ਲੁਧਿਆਣਾ ''ਚ 3 ਦਿਨਾਂ ਅੰਦਰ ਆਏ 120 ਕੇਸ, ਬਣ ਸਕਦੈ ''ਕੋਰੋਨਾ ਹੱਬ''
Friday, Jul 03, 2020 - 11:02 AM (IST)
ਲੁਧਿਆਣਾ (ਸਹਿਗਲ) : ਮਹਾਨਗਰ ’ਚ ਪਿਛਲੇ 3 ਦਿਨਾਂ ਤੋਂ ਕੋਰੋਨਾ ਵਾਇਰਸ ਦੇ 120 ਦੇ ਕਰੀਬ ਕੇਸ ਆ ਚੁੱਕੇ ਹਨ, ਜਿਸ ਤਰ੍ਹਾਂ ਕੇਸ ਵਧ ਰਹੇ ਹਨ, ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਲੁਧਿਆਣਾ ਕੋਰੋਨਾ ਹੱਬ ਬਣ ਸਕਦਾ ਹੈ। ਬੀਤੇ ਦਿਨ ਸ਼ਹਿਰ ਦੇ ਹਸਪਤਾਲਾਂ ’ਚ 55 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ’ਚ ਤਿੰਨ ਦੂਜੇ ਜ਼ਿਲ੍ਹਿਆਂ ਅਤੇ 52 ਕੇਸ ਲੁਧਿਆਣਾ ਨਾਲ ਸਬੰਧਤ ਹਨ। ਹੁਣ ਤੱਕ ਸ਼ਹਿਰ ਨਾਲ ਸਬੰਧਤ 917 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 22 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 201 ਮਰੀਜ਼ ਅਜਿਹੇ ਹਨ, ਜੋ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਨਾਲ ਸਬੰਧਤ ਹਨ। ਇਨ੍ਹਾਂ 'ਚੋਂ 24 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੀ. ਐੱਮ. ਸੀ. ਹਸਪਤਾਲ ’ਚ 60 ਸਾਲਾ ਔਰਤ ਨੇ ਕੋਰੋਨਾ ਵਾਇਰਸ ਕਾਰਨ ਦਮ ਤੋੜ ਦਿੱਤਾ। ਇਲਾਜ ਕਰ ਰਹੇ ਡਾਕਟਰਾਂ ਮੁਤਾਬਕ ਉਕਤ ਔਰਤ ਨੂੰ ਹੈਪੇਟਾਈਟਿਸ ਬੀ, ਬਲੱਡ ਪ੍ਰੈਸ਼ਰ ਅਤੇ ਕਿਡਨੀ ਸਬੰਧਤ ਰੋਗ ਵੀ ਸਨ। ਬੀਤੇ ਦਿਨ ਸਾਹਮਣੇ ਆਏ ਮਰੀਜ਼ਾਂ ’ਚ ਜ਼ਿਆਦਾਤਰ ਮਰੀਜ਼ ਮਾਇਆ ਨਗਰ, ਰਾਮ ਨਗਰ, ਫੋਕਲ ਪੁਆਇੰਟ, ਦੁੱਗਰੀ, ਇਕਬਾਲਗੰਜ, ਸ਼ਿਵਪੁਰੀ, ਹਬੀਬਗੰਜ, ਫਤਹਿਗੜ੍ਹ ਮੁਹੱਲਾ, ਮੋਤੀ ਨਗਰ, ਥਰੀਕੇ, ਮਾਡਲ ਟਾਊਨ, ਸ਼ਾਮ ਨਗਰ, ਦੀਪਕ ਨਗਰ, ਬਸੰਤ ਕਾਲੋਨੀ, ਭਾਈ ਰਣਧੀਰ ਸਿੰਘ ਨਗਰ, ਆਨੰਦ ਵਿਹਾਰ, ਅਮਰ ਨਗਰ, ਤਿਲਕ ਨਗਰ ਆਦਿ ਇਲਾਕਿਆਂ ਨਾਲ ਸਬੰਧਤ ਹਨ।
1158 ਮਰੀਜ਼ਾਂ ਦੀ ਰਿਪੋਰਟ ਹੈ ਪੈਂਡਿੰਗ
ਸਿਹਤ ਕਾਮਿਆਂ ਮੁਤਾਬਕ 1158 ਮਰੀਜ਼ਾਂ ਦੀ ਰਿਪੋਰਟ ਪੈਂਡਿੰਗ ਹੈ, ਜਿਨ੍ਹਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ, ਜਦੋਂ ਕਿ 1011 ਸੈਂਪਲ ਅੱਜ ਜਾਂਚ ਲਈ ਭੇਜੇ ਗਏ ਹਨ।
195 ਵਿਅਕਤੀਆਂ ਨੂੰ ਇਕਾਂਤਵਾਸ ’ਚ ਭੇਜਿਆ
ਸਿਹਤ ਕਾਮਿਆਂ ਦੀਆਂ ਟੀਮਾਂ ਵੱਲੋਂ ਸਕ੍ਰੀਨਿੰਗ ਕਰਨ ਉਪਰੰਤ 195 ਵਿਅਕਤੀਆਂ ਨੂੰ ਸ਼ੱਕੀ ਮਰੀਜ਼ ਮੰਨਦੇ ਹੋਏ ਇਕਾਂਤਵਾਸ ’ਚ ਭੇਜ ਦਿੱਤਾ ਹੈ। ਸਿਹਤ ਅਧਿਕਾਰੀਆਂ ਮੁਤਾਬਕ ਇਨ੍ਹਾਂ ਨੂੰ ਵੱਖ-ਵੱਖ ਸਥਾਨਾਂ ’ਤੇ ਬਣੇ ਆਈਸੋਲੇਸ਼ਨ ਸੈਂਟਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ।
ਅਧਿਕਾਰੀਆਂ ਦੀ ਚਿੰਤਾ ਵਧੀ
ਕੋਰੋਨਾ ਵਾਇਰਸ ਦੇ ਦਿਨ-ਬ-ਦਿਨ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਸਿਹਤ ਅਧਿਕਾਰੀਆਂ ਦੀ ਚਿੰਤਾ ਵਧਣੀ ਸੁਭਾਵਕ ਹੈ। ਪਹਿਲਾਂ ਬੰਦ ਕੀਤੇ ਗਏ ਆਈਸੋਲੇਸ਼ਨ ਸੈਂਟਰਾਂ ਨੂੰ ਫਿਰ ਸ਼ੁਰੂ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਠੇਕੇ ’ਤੇ ਰੱਖੇ ਗਏ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਦੇ ਲੋਕ ਜਿਨ੍ਹਾਂ ਨੂੰ ਪਹਿਲਾਂ ਹਲਾਤ ਦੇਖਦੇ ਹੋਏ ਜਵਾਬ ਦੇ ਦਿੱਤਾ ਗਿਆ ਸੀ, ਹੁਣ ਉਨ੍ਹਾਂ ਨੂੰ ਫਿਰ ਬੁਲਾਇਆ ਜਾਣ ਲੱਗਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਹਸਪਤਾਲਾਂ ’ਚ ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਤੋਂ ਕਾਫੀ ਗਿਣਤੀ 'ਚ ਲੋਕ ਆ ਕੇ ਭਰਤੀ ਹੋ ਰਹੇ ਹਨ। ਹੁਣ ਤੱਕ ਸ਼ਹਿਰ ਦੇ ਹਸਪਤਾਲਾਂ 'ਚ 1118 ਲੋਕ ਪਾਜ਼ੇਟਿਵ ਆ ਚੁੱਕੇ ਹਨ, ਜਦੋਂ ਕਿ ਕੁੱਲ 46 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 201 ਮਰੀਜ਼ ਬਾਹਰੀ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਨ੍ਹਾਂ 'ਚੋਂ 24 ਮਰੀਜ਼ ਅਣਆਈ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।