ ਪ੍ਰੇਮ, ਸਹਿਜ਼, ਨਿਰਮਾਣਤਾ, ਨਿਮਰਤਾ, ਸਬਰ—ਸੰਤੋਖ, ਦਇਆ, ਧਰਮ ਵਰਗੇ ਇਨਸਾਨੀ ਗੁਣਾਂ ਦੀ ਗੱਲ ਕੁਰਾਨ, ਬਾਈਬਲ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਗੀਤਾ, ਰਮਾਇਣ, ਆਦਿ ਸਭ ਗ੍ਰੰਥ ਵੇਦ ਕਰਦੇ ਹਨ, ਇਨਾਂ ਗ੍ਰੰਥਾਂ ਵਿਚ ਉਸ ਕਾਦਰ ਦੀ ਕੁਦਰਤ ਵਲੋਂ ਦਿੱਤੀ ਗਈ ਸਹੀ ਅਗਵਾਈ ਅਤੇ ਸੋਚ ਨੂੰ ਅਸੀਂ ਸਭ, ਮੰਦਿਰ, ਮਸਜਿਦਾਂ, ਗੁਰੂ ਘਰਾਂ ਅਤੇ ਚਰਚਾਂ ਵਿਚ ਸਿਜ਼ਦੇ ਕਰਦੇ ਹੋਏ ਵੀ ਮਨੁੱਖੀ ਅਮਲੀ ਜੀਵਨ ਵਾਲੀ ਜਿੰਦਗੀ ਜਿਉਣ ਦੀ ਜਾਚ ਤੋਂ ਮੁਨਕਰ ਹੋ ਚੁੱਕੇ ਹਾਂ। ਕੇਵਲ ਤੇ ਕੇਵਲ ਜਮੀਨਾਂ, ਜਾਇਦਾਦਾਂ, ਕੋਠੀਆਂ, ਕਾਰਾਂ, ਬੰਗਲਿਆਂ, ਹੀਰੇ ਜਵਾਹਾਰਾਤ ਅਤੇ ਹੋਰ ਕਰੰਸੀ ਰੂਪੀ ਕਾਗਜਾਂ ਦੇ ਖਜਾਨਿਆਂ ਨੂੰ ਇੱਕਤਰ ਕਰਦੇ ਹੋਏ, ਇੱਕ ਦੂਸਰੇ ਤੋਂ ਤਾਕਤਵਰ ਅਤੇ ਅਮੀਰ ਬਨਣ ਦੀ ਇਸਾਨੀਅਤ ਅਤੇ ਸਮਾਜ ਵਿਰੋਧੀ ਗੰਧਲੀ ਖੇਡ ਵਿੱਚ ਮਲੀਨ ਹੋ ਚੁੱਕੇ ਹਾਂ। ਜਦੋਂ ਕਿ ਇਨ੍ਹਾਂ ਸਭਨਾਂ ਦੁਨਿਆਵੀ ਪਦਾਰਥਾਂ ਅਤੇ ਲਾਲਸਾਵਾਂ ਬਾਰੇ ਗੁਰਬਾਣੀ ਨੇ ਸਪਸ਼ਟ ਕੀਤਾ ਹੈ ਕਿ ‘ਸਭੈ ਵਸਤੁ ਕੌੜੀਆਂ, ਸੱਚੇ ਨਾਉਂ ਮਿੱਠਾ’ਦੇ ਮਹਾਂਵਾਕ ਦੇ ਅਰਥ ਭਰਪੂਰ ਸੱਚ ਨੂੰ ਵਿਸਾਰ ਕੇ ਇਨਾਂ ਦੁਨੀਆਵੀ ਕੌੜੀਆਂ ਵਸਤਾਂ ਨਾਲ ਪਿਆਰ ਪਾਲਿਆ ਹੋਇਆ ਹੈ। ਜੋ ਉਸਦਾ ਨਾਮ ਵਾਹਿਗੁਰੂ, ਅਲ੍ਹਾ, ਖੁਦਾ, ਰਾਮ, ਰਹੀਮ ਜੋ ਸਦੀਵੀ ਤੋਰ ਤੇ ਸਭ ਦੁਨਿਆਵੀ ਪਦਾਰਥਾਂ, ਵਸਤਾਂ ਤੋਂ ਮਿੱਠਾ, ਆਤਮਿਕ ਸਕੂਨ ਅਤੇ ਸਭ ਤਰ੍ਹਾਂ ਦੀਆਂ ਬਰਕਤਾਂ ਪ੍ਰਦਾਨ ਕਰਨ ਵਾਲਾ ਹੈ, ਉਸ ਸੱਚ ਨੂੰ ਮੰਨਣ ਤੋਂ ਵੀ ਮੁਨਕਰ ਹੋ ਚੁੱਕੇ ਹਾਂ। ਇਹੀ ਵਜ੍ਹਾ ਹੈ ਕਿ ਕਰੋਨਾ ਮਹਾਂਮਾਰੀ ਦੀ ਆਫ਼ਤ ਵਿਚ ਘਿਰਿਆ ਹੋਇਆ ਸੰਸਾਰ ਅੱਜ ਕੁਰਲਾ ਰਿਹਾ ਹੈ। ਇਸ ਮਹਾਂਮਾਰੀ ਦੇ ਵਰਤਾਰੇ ਉਪਰੰਤ ਸ਼ਾਇਦ ਦੁਨੀਆਂ ਦੇ ਨਿਵਾਸੀਆਂ ਅਤੇ ਵੱਖ ਵੱਖ ਮੁਲਕਾਂ ਦੇ ਹੁਕਮਰਾਨਾਂ ਨੂੰ ਉਸ ਰਚਨਹਾਰੇ ਦੀ ਰਚਨਾ, ਉਸਦੀ ਖੇਡ ਅਤੇ ਅਸੀਮਤ ਤਾਕਤ ਦਾ ਅੱਜ ਕੁਝ ਅਹਿਸਾਸ ਹੋਇਆ ਹੈ। 
        ਇਸ ਮਹਾਂਮਾਰੀ ਦੌਰਾਨ ਜਿਨ੍ਹਾਂ ਲੱਖਾਂ ਜਿੰਦਗਾਨੀਆਂ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿਣਾ ਪਿਆ ਹੈ, ਜਿਨਾਂ ਦੇ ਸਬੰਧੀਆਂ ਨੂੰ ਉਨਾਂ ਦੇ ਜਾਣ ਦੀ ਪੀੜਾਂ ਦੀ ਚੀਸ ਦਾ ਡੂੰਘਾ ਦਰਦ ਹੈ। ਉਨਾਂ ਸਭਨਾਂ ਜਾਣ ਵਾਲੀਆਂ ਆਤਮਾਵਾਂ ਦੀ ਸ਼ਾਂਤੀ ਲਈ ਜਿੱਥੇ ਲੇਖਕ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਨਾ ਚਾਹਵੇਗਾ, ਉਥੇ ਚੀਨ, ਅਮਰੀਕਾ, ਕੈਨੇਡਾ, ਫਰਾਂਸ, ਜਪਾਨ, ਇਟਲੀ ਆਦਿ ਵੱਡੇ ਮੁਲਕਾਂ ਅਤੇ ਹੁਕਮਰਾਨਾਂ ਦੇ ਨਾਲ ਨਾਲ ਸਭ ਧਰਮਾਂ, ਕੌਮਾਂ ਦੇ ਧਾਰਮਿਕ ਮੁਖੀਆਂ, ਬ੍ਰਾਹਮਣਾਂ, ਗ੍ਰੰਥੀਆਂ, ਪੋਪਾਂ, ਮੌਲਾਨਿਆਂ ਅਤੇ ਵੱਖੋ ਵੱਖ ਹਜ਼ਾਰਾਂ ਦੀ ਗਿਣਤੀ ਵਿੱਚ ਕਾਇਮ ਹੋ ਚੁੱਕੇ ਗੁੰਮਰਾਹਕੁੰਨ ਡੇਰਿਆਂ ਦੇ ਮੁੱਖੀਆਂ ਆਦਿ ਜੋ ਇਸ ਕੁਦਰਤੀ ਕਹਿਰ ਨੂੰ ਰੱਤੀ ਭਰ ਵੀ ਘੱਟ ਕਰਨ ਜਾਂ ਖਤਮ ਕਰਨ ਵਿਚ ਕੋਈ ਭੂਮਿਕਾ ਨਹੀਂ ਨਿਭਾ ਸਕੇ ਅਤੇ ਸਭ ਉਸ ਕਾਦਰ ਦੀ ਕੁਦਰਤ ਅੱਗੇ ਬੇਬੱਸ ਖੜ੍ਹੇ ਨਜ਼ਰ ਆ ਰਹੇ ਹਨ। ਲੇਖਕ ਉਨਾਂ ਅਤੇ ਸੰਸਾਰ ਨਿਵਾਸੀਆਂ ਨੂੰ ਇਨਸਾਨੀਅਤ ਅਤੇ ਇਖ਼ਲਾਕੀ ਤੋਰ ਤੇ ਇਹ ਅਪੀਲ ਵੀ ਕਰਨੀ ਚਾਹੇਗਾ ਕਿ ਜਿਸ ਦਿਨ ਤੋਂ ਇਹ ਕਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਸਮੁੱਚੇ ਸੰਸਾਰ ਵਿਚ ਇਸ ਪੀੜਾ ਦੇ ਨਾਲ ਨਾਲ ਇੱਕ ਅਲੌਕਿਕ ਨਵੀਂ ਕਿਸਮ ਦੀ ਆਈ ਖਾਮੋਸ਼ੀ—ਚੁੱਪੀ, ਸ਼ਾਂਤ ਵਾਤਾਵਰਣ, ਸਭ ਤਰ੍ਹਾਂ ਦੇ ਉਪੱਦਰ, ਕਤਲੌਗਾਰਤ, ਬਿਮਾਰੀਆਂ, ਘਰੇਲੂ ਦੁੱਖ—ਤਕਲੀਫਾਂ, ਸਵਾਦੀ ਖਾਣੇ ਪਕਵਾਨ, ਨਸ਼ੀਲੀਆਂ ਵਸਤਾਂ ਦੇ ਸੇਵਨ ਕਰਨ, ਆਲਾਸ਼ੀਨ ਹੋਟਲਾਂ, ਕਲੱਬਾਂ ਦੇ ਦੁਨਿਆਵੀ ਅਨੰਦ ਮਾਨਣ, ਮੰਹਿਗੀਆਂ ਕਾਰਾਂ ਆਦਿ ਦੇ ਦੁਨਿਆਵੀ ਕਾਵਾਂ—ਰੌਲੀ, ਜਾਣੋ ਸਭ ਕੁਝ ਪਲਾਂ ਵਿਚ ਹੀ ਸ਼ਾਂਤ ਹੋ ਗਿਆ ਹੈ। ਉਸ ਕਾਦਰ ਦੀ ਕੁਦਰਤ ਦੇ ਅਮੁੱਲ ਨਾਦ—ਅਨਹਦ, ਸੰਗੀਤ, ਧੁਨਾਂ ਨੂੰ ਅੱਜ ਆਪੋ ਆਪਣੇ ਘਰਾਂ ਵਿਚ ਬੰਦ ਹੋ ਚੁੱਕੇ ਸਮੁੱਚੇ ਸੰਸਾਰ ਦੇ ਨਿਵਾਸੀ ਆਪਣੀਆਂ ਆਤਮਾਵਾਂ ਦੀ ਆਵਾਜ਼ ਨੂੰ ਸੁਣ ਵੀ ਰਹੇ ਹਨ ਅਤੇ ਮਹਿਸੂਸ ਵੀ ਕਰ ਰਹੇ ਹਨ। ਸਭ ਤਰ੍ਹਾਂ ਦੀ ਭੱਜ—ਦੌੜ, ਰੌਲਾ—ਰੱਪਾ, ਪ੍ਰਦੂਸ਼ਣ, ਸੋਹਣੇ ਸਿ਼ੰਗਾਰ ਕੱਪੜੇ, ਸੱਜ—ਧੱਜ ਅਤੇ ਚਕਾਚੌਂਧ ਵਾਲੇ ਦੁਨਿਆਵੀ ਅਮਲ ਇੱਕ ਪਲ ਵਿਚ ਹੀ ਕਿੱਥੇ ਗੁਆਚ ਗਏ ਹਨ ? ਅਜਿਹਾ ਹੋਇਆ ਵਰਤਾਰਾ ਅਮਰੀਕਾ, ਚੀਨ ਜਾਂ ਹੋਰ ਕਿਸੇ ਵੀ ਵੱਡੀ ਦੁਨਿਆਵੀ ਤਾਕਤ ਨੇ ਨਹੀਂ ਕੀਤਾ, ਬਲਕਿ ‘ਹੁਕਮਿ ਅੰਦਰ ਸਭੁ ਕੌ ਬਾਹਰ ਹੁਕਮੁ ਨਾ ਕੋਇ’ ਦੇ ਸ਼ਬਦ ਦੇ ਰਚਨਹਾਰੇ ਉਸ ਅਕਾਲ ਪੁਰਖ ਨੇ ਆਪਣੀ ਖੇਡ ਰਾਹੀਂ ਮਨੁੱਖਤਾ ਨੂੰ ਇੱਕ ਅਰਥ ਭਰਪੂਰ ਇਸ਼ਾਰਾ ਕੀਤਾ ਹੈ। ਇਸ ਨੂੰ ਅਸੀਂ ਕਰੋਨਾ ਮਹਾਂਮਾਰੀ ਜਾਂ ਆਫ਼ਤ ਆਖਦੇ ਹੋਏ ਵੀ ਜੇਕਰ ‘ਸਵਰਗ’ ਦਾ ਨਾਮ ਦੇ ਦਈਏ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਜਦੋਂ ਇਸ ਮਹਾਂਮਾਰੀ ਦੇ ਖਤਮ ਹੋਣ ਤੋਂ ਬਾਅਦ ਸਮੁੱਚਾ ਸੰਸਾਰ ਫਿਰ ਪਹਿਲੇ ਦੀ ਤਰ੍ਹਾਂ ਭੱਜ—ਦੌੜ ਅਤੇ ਆਪੋ ਆਪਣੇ ਕਾਰੋਬਾਰੀ ਅਤੇ ਹੋਰ ਮੁਲਕੀ ਰੁਝੇਵਿਆਂ ਵਿਚ ਗ੍ਰਸਤ ਹੋ ਕੇ ਫਿਰ ਤੋਂ ਸਭ ਤਰ੍ਹਾਂ ਦੇ ਉਪੱਦਰ ਗੈਰ ਇਨਸਾਨੀ, ਗੈਰ ਸਮਾਜਿਕ ਸਾਜਿਸ਼ਾਂ, ਜੰਗਾਂ—ਯੁੱਧਾਂ ਦੇ ਦੌਰ ਵਿਚ ਦਾਖਲ ਹੋਵੇਗਾ, ਫਿਰ ਤੋਂ ਅਮਰੀਕਾ, ਚੀਨ ਜਾਂ ਹੋਰ ਮੁਲਕ ਆਪਣੇ ਆਪ ਨੂੰ ਤਾਕਤਵਾਰ ਬਨਾਉਣ ਦੀ ਦੌੜ ਵਿਚ ਲੱਗ ਜਾਣਗੇ, ਉਸ ਨੂੰ ਸੰਸਾਰ ਨਿਵਾਸੀ ਜਾਂ ਇਸ ਲੇਖ ਦੇ ਪਾਠਕ ਕੀ ਸਵਰਗ ਕਹਿਣਾ ਚਾਹੁਣਗੇ ਜਾਂ ਨਰਕ ? ਇਸਦਾ ਫੈਸਲਾ ਸਮੁੱਚੇ ਸੰਸਾਰ ਨਿਵਾਸੀ ਆਪੋ ਆਪਣੇ ਧਰਮਾਂ ਅਤੇ ਆਪਣੇ ਪਰਮਾਤਮਾ ਨੂੰ ਹਾਜ਼ਰ—ਨਾਜ਼ਰ ਸਮਝ ਕੇ ਕਰ ਲੈਣ ਕਿ,
ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ।।
ਜਹ ਜਹ ਰਖਹਿ ਆਪਿ ਤਹਿ ਜਾਇ ਖੜੌਵਣਾ।।,
 ਦੇ ਸੱਚ ਨੂੰ ਜਾਨਣ, ਸਮਝਣ ਅਤੇ ਇਸ ਵਿਸ਼ੇ ਤੇ ਜੇਕਰ ਅਸੀਂ ਆਪਣੀਆਂ ਪੰਜੇ ਇੰਦਰੀਆਂ ਨੂੰ ਇੱਕਾਗਰ ਕਰਕੇ ਉਸ ਰਚਨਹਾਰੇ ਦੀ ਵਰਤਾਈ ਇਸ ਖੇਡ ਉਤੇ ਕੇਂਦਰਿਤ ਹੋ ਕੇ ਸਭ ਮਨੁੱਖੀ ਆਤਮਾਵਾਂ ਸੰਜੀਦਗੀ ਨਾਲ ਸੋਚਣ ਅਤੇ ਅਮਲ ਕਰਨ ਤਾਂ ਲੇਖਕ ਇਹ ਕਹਿ ਸਕਦਾ ਹੈ ਕਿ ਜਿਸ ਸਵਰਗ—ਨਰਕ ਨੂੰ ਅਸੀਂ ਸਭ ਸੰਸਾਰ ਨਿਵਾਸੀ ਆਪੋ ਆਪਣੇ ਗ੍ਰੰਥਾਂ, ਵੇਦਾਂ ਵਿਚ ਪੜ੍ਹਦੇ—ਸੁਣਦੇ ਆ ਰਹੇ ਹਾਂ, ਅਮਲੀ ਰੂਪ ਵਿਚ ਉਸ ਸਵਰਗ—ਨਰਕ ਦੇ ਦੋਵੇਂ ਪੱਖ ਉਸ ਅਕਾਲ ਪੁਰਖ ਨੇ ਦੁਨੀਆਂ ਨਿਵਾਸੀਆਂ ਨੂੰ ਪ੍ਰਤੱਖ ਰੂਪ ਵਿੱਚ ਕਰੋਨਾ ਮਹਾਂਮਾਰੀ ਦੀ ਖੇਡ ਰਾਹੀਂ ਦਰਸਾ ਦਿੱਤੇ ਹਨ। 
    ਹੁਣ ਅਮਰੀਕਾ, ਚੀਨ, ਕੈਨੇਡਾ, ਜਰਮਨ, ਬਰਤਾਨੀਆਂ ਅਤੇ ਸਮੁੱਚੇ ਮੁਲਕਾਂ ਦੇ ਹੁਕਮਰਾਨਾਂ ਅਤੇ ਨਿਵਾਸੀਆਂ ਦੀ ਸੋਚ ਉਤੇ ਨਿਰਭਰ ਕਰਦਾ ਹੈ ਕਿ ਉਹ ਜਿਸ ਤਰ੍ਹਾਂ ਦਾ ਵਾਤਾਵਰਨ ਅਤੇ ਮਾਹੌਲ ਇਸ ਸਮੇਂ ਸੰਸਾਰਿਕ ਕਰਫਿਊ ਅਤੇ ਲਾਕਡਾਊਨ ਦੀ ਸਥਿਤੀ ਵਿਚ ਚੱਲ ਰਿਹਾ ਹੈ, ਭਾਵੇਂ ਕਿ ਇਸ ਮਾਹੌਲ ਵਿਚ ਗਰੀਬ, ਮਜਦੂਰ, ਮਜ਼ਲੂਮਾਂ ਜਿਨਾਂ ਦੀ ਬਹੁਤ ਵੱਡੀ ਗਿਣਤੀ ਹੈ, ਉਹ ਆਪਣੀ ਰੋਜੀ—ਰੋਟੀ ਦੇ ਪ੍ਰਬੰਧ ਦੇ ਮਸਲੇ ਉਤੇ ਵੀ ਵੱਡੀ ਮਾਨਸਿਕ ਅਤੇ ਸ਼ਰੀਰਕ ਪੀੜ੍ਹਾ—ਤਕਲੀਫ਼ ਵਿਚ ਗੁਜ਼ਰ ਰਹੇ ਹਨ ਉਹ, ਉਸ ਪਾਤਸ਼ਾਹੀਆਂ ਦੇ ਪਾਤਸ਼ਾਹ ਦੀ ਅਸੀਮਤ ਤਾਕਤ ਨੂੰ ਕਿਸ ਰੂਪ ਵਿਚ ਲੈਂਦੇ ਹਨ, ਲੇਖਕ ਉਸ ਬਾਰੇ ਤਾਂ ਕੁਝ ਦਾਅਵੇ ਨਾਲ ਨਹੀਂ ਕਹਿ ਸਕਦਾ, ਪਰ ਜੋ ਸਮੁੱਚੇ ਸੰਸਾਰ ਵਿਚ ਦੁੱਖ—ਸੁੱਖ ਦੇ ਇਸ ਦੌਰ ਵਿਚ ਪ੍ਰਕਿਰਤੀ ਨੇ,
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ।।,
ਦੇ ਅਨੁਸਾਰ ਦੁਨਿਆਵੀ ਰਾਜ—ਭਾਗ ਵਾਲੀਆਂ ਬਾਦਸ਼ਾਹੀਆਂ ਅਤੇ ਪਾਤਸ਼ਾਹੀਆਂ ਦੇ ਪਾਤਸ਼ਾਹ ਦੀਆਂ ਤਾਕਤਾਂ ਵਿਚ ਨਿਖੇੜਾ ਕਰਦੇ ਹੋਏ ਸਮੁੱਚੀ ਮਨੁੱਖਤਾ ਨੂੰ ਅਸਲੀਅਤ ਵਿਚ ਇੱਕ ਗਹਿਰ—ਗੰਭੀਰ ਇਸ਼ਾਰਾ ਕਰਦੇ ਹੋਏ, ਉਸਨੇ ‘ਸਵਰਗ ਦਾ ਦ੍ਰਿਸ਼ ਹੀ ਪੇਸ਼ ਕੀਤਾ ਹੈ’। ਉਸਨੂੰ ਚੀਨ, ਅਮਰੀਕਾ ਅਤੇ ਸਭ ਮੁਲਕਾਂ ਦੇ ਨਿਵਾਸੀ ਜੇਕਰ ਆਪਣੀ ਧੁਰ ਆਤਮਾ ਤੋਂ ਸਮਝ ਸਕਣ ਅਤੇ ਉਸ ਰਚਨਹਾਰੇ ਦੇ ਹੁਕਮ ਅਤੇ ਰਜ਼ਾ ਵਿਚ ਆ ਜਾਣ ਤਾਂ ਅਸੀਂ ਸਭ ਸੰਸਾਰ ਰੂਪੀ ਨਿਵਾਸੀ ਸਵਰਗ ਦੇ ਰੂਪ ਨੂੰ ਪ੍ਰਤੱਖ ਰੂਪ ਵਿਚ ਵੇਖਣ ਅਤੇ ਉਸਦਾ ਅਲੌਕਿਕ ਆਨੰਦ ਪ੍ਰਾਪਤ ਕਰਨ ਦੇ ਸਮਰੱਥ ਹੋ ਸਕਾਂਗੇ। ਵਰਨਾ ਸੰਸਾਰ ਵਿਚ ਵੱਡੇ ਮਾਲੀ ਸੰਕਟ ਆਉਣ ਵਾਲਾ ਸਮਾਂ ਸਾਨੂੰ ਮੌਜੂਦਾ ਬਣੇ ਅਤਿ ਬਦਤਰ ਹਾਲਾਤਾਂ ਤੋਂ ਵੀ ਵੱਡੇ ਨਰਕ ਵੱਲ ਧਕੇਲ ਦੇਵੇਗਾ। ਜਿਸ ਲਈ ਕੋਈ ਵੀ ਇਨਸਾਨ ਜਾਂ ਵੱਖ ਵੱਖ ਮੁਲਕਾਂ ਦੇ ਹੁਕਮਰਾਨ, ਇਸ ਦੁਨੀਆਂ ਦੇ ਰਚਨਹਾਰੇ ਨੂੰ ਦੋਸ਼ੀ ਨਹੀਂ ਠਹਿਰਾ ਸਕਣਗੇ, ਬਲਕਿ ਮਨੁੱਖ ਜਾਤੀ ਅਤੇ ਹੁਕਮਰਾਨ ਹੀ ਦੋਸ਼ੀ ਪ੍ਰਵਾਨ ਹੋਣਗੇ। 
        ਇਸ ਲੇਖ ਦੇ ਲੇਖਕ ਦਾ ਦੂਸਰਾ ਗੰਭੀਰ ਮੁੱਦਾ ਇਹ ਹੈ ਕਿ ਜਾਨਵਰਾਂ, ਪੰਛੀਆਂ ਅਤੇ ਸਮੁੰਦਰੀ ਜੀਵਾਂ ਨੂੰ ਵੀ ਇੱਕ ਅਲੌਕਿਕ ਅਜ਼ਾਦੀ ਪ੍ਰਦਾਨ ਹੋਈ ਹੈ, ਹਵਾ—ਪਾਣੀ ਅਤੇ ਵਾਤਾਵਰਨ ਬਿਲਕੁੱਲ ਪ੍ਰਦੂਸ਼ਨ ਰਹਿਤ ਅਤੇ ਕੁਦਰਤ ਪੱਖੀ ਹੋ ਚੁੱਕਾ ਹੈ। ਇਸ ਬਣੇ ਮਾੜੇ ਜਾਂ ਚੰਗੇ ਕੁਦਰਤੀ ਮਾਹੌਲ ਉਤੇ ਲੇਖਕ ਦਾ ਵਿਚਾਰ ਅਤੇ ਸੁਝਾਅ ਹੈ ਕਿ ਜਿੱਥੋਂ ਕਰੋਨਾ ਮਹਾਂਮਾਰੀ ਦੀ ਆਫ਼ਤ ਆਉਣ ਉਤੇ ਵੱਡੇ ਮੁਲਕਾਂ ਦੇ ਹੁਕਮਰਾਨ ਅਤੇ ਸੰਸਾਰ ਨਿਵਾਸੀ ਉਸ ਰਚਨਹਾਰੇ ਦੀ ਹੌਂਦ ਨੂੰ ਪ੍ਰਵਾਨ ਕਰਨ ਲਈ ਮਜਬੂਰ ਹੋਏ ਹਨ, ਉਥੋਂ ਹੀ ਇਸ ਦੁਨੀਆਂ ਨੂੰ ਸਥਾਈ ਤੋਰ ਤੇ ਪ੍ਰਤੱਖ ਰੂਪ ਵਿਚ ਸਵਰਗ ਰੂਪੀ ਬਨਾਉਣ ਦੀ ਸ਼ੁਰੂਆਤ ਦਾ ਬਿਗਲ ਵੱਜ ਚੁੱਕਾ ਹੈ। ਹੁਣ ਤੱਕ ਸਾਇੰਸ ਅਤੇ ਸਾਇੰਸਦਾਨਾਂ ਵਲੋਂ ਵੱਡੀਆਂ ਤਰੱਕੀਆਂ ਕਰਨ ਅਤੇ ਦੁਨਿਆਵੀ ਚਕਾਚੌਂਧ ਵਾਲੀਆਂ ਵਸਤਾਂ, ਆਧੁਨਿਕ ਹੈਰਾਨ ਕਰਨ ਵਾਲੀਆਂ ਤਕਨੀਕਾਂ ਅਤੇ ਦੁਨੀਆਂ ਵਿਚ ਵੱਡੇ ਭੰਡਾਰ ਇੱਕਤਰ ਹੋਣ ਦੇ ਦੁਨਿਆਵੀ ਵਰਤਾਰੇ ਨੂੰ ਇੱਕ ਪਲ ਲਈ ਪਾਸੇ ਰੱਖ ਕੇ, ਜੇਕਰ ਉਸ ਕੁਦਰਤ ਦੀ ਖੇਡ ਅਤੇ ਉਸਦੀ ਰਜ਼ਾ ਨੂੰ ਮੰਨਣ ਉਤੇ ਕੇਂਦਰਿਤ ਹੋਇਆ ਜਾਵੇ, ਤਾਂ ਇਹ ਵਰਤਾਰਾ ਸਮੁੱਚੇ ਸੰਸਾਰ ਵਿਚ ਵੱਡੀਆਂ ਤਰੱਕੀਆਂ ਅਤੇ ਦੁਨਿਆਵੀ ਸਹੂਲਤਾਂ ਪ੍ਰਦਾਨ ਹੋਣ ਉਪਰੰਤ ਵੀ ਦੁਨੀਆਂ ਦੇ ਨਿਵਾਸੀਆਂ ਦੀ ਵੱਡੀ ਗਿਣਤੀ ਜੋ ਪਹਿਲੇ ਵੀ ਅਤੇ ਅੱਜ ਵੀ ਨਰਕ ਦਾ ਜੀਵਨ ਬਸਰ ਕਰਦੀ ਆ ਰਹੀ ਹੈ, ਉਸ ਨਰਕ ਨੂੰ ਅਲਵਿਦਾ ਕਹਿਣ ਅਤੇ ਉਸਦਾ ਅੰਤ ਕਰਨ ਦੇ ਸਮੇਂ ਦੀ ਦਸਤਕ ਦੇ ਰਿਹਾ ਹੈ। ਕਿਉਂਕਿ ਸਭ ਦੁਨੀਆਂ ਦੇ ਗ੍ਰੰਥ, ਵੇਦ, ਪੀਰ—ਪੈਗੰਬਰ, ਦਰਵੇਸ਼ਾਂ ਨੇ ਫਕੀਰੀ ਅਮਲੀ ਜੀਵਨ ਤੇ ਹਰ ਆਤਮਾ ਅਤੇ ਮਨ ਵਿਚ ‘ਸਰਬੱਤ ਦੇ ਭਲ’ ਅਤੇ ਬਰਾਬਰਤਾ ਦੀ ਗੱਲ ਉਤੇ ਹੀ ਜੋਰ ਦਿੱਤਾ ਹੈ। ਫਿਰ ਇਹ ਸਬਰ—ਸੰਤੋਖ, ਸਹਿਜ ਵਾਲਾ ਫਕੀਰੀ ਜੀਵਨ, ਸਰਬੱਤ ਦੇ ਭਲੇ ਅਤੇ ਬਰਾਬਰਤਾ ਦੇ ਅਮਲ ਵਾਲੀ ਸੋਚ ਸਾਨੂੰ ਸਭ ਸੰਸਾਰ ਨਿਵਾਸੀਆਂ ਅਤੇ ਵੱਖ ਵੱਖ ਮੁਲਕਾਂ ਦੇ ਹੁਕਮਰਾਨਾਂ ਨੂੰ ਸਵਰਗ ਵਾਲੇ ਦਰਵਾਜ਼ੇ ਵਿਚ ਦਾਖਲ ਹੋਣ ਦਾ ਇੰਤਜਾਰ ਨਹੀਂ ਕਰ ਰਹੀ ? 
        ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਮਰੀਕਾ, ਕੈਨੇਡਾ, ਚੀਨ, ਜਪਾਨ, ਜਰਮਨ, ਬਰਤਾਨੀਆਂ ਵਰਗੇ ਵੱਡੇ ਮੁਲਕ ਜਾਂ ਅਮਰੀਕਾ ਅਤੇ ਚੀਨ ਵਰਗੀਆਂ ਵੱਡੀਆਂ ਤਾਕਤਾਂ ਬਨਣ ਦੇ ਝਮੇਲੇ ਦੀ ਮਨੁੱਖਤਾ ਵਿਰੋਧੀ ਸੋਚ ਅਤੇ ਅਮਲਾਂ ਦੇ ਅਧੀਨ ਹੀ ਆਪਣੇ ਆਪ ਨੂੰ ਵੱਡੇ ਤਾਕਤਵਰ ਕਹਾਉਣ, ਸਿਕੰਦਰ ਬਾਦਸ਼ਾਹ ਦੀ ਤਰ੍ਹਾਂ ਮਨੁੱਖਤਾ ਦਾ ਖੂਨ ਬਹਾ ਕੇ ਦੁਨੀਆਂ ਨੂੰ ਜਿੱਤਣ ਦੇ ਹੋ ਰਹੇ ਮਨੁੱਖਤਾਂ ਵਿਰੋਧੀ ਅਮਲ ਸਾਨੂੰ ਸਵਰਗ ਵਾਲੇ ਦਰਵਾਜ਼ੇ ਵਿਚ ਦਾਖਲ ਹੋਣ ਤੋਂ ਰੋਕ ਰਹੇ ਹਨ। ਇੱਥੇ ਲੇਖਕ ਉਸ ਇਤਿਹਾਸਕ ਬਿਰਤਾਂਤ ਤੋਂ ਸੰਸਾਰ ਨਿਵਾਸੀਆਂ ਨੂੰ ਜਾਣੂ ਕਰਵਾਉਣਾ ਆਪਣਾ ਫਰਜ਼ ਸਮਝਦਾ ਹੈ ਕਿ ਜਦੋਂ ਸਿਕੰਦਰ ਅੱਧੀ ਦੁਨੀਆਂ ਜਿੱਤ ਕੇ ਆਪਣੀ ਘੋੜ, ਹਾਥੀ, ਪੈਦਲ ਫੌਜ ਅਤੇ ਵੱਡੇ ਲਾਮ—ਲਸ਼ਕਰ ਸਹਿਤ ਅਗਲੀ ਜੰਗ ਜਿੱਤਣ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਇੱਕ ਸ਼ਮਸ਼ਾਨਘਾਟ ਦੇ ਬਾਹਰ ਜਿੱਥੇ ਮਨੁੱਖੀ ਸਿਵੇ ਬਲ ਰਹੇ ਸਨ।  ਉਸ ਅਕਾਲ ਪੁਰਖ ਦੀ ਰਜ਼ਾ ਅਤੇ ਮੌਜ਼ ਵਿਚ ਵਿਚਰਨ ਵਾਲਾ ਫਕੀਰ, ਮਨੁੱਖੀ ਖੋਪੜੀ ਨੂੰ ਆਪਣੇ ਸਿਰ ਥੱਲੇ ਸਿਰਹਾਣੇ ਦੀ ਤਰ੍ਹਾਂ ਬਣਾ ਕੇ ਆਰਾਮ ਫੁਰਮਾ ਰਿਹਾ ਸੀ ਅਤੇ ਉਸ ਕੁਦਰਤ ਨੂੰ ਨਿਹਾਰ ਰਿਹਾ ਸੀ। ਜਦੋਂ ਫੌਜਾਂ ਉਥੇ ਪੰਹੁਚੀਆਂ ਤਾਂ ਸਿਕੰਦਰ ਬਾਦਸ਼ਾਹ ਨੇ ਵੇਖਿਆ ਕਿ ਇੱਕ ਬੇਪਰਵਾਹ ਅਤੇ ਬੇਫਿਕਰ ਹੋ ਕੇ ਕੋਈ ਇਨਸਾਨ ਰਸਤੇ ਵਿਚ ਸੁੱਤਾ ਪਿਆ ਹੈ ਤਾਂ ਫੌਜਾਂ ਰੁਕਵਾ ਦਿੱਤੀਆਂ ਗਈਆਂ ਅਤੇ ਬਾਦਸ਼ਾਹ ਆਪਣੀ ਬਾਦਸ਼ਾਹੀ ਅਸਵਾਰੀ ਤੋਂ ਹੇਠਾਂ ਉਤੱਰਿਆ ਅਤੇ ਉਸ ਫਕੀਰ ਨੂੰ ਜਾ ਕੇ ਕਹਿਣ ਲੱਗਾ ਕਿ ‘ਤੂੰ ਇੱਥੇ ਕੀ ਕਰ ਰਿਹਾ ਹੈ?’ ਤਾਂ ਫਕੀਰ ਨੇ ਸਿਕੰਦਰ ਬਾਦਸ਼ਾਹ ਨੂੰ ਜਵਾਬ ਦੇਣ ਦੀ ਥਾਂ ਤੇ ਪ੍ਰਸ਼ਨ ਕੀਤਾ ਕਿ ਤੂੰ ਕੀ ਕਰ ਰਿਹੈਂ ਅਤੇ ਇਹ ਫੌਜਾਂ ਲਾਮ—ਲਸ਼ਕਰ ਲੈ ਕੇ ਕਿੱਥੇ ਜਾ ਰਿਹੈਂ? ਤਾਂ ਬਦਸ਼ਾਹ ਨੇ ਜਵਾਬ ਦਿੱਤਾ ਕਿ ਉਹ ਤਾਂ  ਆਪਣੀ ਅਗਲੀ ਜੰਗ—ਯੁੱਧ ਕਰਨ ਲਈ ਜਾ ਰਿਹਾ ਹੈ। ਫਕੀਰ ਨੇ ਫਿਰ ਸਵਾਲ ਕੀਤਾ ਕਿ ਇਹ ਤੂੰ ਇਹ ਜੰਗ—ਧੁੱਧ ਕਿਸ ਲਈ ਕਰਦੈਂ? ਤਾਂ ਜਵਾਬ ਮਿਲਿਆ ਕਿ ਮੈਂ ਇਹ ਜੰਗ ਜਿੱਤ ਕੇ ਫਿਰ ਅਗਲੇ ਪੜ੍ਹਾਅ ਤੇ ਜੰਗ ਲੜਣ ਜਾਵਾਂਗਾ, ਕਿਉਂਕਿ ਮੈਂ ਸਾਰੇ ਸੰਸਾਰ ਨੂੰ ਜਿੱਤਣਾ ਹੈ। ਫਕੀਰ ਨੇ ਫਿਰ ਸਵਾਲ ਕੀਤਾ ਕਿ ਸੰਸਾਰ ਨੂੰ ਜਿੱਤ ਕੇ ਫਿਰ ਤੂੰ ਕੀ ਕਰੇਗਾਂ? ਬਾਦਸ਼ਾਹ ਨੇ ਜਵਾਬ ਦਿੱਤਾ ਫਿਰ ਮੈਂ ਆਰਾਮ—ਆਨੰਦ ਨਾਲ ਰਹਾਂਗਾ। ਫਕੀਰ ਨੇ ਆਪਣੀ ਗੱਲ ਨੂੰ ਨਤੀਜ਼ੇ ਤੇ ਪੰਹੁਚਾਉਂਦੇ ਹੋਏ ਕਿਹਾ ਕਿ ਜਿਸ ਚੈਨ—ਆਰਾਮ ਦੀ ਨੀਂਦ ਦੀ ਤੂੰ ਗੱਲ ਕਰ ਰਿਹੈਂ, ਉਸ ਲਈ ਤੂੰ ਪਹਿਲੇ ਵੀ ਮਨੁੱਖਤਾ ਦਾ ਬਹੁਤ ਖੂਨ ਵਹਾਇਆ ਹੋਵੇਗਾ ਅਤੇ ਹੋਰ ਵਹਾਏਂਗਾ ਅਤੇ ਫਿਰ ਜਾ ਕੇ ਤੂੰ ਆਨੰਦ ਅਤੇ ਚੈਨ ਨਾਲ ਸੌਵੇਂਗਾ, ਉਹ ਆਨੰਦ ਅਤੇ ਚੈਨ ਦੀ ਨੀਂਦ ਤਾਂ ਮੈਂ ਬਿਨਾਂ ਕੁਝ ਉਪੱਦਰ ਕਰੇ ਤੋਂ ਇਸ ਧਰਤੀ ਤੇ ਆਰਾਮ ਚੈਨ ਦੀ ਨੀਂਦ ਪ੍ਰਾਪਤ ਕਰਨ ਦੇ ਨਾਲ ਨਾਲ ਆਨੰਦਮਈ ਜਿੰਦਗੀ ਬਸਰ ਵੀ ਕਰ ਰਿਹਾ ਹਾਂ। ਸਿੰਕਦਰ ਬਾਦਸ਼ਾਹ ਜੋ ਤਾਕਤਵਰ ਹੋਣ ਦੇ ਨਾਲ ਨਾਲ ਤੇਜ਼—ਤਰਾਰ ਦਿਮਾਗ ਵੀ ਸੀ, ਉਹ ਫਕੀਰ ਦੇ ਬੋਲੇ ਅਰਥ ਭਰਪੂਰ ਸ਼ਬਦਾਂ ਨੂੰ ਸਮਝ ਚੁੱਕਾ ਸੀ ਅਤੇ ਉਸਦੇ ਚਰਨੀਂ ਪੈ ਗਿਆ। ਇਸ ਉਪਰੰਤ ਉਸਨੇ ਉਥੋਂ ਹੀ ਆਪਣੀਆਂ ਫੌਜਾਂ ਨੂੰ ਵਾਪਿਸ ਆਪਣੇ ਟਿਕਾਣੇ ਵੱਲ ਕੂਚ ਕਰਨ ਦਾ ਹੁਕਮ ਕਰ ਦਿੱਤਾ ਅਤੇ ਆਪਣੇ ਬਾਦਸ਼ਾਹੀ ਮਹਿਲਾਂ ਵਿਚ ਜਾ ਕੇ ਆਪਣੀ ਮਾਤਾ ਨਾਲ ਵੈਰਾਗ ਅਤੇ ਆਪਣੀ ਆਤਮਿਕ ਆਵਾਜ਼ ਰਾਹੀਂ ਕਹਿਣ ਲੱਗਾ ਕਿ ਮਾਤਾ ਜਦੋਂ ਮੈਂ ਇਸ ਦੁਨੀਆਂ ਤੋਂ ਜਾਵਾਂ ਤਾਂ ਮੇਰੀ ਅਰਥੀ ਵਿਚੋਂ ਦੋਵੇਂ ਹੱਥਾਂ ਨੂੰ ਬਾਹਰ ਕੱਢ ਦੇਣਾ। ਤਾਂ ਕਿ ਸਿੰਕਦਰ ਬਾਦਸ਼ਾਹ ਦੀ ਮੌਤ ਤੋਂ ਬਾਅਦ ਉਸਦੀ ਆਪਣੀ ਪਰਜ਼ਾ ਅਤੇ ਦੁਨੀਆਂ ਨੂੰ ਇਹ ਪਤਾ ਲੱਗ ਸਕੇ ਕਿ ਦੁਨੀਆਂ ਦਾ ਤਾਕਤਵਰ ਬਾਦਸ਼ਾਹ ਜਾਣ ਲੱਗੇ ਦੋਵੇਂ ਹੱਥ ਖਾਲੀ ਜਾ ਰਿਹਾ ਹੈ।
   ਜਦੋਂ ਵੱਡੇ ਮੁਲਕਾਂ ਦੇ ਹੁਕਮਰਾਨ, ਬਾਦਸ਼ਾਹ ਜੋ ਮਨੁੱਖੀ ਜਾਮੇ ਵਿਚ ਹਨ ਅਤੇ ਜੋ ਸਭ ਤਰ੍ਹਾਂ ਦੀਆਂ ਮਾਲੀ, ਫੌਜੀ, ਵਿਗਿਆਨਕ, ਪ੍ਰਮਾਣੂ ਅਤੇ ਜੈਵਿਕ ਹਥਿਆਰਾਂ ਅਤੇ ਤਾਕਤਾਂ ਦੇ ਮਾਲਕ ਹੁੰਦੇ ਹੋਏ ਵੀ ਆਪਣੇ ਆਪ ਨੂੰ ਸਮਾਂ ਆਉਣ ਉਤੇ ਮੌਤ ਦੇ ਮੂੰਹ ਵਿਚ ਜਾਣ ਤੋਂ ਰੋਕਣ ਦੀ ਕੋਈ ਸਮਰੱਥਾ ਨਹੀਂ ਰੱਖਦੇ, ਉਨਾਂ ਮੁਲਕਾਂ ਅਤੇ ਅਤੇ ਉਨਾਂ ਦੇ ਹੁਕਮਰਾਨਾਂ ਲਈ ਸਾਜ਼ਸੀ ਅਤੇ ਦੁਨਿਆਵੀ ਢੰਗਾਂ ਦੀ ਵਰਤੋਂ ਕਰਕੇ ਇੱਕਤਰ ਕੀਤੇ ਜਾ ਰਹੇ ਸਭ ਮਾਲੀ, ਫੌਜੀ, ਭੂਗੌਲਿਕ ਸਾਧਨ ਜਿਨਾਂ ਵਿਚ ਫੌਜਾਂ, ਤੋਪਾਂ, ਟੈਂਕਾਂ, ਐਟਮ ਬੰਬ, ਜੈਵਿਕ ਬੰਬ, ਡਾਲਰਾਂ, ਸੋਨੇ—ਹੀਰੇ ਜਵਾਹਾਰਾਤਾਂ ਨਾਲ ਭਰੇ ਮੁਲਕੀ ਖਜਾਨੇ, ਅਸਮਾਨਾਂ ਨੂੰ ਛੁਹੰਦੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਅਤੇ ਵੱਡੇ ਕਾਰੋਬਾਰ ਉਨਾਂ ਦੀ ਮਨੁੱਖੀ ਤਾਕਤ ਦਾ ਇੱਕ ਕਣ ਵੀ ਇਸ ਦੁਨੀਆਂ ਤੋਂ ਕੂਚ ਕਰਦੇ ਸਮੇਂ ਜਦੋਂ ਉਹ ਨਾਲ ਹੀ ਨਹੀਂ ਲਿਜਾ ਸਕਣਗੇ, ਫਿਰ ਵੱਡੇ ਮੁਲਕਾਂ ਅਤੇ ਹੋਰ ਸਭ ਮੁਲਕਾਂ ਦੇ ਹੁਕਮਰਾਨਾਂ ਵਲੋਂ ਕਰੋੜਾਂ, ਅਰਬਾਂ—ਖਰਬਾਂ ਰੁਪਇਆਂ ਦੇ ਵੱਡੇ ਮਨੁੱਖਤਾ ਅਤੇ ਇਨਸਾਨੀਅਤ ਵਿਰੋਧੀ ਖਰਚ ਕਰਕੇ ਜਲ, ਥਲ ਅਤੇ ਹਵਾਈ ਸੈਨਾਵਾਂ ਦੀ ਕੀਤੀ ਗਈ ਮਨੁੱਖਤਾ ਮਾਰੂ ਤਾਇਨਾਤੀ, ਅਮੀਰ—ਗਰੀਬ ਮੁਲਕਾਂ ਵਿਚ ਪਾੜਾ ਖੜਾ ਕਰਕੇ ਉਸ ਅਕਾਲ ਪੁਰਖ ਦੀ ਰਚਨਾ ਅਤੇ ਖੇਡ ਨੂੰ ਚੁਣੌਤੀ ਦਿੰਦੇ ਹੋਏ ਇਹ ਬਣਾਈਆਂ ਜਾ ਰਹੀਆਂ ਮਨੁੱਖੀ ਅਤੇ ਮੁਲਕੀ ਦੂਰੀਆਂ ਅਤੇ ਨਫਰਤ ਦਾ ਕੀ ਅਰਥ ਰਹਿ ਜਾਂਦਾ ਹੈ? 
     ਇਹ ਸਭ ਹੁਕਮਰਾਨ ਅਤੇ ਮੁਲਕ ਜੇਕਰ ਆਪੋ ਆਪਣੀਆਂ ਫੌਜਾਂ ਦੇ ਰੱਖ— ਰਖਾਓ ਉਤੇ ਆਪਣੇ ਆਪ ਨੂੰ ਵੱਡਾ ਤਾਕਤਵਾਰ ਦਿਖਾਉਣ ਤੇ ਯੁੱਧਾਂ—ਜੰਗਾਂ ਅਤੇ ਸਾਜਿਸ਼ਾਂ ਰਾਹੀਂ ਮਨੁੱਖਤਾ ਦਾ ਘਾਣ ਕਰਨ ਵਾਲੇ ਇਹ ਵੱਡੇ ਮੁਲਕ ਅਤੇ ਇਨਾਂ ਦੇ ਹੁਕਮਰਾਨ ਅਜਿਹੇ ਅਣਮਨੁੱਖੀ ਮਨੁੱਖਤਾ ਦਾ ਖੂਨ ਵਹਾਉਣ ਵਾਲੇ ਅਮਲਾਂ, ਪ੍ਰਮਾਣੂ, ਜੈਵਿਕ ਹਥਿਆਰਾਂ ਦੇ ਜਮਾਂ ਕੀਤੇ ਗਏ ਭੰਡਾਰਾਂ ਨੂੰ ਸਰਬ—ਸਾਂਝੀ ਰਾਇ ਅਨੂਸਾਰ ਖਤਮ ਕਰ ਦੇਣ। ਸਭ ਬਨਾਵਟੀ ਸਰਹੱਦਾਂ ਦੀ ਬਣਾਈ ਗਈ ਨਫ਼ਰਤ ਭਰੀ ਪ੍ਰਣਾਲੀ ਦਾ ਅੰਤ ਕਰਦੇ ਹੋਏ, ਅਜਿਹੇ ਅਣਮਨੁੱਖੀ ਮਨੁੱਖਤਾ ਦਾ ਖੂਨ ਵਹਾਉਣ ਵਾਲੇ ਅਮਲਾਂ ਤੋਂ ਤੌਬਾ ਕਰ ਲੈਣ ਅਤੇ ਅਜਿਹੇ ਅਮਲਾਂ ਉਤੇਂ ਅਰਬਾਂ—ਖਰਬਾਂ ਦੇ ਕੀਤੇ ਜਾਣ ਵਾਲੇ ਖਰਚਿਆਂ ਨੂੰ ਸਮੁੱਚੇ ਸੰਸਾਰ ਰੂਪੀ ਮਨੁੱਖਤਾ ਦੀ ਬਿਹਤਰੀ ਕਰਨ ਲਈ ਸਹੀ ਢੰਗ ਨਾਲ ਵਰਤ ਸਕਣ ਤਾਂ ਇਸ ਲੇਖ ਦਾ ਲੇਖਕ ਉਸ ਅਕਾਲ ਪੁਰਖ ਨੂੰ ਪ੍ਰਤੱਖ ਰੂਪ ਵਿਚ ਹਾਜ਼ਰ ਨਾਜ਼ਰ ਸਮਝ ਕੇ ਇਹ ਦਾਅਵੇ ਨਾਲ ਕਹਿ ਸਕਦਾ ਹੈ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਕਿਸੇ ਵੀ ਇੱਕ ਮਨੁੱਖ, ਜਾਤੀ, ਜਾਨਵਰ ਅਤੇ ਜੀਵਾਂ ਨਾਲ ਕੋਈ ਗੈਰ ਇਨਸਾਨੀ ਵਰਤਾਰਾ ਨਹੀਂ ਹੋ ਸਕੇਗਾ। 
     ਸਮੁੱਚੇ ਸੰਸਾਰ ਦੇ ਨਿਵਾਸੀਆਂ ਉਤੇ ਇਨਾਂ ਸਾਧਨਾਂ ਰਾਹੀਂ ਹਰ ਤਰ੍ਹਾਂ ਦੀਆਂ ਦੁਨਿਆਵੀ ਸਹੂਲਤਾਂ ਦੇ ਨਾਲ ਨਾਲ ਅਮਨ—ਚੈਨ, ਜਮਹੂਰੀਅਤ, ਆਜ਼ਾਦੀ ਅਤੇ ਬਰਾਬਰਤਾ ਦੇ ਅਧਾਰ ਤੇ ਜਿੰਦਗੀ ਬਸਰ ਕਰਨ ਦਾ ਮੌਕਾ ਖਦ—ਵਾ—ਖੁਦ ਉਤਪੰਨ ਹੋ ਜਾਵੇਗਾ। ਕਿਸੇ ਤਰਾਂ ਦੇ ਵੀ ਕਿਸੇ ਵੀ ਮੁਲਕ ਜਾਂ ਹੁਕਮਰਾਨ ਨੂੰ ਆਪਣੇ ਆਪ ਨੂੰ ਤਾਕਤਵਾਰ ਜਾਂ ਵੱਡਾ ਅਖਵਾਉਣ ਦੀ ਸੋਚ ਅਧੀਨ ਕਿਸੇ ਤਰ੍ਹਾਂ ਦਾ ਜੰਗਾਂ—ਯੁੱਧਾਂ ਦਾ ਉਪੱਦਰ ਨਹੀਂ ਕਰਨਾ ਪਵੇਗਾ। ਸਮੁੱਚੇ ਸੰਸਾਰ ਦੇ ਪ੍ਰਬੰਧ ਲਈ ਜਿਵੇਂ ਕੌਮਾਂਤਰੀ ਜੱਥੇਬੰਦੀ ਯੂ.ਐਨ.ਓ ਅਤੇ ਵਿਗਿਆਨੀਆਂ ਨਾਲ ਸਬੰਧਤ ਨਾਸਾ ਦੀ ਸੰਸਥਾਂ ਨੇ ਆਪੋ ਆਪਣੇ ਮੁੱਖ ਦਫਤਰਾਂ ਵਿਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਪ੍ਰਵਾਨ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕੀਤੇ ਹੋਏ ਹਨ, ਅਤੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਰ ਤਰ੍ਹਾਂ ਦੇ ਭੇਦ—ਭਾਵ ਅਤੇ ਵਿਤਕਰਿਆਂ ਤੋਂ ਰਹਿਤ ਸਮੁੱਚੀ ਮਨੁੱਖਤਾ ਦੀ ਬਿਹਤਰੀ ਅਤੇ ਬਰਾਬਰਤਾ ਦੀ ਗੱਲ ਕਰਦੇ ਹਨ।  ਉਸ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੇ ਸੰਸਾਰ ਦਾ ਵਿਧਾਨ ਪ੍ਰਵਾਨ ਕਰਕੇ ਜੇਕਰ ਸਮੁੱਚੇ ਮੁਲਕਾਂ ਦੇ ਹੁਕਮਰਾਨ ਆਪੋ—ਆਪਣੀਆਂ ਸਰਹੱਦਾਂ ਨੂੰ ਖਤਮ ਕਰਕੇ ਇੱਕ ਗਲੋਬਲ ਪਿੰਡ ਨੂੰ ਅਮਲੀ ਰੂਪ ਵਿਚ ਕਾਇਮ ਕਰਦੇ ਹੋਏ ਸਰਬੱਤ ਦੇ ਭਲੇ ਦੀ ਸੋਚ ਅਧੀਨ ਪ੍ਰਬੰਧ ਕਰਨ ਦਾ ਸਾਮੂਹਿਕ ਰੂਪ ਵਿਚ ਮਜਬੂਤੀ ਨਾਲ ਊਦਮ ਕਰਨ ਦੀ ਜੁੰਮੇਵਾਰੀ ਨਿਭਾਉਣ, ਤਾਂ ਜਿੱਥੇ ਦੁਨੀਆਂ ਦੇ ਵਾਸੀਆਂ ਦੇ ਹਰ ਤਰ੍ਹਾਂ ਦੇ ਦੁੱਖ—ਤਕਲੀਫ਼ਾਂ ਸਦਾ ਲਈ ਖਤਮ ਹੋ ਸਕਣਗੇ।  ਉਥੇ ਸਭ ਗ੍ਰੰਥਾਂ, ਵੇਦਾਂ ਦੇ ਅਨੂਸਾਰ ਬਰਾਬਰਤਾ ਅਤੇ ਨੈਚੁਰਲ ਜਸਟਿਸ ਆਫ਼ ਲਾਅ, ਅਮਨ—ਚੈਨ ਅਤੇ ਜਮਹੂਰੀਅਤ ਕਾਇਮ ਕਰਨ ਵਾਲੀਆਂ ਕਦਰਾਂ—ਕੀਮਤਾਂ ਨੂੰ ਵੀ ਅਮਲੀ ਰੂਪ ਵਿਚ ਲਾਗੂ ਕਰਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਕਰਨ ਵਿਚ ਅਸੀਂ ਯੋਗਦਾਨ ਪਾ ਸਕਾਂਗੇ। ਕਿਸੇ ਵੀ ਮੁਲਕ ਜਾਂ ਇਨਸਾਨ ਨੂੰ ਮਨੁੱਖਤਾ—ਮਾਰੂ ਖਤਰਨਾਕ ਜੈਵਿਕ ਜਾਂ ਪ੍ਰਮਾਣੂ ਬੰਬ ਬਨਾਉਣ ਦੀ ਮਨੁੱਖਤਾ ਵਿਰੋਧੀ ਸੋਚ ਦੀ ਲੋੜ ਹੀ ਮਹਿਸੂਸ ਨਹੀਂ ਹੋਵੇਗੀ। ਇਸ ਸਵਰਗ ਰੂਪੀ ਸੰਸਾਰਿਕ ਪ੍ਰਬੰਧ ਕਾਇਮ ਕਰਨ ਦੇ ਅਮਲਾਂ ਤੋਂ ਪਹਿਲੇ ਸਭ ਵੱਡੇ ਮੁਲਕਾਂ ਨੂੰ ਸਹਿਜ ਨੀਤੀ ਅਧੀਨ ਆਪੋ ਆਪਣੇ ਪ੍ਰਮਾਣੂ, ਜੈਵਿਕ ਬੰਬਾਂ, ਉਪਕਰਣਾ ਅਤੇ ਹਥਿਆਰਾਂ ਨੂੰ ਖਤਮ ਕਰਨ ਦੀ ਵੱਡੀ ਜੁੰਮੇਵਾਰੀ ਨਿਭਾਉਣੀ ਹੋਵੇਗੀ। ਉਪਰੰਤ ਗਲੋਬਲ ਰੂਪੀ ਪਿੰਡ ਨੂੰ ਅਤਿ ਸੰਜੀਦਗੀ ਅਤੇ ਸਹਿਯੋਗ ਨਾਲ ਕਾਇਮ ਕਰਨ ਲਈ ਸਾਂਝੀ ਦ੍ਰਿੜਤਾ ਅਤੇ ਦੂਰ ਅੰਦੇਸ਼ੀ ਨਾਲ ਆਪੋ ਆਪਣੀ ਦੁਨਿਆਵੀ ‘ਹਓਮੈਂ ’ ਨੂੰ ਅਲਵਿਦਾ ਕਹਿ ਕੇ ਆਪਣੀ ਮੰਜਿ਼ਲ ਵੱਲ ਵਧਣਾ ਪਵੇਗਾ। 
   ਫਿਰ ਹਲੈਮੀ ਰਾਜ, ਬੇਗਮਪੁਰਾ ਸ਼ਹਿਰ ਕੌ ਨਾਉਂ ਅਨੂਸਾਰ ਇੰਡੀਆਂ ਅਤੇ ਹੋਰ ਮੁਲਕਾਂ ਵਿਚ ਇਖ਼ਲਾਕੀ ਅਤੇ ਸਮਾਜਪੱਖੀ ਜੱਥੇਬੰਦੀਆਂ ਅਤੇ ਸ਼ਖਸੀਅਤਾਂ ਨੂੰ ਸਮਾਜਿਕ ਪਾੜੇ ਦੇ ਹੋ  ਰਹੇ ਵੱਡੇ ਵਿਤਕਰਿਆਂ, ਜ਼ਬਰ—ਜੁਲਮ ਵਿਰੁੱਧ ਲੰਮੀ ਅਤੇ ਮੁਸ਼ਕਿਲ ਭਰੀ ਜੱਦੋ—ਜ਼ਹਿਦ ਕਰਨੀ ਪੈ ਰਹੀ ਹੈ, ਸਭ ਮੁਲਕਾਂ ਵਿਚ ਅਜਿਹੇ ਮਨੁੱਖੀ ਤਾਕਤ ਅਜਾਈ ਗੁਆਉਣ ਅਤੇ ਮਨੁੱਖੀ ਖੂਨ ਵਹਾਉਣ ਦੇ ਦੁਖਦਾਇਕ ਅਮਲਾਂ ਦਾ ਵੀ ਅੰਤ ਹੋ ਜਾਵੇਗਾ। ਕਿਉਂਕਿ ਸਮੁੱਚਾ ਸੰਸਾਰ ਹੀ, 
ਨਾ ਕਉ ਵੈਰੀ ਨਹਿ ਬੇਗਾਨਾ, ਸਗਲਿ ਸੰਗਿ ਹਮਕੋ ਬਣ ਆਇ।। 
ਏਕ ਨੂਰ ਸੇ ਸਭ ਜਗ ਉਪਜਿਆ, ਕਉਣ ਭਲੇ ਕੋ ਮੰਦੇ।। 
ਮਾਨਸੁ ਕੀ ਜਾਤੁ ਸਭੈ ਏਕੋ ਪਹਿਚਾਨਬੋ।। 

ਦੀ ਸੋਚ ਅਨੂਸਾਰ ਸਾਰੇ ਸੰਸਾਰ ਦੇ ਨਿਵਾਸੀ, ਧਰਮਾਂ—ਕੌਮਾਂ, ਫਿਰਕਿਆਂ ਆਦਿ ਦੇ ਦੁਨਿਆਵੀ ਵਿਤਕਰਿਆਂ ਭਰੀਆਂ ਵਲਗਣਾਂ ਤੋਂ ਉਪਰ ਉਠ ਕੇ ਯੂ.ਐਨ.ਓ. ਦੀ ਕੌਮਾਂਤਰੀ ਸੰਸਥਾਂ ਦੇ ਅਧੀਨ ਅਮਲੀ ਰੂਪ ਵਿਚ ‘ਗਲੋਬਲ ਸਟੇਟ’ ਜਾਂ ਪਿੰਡ ਦੇ ਆਪਣੇ ਆਪ ਨੂੰ ਨਿਵਾਸੀ ਕਹਿਲਾਉਣ ਅਤੇ ਸਮੂਹ ਮੁਲਕਾਂ ਦੇ ਹੁਕਮਰਾਨਾਂ ਦੀ ਸਾਂਝੀ ਰਾਇ ਅਨੂਸਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਇਸ ਸੰਸਾਰ ਦੇ ਸਮੁੱਚੇ ਨਿਜ਼ਾਮੀ ਪ੍ਰਬੰਧ ਵਿਚ ਵਿਚਰਨ ਲਈ ਫਖ਼ਰ ਮਹਿਸੂਸ ਕਰਨਗੇ। ਸਭ ਦੁਨਿਆਵੀ, ਸਾਜਿਸ਼ਾਂ, ਉਪਦੱਰਾਂ, ਧੋਖੇ—ਫਰੇਬ, ਗੈਰ ਸਮਾਜੀ ਜਾਂ ਗੈਰ ਇਨਸਾਨੀ ਅਮਲਾਂ ਦਾ ਪੂਰਨ ਰੂਪ ਵਿਚ ਖਾਤਮਾ ਹੋ ਜਾਵੇਗਾ। ਜਿਸਨੂੰ ਅਸੀਂ ਇੱਕ ਚੰਗੇ ਆਸੇ ਅਤੇ ਮਨੁੱਖਤਾ ਪੱਖੀ ਸੋਚ ਨੂੰ ਲੈ ਕੇ ਸਮੁੱਚੀ ਦੁਨੀਆਂ ਨੂੰ ਇਸ ਧਰਤੀ ਉਤੇ ਹੀ ਅਮਲੀ ਰੂਪ ਵਿਚ ਸਵਰਗ ਦਾ ਰੂਪ ਦੇ ਕੇ ਵੱਡੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ। ਸਭ ਦੁਨੀਆਂ ਦੇ ਝਮੇਲਿਆਂ ਤੋਂ ਸਦਾ ਲਈ ਨਿਜ਼ਾਤ ਪਾਉਂਦੇ ਹੋਏ ਇੱਕ ਬਹੁਤ ਹੀ ਅੱਛੀ ਬਰਾਬਰਤਾ ਅਤੇ ਇਨਸਾਫ਼ ਵਾਲੇ ਪ੍ਰਬੰਧ ਵਿਚ ਜਿੰਦਗੀ ਬਤੀਤ ਕਰਨ ਦੇ ਸਮਰੱਥ ਹੋ ਸਕਦੇ ਹਾਂ। 
    ਇਸ ਲਈ ਸਭ ਵੱਡੇ ਅਤੇ ਛੋਟੇ ਮੁਲਕਾਂ ਦੇ ਹੁਕਮਰਾਨਾਂ ਨੂੰ ਇਸ ਧਰਤੀ ਉਤੇ ਉਸ ਅਕਾਲ ਪੁਰਖ ਦੀਆਂ ਅਪਾਰ ਬਖਸਿ਼ਸ਼ਾਂ ਅਤੇ ਮਿਹਰਾਂ ਸਕਦਾ ਸਵਰਗ ਬਨਾਉਣ ਦੇ ਮਿਲੇ ਮੌਕੇ ਨੂੰ ਬਿਲਕੁੱਲ ਵੀ ਜਾਇਆ ਨਹੀਂ ਜਾਣ ਦੇਣਾ ਚਾਹੀਦਾ। ਗੁਰੂ ਨਾਨਕ ਸਾਹਿਬ ਵਲੋਂ ਕੀਤੇ ਆਦੇਸ਼ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਵੱਡਮੁੱਲੇ ਮਨੁੱਖਤਾ ਪੱਖੀ ਸਿਧਾਂਤ ਨੂੰ ਅਮਲੀ ਰੂਪ ਦੇਣ ਵਿਚ ਸਭ ਮੁਲਕਾਂ ਦੇ ਹੁਕਮਰਾਨ ਅਤੇ ਸੰਸਾਰ ਦਾ ਕੋਈ ਵੀ ਨਿਵਾਸੀ ਇਸ ਵੱਡੇ ਮਨੁੱਖਤਾ ਅਤੇ ਸੰਸਾਰ ਪੱਖੀ ਊਦਮ ਵਿਚ ਪਿੱਛੇ ਨਾ ਰਹੇ। ਉਨਾਂ ਵਲੋਂ ਸਦੀਆਂ ਪਹਿਲੇ ਕੇਵਲ 20 ਰੁਪਏ ਦੇ ਚਲਾਏ ਗਏ ਗੁਰੂ ਦੇ ਲੰਗਰ ਦੀ ਸੋਚ ਨੂੰ ਹੋਰ ਬਲ ਦੇ ਕੇ ਸਮੁੱਚੀ ਮਨੁੱਖਤਾ ਲਈ ਰੋਟੀ, ਕਪੱੜਾ, ਮਕਾਨ— ਕੁੱਲੀ, ਜੁੱਲੀ ਅਤੇ ਗੁੱਲੀ ਦੀਆਂ ਮੁੱਢਲੀਆਂ ਦੁਨਿਆਵੀ ਲੋੜਾਂ ਦੇ ਨਾਲ ਨਾਲ ਇਸ ਗਲੋਬਲ ਪਿੰਡ ਦੇ ਹਰ ਨਿਵਾਸੀ ਦੀ ਆਤਮਕ ਮਜਬੂਤੀ ਅਤੇ ਸ਼ਾਂਤੀ ਲਈ,
ਹਰਿ ਬਿਨ ਰਹਿ ਨਾ ਸਕੈ ਇੱਕ ਰਾਤੀ ।। 
ਜਿਉਂ ਬਿਨ ਅਮਲੇ ਅਮਲੀ ਮਰ ਜਾਇ ਹੈ।। 
ਹਰਿ ਬਿਨ ਹਮ ਮਰ ਜਾਤੀ ।।,

 ਦੇ ਮਹਾਂਵਾਕ ਅਨੂਸਾਰ ਗੁਰਬਾਣੀ ਦੇ ਸ਼ਬਦ ਅਤੇ ਕੀਰਤਨ ਨਾਲ ਹਰ ਇਨਸਾਨ ਆਪਣੀ ਖੁਸ਼ੀ ਅਤੇ ਆਤਮਿਕ ਤਾਕਤ ਨਾਲ ਜੁੜਨ ਦੀ ਇੱਕ ਅਲੌਕਿਕ ਖੁਸ਼ੀ ਪ੍ਰਾਪਤ ਕਰ ਸਕੇ ਅਤੇ ਆਪਣੇ ਆਪ ਨੂੰ ਸੰਸਾਰ ਰੂਪੀ ਗਲੋਬਲ ਪਿੰਡ ਦਾ ਨਿਵਾਸੀ ਕਹਿਲਾਉਣ ਲਈ ਫਖ਼ਰ ਮਹਿਸੂਸ ਕਰ ਸਕੇ। 
    ਵਾਹਿਗੁਰੂ ਭਲੀ ਕਰੇ .......... ਸਭ ਮੁਲਕਾਂ ਦੇ ਹੁਕਮਰਾਨਾਂ ਨੂੰ ਮਨੁੱਖਤਾ ਅਤੇ ਇਨਸਾਨੀਅਤ ਪੱਖੀ ਬਲ, ਬੁੱਧੀ, ਦੂਰ—ਅੰਦੇਸ਼ੀ ਅਤੇ ਆਤਮਿਕ ਸ਼ਕਤੀ ਦੀ ਬਖਸਿ਼ਸ਼ ਕਰਨ ਤਾਂ ਕਿ ਸਾਡੇ ਵਿਚੋਂ 2,50,000 ਦੇ ਕਰੀਬ ਮੌਤ ਦੇ ਮੂੰਹ ਵਿਚ ਜਾ ਚੁੱਕੀਆਂ ਆਤਮਾਵਾਂ ਨੂੰ ਸ਼ਾਂਤੀ ਮਿਲ ਸਕੇ। 25—30 ਲੱਖ ਦੇ ਕਰੀਬ ਇਸ ਮਹਾਂਮਾਰੀ ਤੋਂ ਪੀੜਿ੍ਹਤ ਸੰਸਾਰ ਨਿਵਾਸੀ ਇਸ ਕੁਦਰਤੀ ਕਰੋਪੀ ਤੋਂ ਨਿਜਾਤ ਪ੍ਰਾਪਤ ਕਰਕੇ ਗਲੋਬਲ ਪਿੰਡ ਵਿਚ ਵਿਚਰਦੇ ਹੋਏ, ਉਸ ਅਕਾਲ ਪੁਰਖ ਦਾ ਸ਼ੁਕਰਾਨਾ, ਸਿਮਰਨ ਅਤੇ ਮਨੁੱਖਤਾ ਦੀ ਸੇਵਾ ਕਰਦੇ ਹੋਏ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਅਮਲੀ ਰੂਪ ਵਿਚ ਸਵਰਗ ਰੂਪੀ ਜੀਵਨ ਬਸਰ ਕਰਨ ਦੇ ਸਮਰੱਥ ਬਂਣਾ ਸਕੀਏ। ਸਭ ਸੰਸਾਰ ਨਿਵਾਸੀਆਂ ਨੂੰ ਸਭ ਤਰ੍ਹਾਂ ਦੇ ਜਾਤਾਂ—ਪਾਤਾਂ, ਕੌਮਾਂ—ਧਰਮਾਂ ਦੇ ਦੁਨਿਆਵੀ ਨਫ਼ਰਤ ਭਰੇ ਵਖਰੇਵਿਆਂ ਤੋਂ ਨਿਜਾਤ ਮਿਲ ਸਕੇ ਅਤੇ ਸਮੁੱਚੇ ਸੰਸਾਰ ਦੇ ਨਿਵਾਸੀ ਉਸ ਖੁਦਾ, ਵਾਹਿਗੁਰੂ, ਰਾਮ, ਰਹੀਮ, ਅੱਲ੍ਹਾ ਦੀ ਰਜ਼ਾ (ਭਾਣੇ) ਵਿਚ ਜਿੰਦਗੀ ਬਸਰ ਕਰਨ ਦੀ ਜਾਚ ਦੇ ਪਾਂਧੀ ਬਣ ਸਕਣ। ‘ਜੋ ਤੁਧ ਭਾਵੈ ਸੋਇ ਚੰਗਾ ਇਕ ਨਾਨਕ ਕੀ ਅਰਦਾਸੈ’ ਦੀ ਵੱਡਮੁੱਲੀ ਸੋਚ ਉਤੇ ਸਭਨਾਂ ਸੰਸਾਰ ਨਿਵਾਸੀਆਂ ਦਾ ਵਿਸ਼ਵਾਸ਼ ਭਰੋਸਾ ਕਾਇਮ ਹੋ ਸਕੇ, ਕਿਉਂਕਿ :—
‘ਸਚੁ ਸਭਨਾ ਦਾ ਖਸਮੁ ਹੈ, ਜਿਸ ਬਖਸੈ਼ ਸੋ ਜਨਿ ਪਾਵੈ।।’
ਦੇ ਅਨੂਸਾਰ ਉਸ ਖਸਮ ਦੇ ਹੁਕਮ ਨੂੰ ਪ੍ਰਵਾਨ ਕਰਨ, ਉਸਤੋਂ ਭੁੱਲਾਂ ਬਖਸ਼ਾ ਕੇ ਉਸਦੀ ਅਪਾਰ ਮਿਹਰ ਅਤੇ ਬਖਸਿ਼ਸ਼ਾਂ,  ਸਮੁੱਚੀ ਦੁਨੀਆਂ ਦੇ ਨਿਵਾਸੀ ਪ੍ਰਾਪਤ ਕਰਨ ਵਿੱਚ ਪਲ ਭਰ ਦੀ ਵੀ ਦੇਰੀ ਨਾ ਕਰਨ। ਕਿਉਂਕਿ ਅਜਿਹਾ ਸਮਾਂ ਵੀ ਉਸ ਕੁਦਰਤ ਨੇ ਸਾਡੀ ਸਭਨਾਂ ਦੀ ਬਿਹਤਰੀ ਲਈ ਹੀ ਸਿਰਜਿਆ ਹੈ। 


ਵਾਹਿਗੁਰੂ ਜੀ ਕਾ ਖਾਲਸਾ, 
ਵਾਹਿਗੁਰੂ ਜੀ ਕੀ ਫਤਿਹ।।


jasbir singh

News Editor

Related News