ਸ਼ਹਿਰ 'ਚ ਘੁੰਮ ਰਹੇ 'ਕੋਰੋਨਾ ਬੰਬ'
Thursday, May 07, 2020 - 02:39 AM (IST)
ਜਲੰਧਰ, (ਰੱਤਾ)— ਕੋਰੋਨਾ ਮਹਾਮਾਰੀ ਦੇ ਇਕ ਹੋਰ ਮਰੀਜ਼ ਦੀ ਬੁੱਧਵਾਰ ਨੂੰ ਪੀ. ਜੀ. ਆਈ. ਚੰਡੀਗੜ੍ਹ 'ਚ ਮੌਤ ਹੋ ਗਈ। ਮ੍ਰਿਤਕ ਨਰੇਸ਼ ਚਾਵਲਾ ਜਲੰਧਰ ਦੇ ਿਕਲ੍ਹਾ ਮੁਹੱਲਾ ਰਹਿਣ ਵਾਲਾ ਸੀ। ਉਸ ਦੇ ਪਰਿਵਾਰਕ ਮੈਂਬਰ ਵੀ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਸਿਵਲ ਹਸਪਤਾਲ 'ਚ ਦਾਖਲ ਹਨ। ਚਾਰ ਮਰੀਜ਼ਾਂ ਦੀ ਪਹਿਲਾਂ ਹੀ ਮੌਤ ਹੋ ਚੁਕੀ ਹੈ।
ਜਲੰਧਰ 'ਚ ਹੁਣ ਤਕ 137 ਲੋਕ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ। ਇਹ ਅੰਕੜਾ ਅਜੇ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਸ਼ਹਿਰ 'ਚ ਕੋਰੋਨਾ ਦੇ ਕਈ ਸ਼ੱਕੀ ਮਰੀਜ਼ ਖੁੱਲ੍ਹੇਆਮ ਘੁੰਮ ਰਹੇ ਹਨ। ਸਿਹਤ ਵਿਭਾਗ ਉਨ੍ਹਾਂ ਦੀ ਰਿਪੋਰਟ ਨਾ ਆਉਣ ਕਾਰਨ ਬੇਵਸ ਬੈਠਾ ਹੈ। ਵਿਭਾਗ ਉਕਤ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਉਣ ਦਾ ਇਕ ਹਫਤੇ ਤੋਂ ਜ਼ਿਆਦਾ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜੇਕਰ ਜ਼ਿਆਦਾਤਰ ਦੀ ਰਿਪੋਰਟ ਪਾਜ਼ੇਟਿਵ ਆਈ ਤਾਂ ਸ਼ਹਿਰ ਦਾ ਕੀ ਬਣੇਗਾ ਕਿਉਂਕਿ ਇਕ ਹਫਤੇ 'ਚ ਇਹ ਲੋਕ ਕਈ ਹੋਰਨਾਂ ਦੇ ਲੋਕਾਂ ਨੂੰ ਮਿਲ ਚੁਕੇ ਹੋਣਗੇ। ਖੈਰ ਇਹ ਤਾਂ ਬਾਅਦ ਵਿਚ ਹੀ ਪਤਾ ਚੱਲੇਗਾ ਕਿ ਸ਼ਹਿਰ 'ਚ ਹੋਰ ਕਿੰਨੇ ਲੋਕ ਇਨ੍ਹਾਂ ਨਾਲ ਮਿਲ ਕੇ ਕਰੋਨਾ ਇਨਫੈਕਸ਼ਨ ਦੀ ਚਪੇਟ 'ਚ ਆ ਚੁੱਕੇ ਹਨ।
500 ਤੋਂ ਜ਼ਿਆਦਾ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ
ਸਿਵਲ ਹਸਪਤਾਲ ਜਲੰਧਰ 'ਚ ਕੋਰੋਨਾ ਵਾਇਰਸ ਦੀ ਜਾਂਚ ਕਰਵਾਉਣ ਵਾਲੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਅੰਮ੍ਰਿਤਸਰ ਸਥਿਤ ਲੈਬੋਰੇਟਰੀ 'ਚ ਜਾਂਚ ਲਈ ਭੇਜੇ ਜਾਂਦੇ ਸਨ। ਸਰਕਾਰੀ ਤੌਰ 'ਤੇ ਪੰਜਾਬ 'ਚ ਪਹਿਲਾਂ ਅੰਮ੍ਰਿਤਸਰ, ਪਟਿਆਲਾ ਅਤੇ ਪੀ. ਜੀ. ਆਈ. ਚੰਡੀਗੜ੍ਹ 'ਚ ਹੀ ਕੋਰੋਨਾ ਦੇ ਟੈਸਟ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਫਰੀਦਕੋਟ 'ਚ ਟੈਸਟ ਕੀਤੇ ਜਾਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਜ਼ਿਲ੍ਹਿਆਂ ਨੂੰ 3 ਜ਼ੋਨਾਂ 'ਚ ਵੰਡ ਦਿੱਤਾ ਗਿਆ। ਸਿਵਲ ਹਸਪਤਾਲ ਜਲੰਧਰ ਤੋਂ ਪਹਿਲਾਂ ਜਾਂਚ ਲਈ ਜੋ ਸੈਂਪਲ ਅੰਮ੍ਰਿਤਸਰ ਭੇਜੇ ਜਾਂਦੇ ਸਨ। ਅੰਮ੍ਰਿਤਸਰ 'ਚ ਸੈਂਪਲਾਂ ਦੀ ਕੁਲੈਕਸ਼ਨ ਜ਼ਿਆਦਾ ਹੋਣ ਤੇ ਸਟਾਫ ਦੀ ਕਮੀ ਕਾਰਨ ਕਰੀਬ 2 ਹਫਤੇ ਪਹਿਲਾਂ ਸੈਂਪਲ ਫਰੀਦਕੋਟ ਭੇਜੇ ਜਾਣ ਲੱਗੇ ਸਨ। ਫਿਰ ਫਰੀਦਕੋਟ ਤੋਂ ਪਟਿਆਲਾ ਸੈਂਪਲ ਭੇਜੇ ਜਾਣ ਲੱਗੇ। ਅਜੇ ਵੀ ਅੰਮ੍ਰਿਤਸਰ ਦੀ ਲੈਬੋਰੇਟਰੀ ਤੋਂ ਸਿਵਲ ਹਸਪਤਾਲ ਜਲੰਧਰ ਤੋਂ ਭੇਜੇ ਗਏ 500 ਤੋਂ ਜ਼ਿਆਦਾ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ।
127 ਸ਼ਰਧਾਲੂਆਂ ਦੀ ਰਿਪੋਰਟ ਆਉਣੀ ਬਾਕੀ
ਅਪ੍ਰੈਲ ਮਹੀਨੇ ਦੇ ਆਖਰੀ ਦਿਨਾਂ 'ਚ ਸੈਂਕੜੇ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਵਾਪਸ ਪਰਤੇ ਸਨ। ਇਨਾਂ ਸ਼ਰਧਾਲੂਆਂ ਨਾਲ ਬਹੁਤ ਸਾਰੇ ਹੋਰ ਲੋਕ ਵੀ ਦੂਜੀਆਂ ਥਾਵਾਂ ਤੋਂ ਪੰਜਾਬ ਪਰਤੇ ਸਨ। ਇਨ੍ਹਾਂ 'ਚੋਂ ਜਲੰਧਰ ਪਰਤੇ 246 ਲੋਕਾਂ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਵੀ ਸਨ, ਨੂੰ ਜਲੰਧਰ ਦੇ ਮੈਰੀਟੋਰੀਅਸ ਸਕੂਲ 'ਚ ਕੁਆਰੰਟਾਈਨ ਕੀਤਾ ਗਿਆ ਹੈ। ਮੈਰੀਟੋਰੀਅਸ ਸਕੂਲ 'ਚ ਅਜੇ ਕੁਆਰੰਟਾਈਨ ਕੁੱਲ 229 ਲੋਕਾਂ 'ਚੋਂ 102 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ 127 ਦੀ ਰਿਪੋਰਟ ਦਾ ਇੰਤਜ਼ਾਰ ਹੋ ਰਿਹਾ ਹੈ। ਇਨ੍ਹਾਂ 'ਚੋਂ ਜੇਕਰ ਕਿਸੇ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਦੋਂ ਤੱਕ ਹੋਰ ਕਿੰਨੇ ਲੋਕ ਪ੍ਰਭਾਵਿਤ ਹੋ ਗਏ ਹੋਣਗੇ, ਇਹ ਵੀ ਇਕ ਵੱਡਾ ਸਵਾਲ ਖੜਾ ਕਰ ਰਿਹਾ ਹੈ।
ਅੰਮ੍ਰਿਤਸਰ 'ਚੋਂ ਸੈਂਪਲ ਹੋਰ ਲੈਬੋਰੇਟਰੀਆਂ 'ਚ ਭੇਜੇ ਜਾਣ
ਜਿਵੇਂ ਕਿ ਚਰਚਾ ਹੈ ਕਿ ਅੰਮ੍ਰਿਤਸਰ ਲੈਬੋਰੇਟਰੀ 'ਚ ਕੰਮ ਜ਼ਿਆਦਾ ਹੈ ਅਤੇ ਸਟਾਫ ਘੱਟ ਹੈ। ਇਸ ਦਾ ਅਸਰ ਸੈਂਪਲਾਂ ਦੀ ਜਾਂਚ 'ਤੇ ਪੈ ਰਿਹਾ ਹੈ ਤਾਂ ਇਨ੍ਹਾਂ ਹਾਲਾਤਾਂ 'ਚ ਅੰਮ੍ਰਿਤਸਰ ਲੈਬੋਰੇਟਰੀ ਚੋਂ ਇਹ ਸੈਂਪਲ ਦੂਜੀਆਂ ਲੈਬੋਰੇਟਰੀਆਂ ਨੂੰ ਸ਼ਿਫਟ ਕਰ ਕੇ ਵੀ ਜਾਂਚ ਕੀਤੀ ਜਾ ਸਕਦੀ ਹੈ ਤਾਂ ਕਿ ਸ਼ਹਿਰ ਨੂੰ ਕੋਰੋਨਾ ਮਹਾਮਾਰੀ ਦੇ ਫੈਲਣ ਤੋਂ ਬਚਾਇਆ ਜਾ ਸਕੇ।
ਜਿਨ੍ਹਾਂ ਸ਼ੱਕੀ ਮਰੀਜ਼ਾਂ ਦੇ ਸੰਪਰਕ ਦੇ ਸੈਂਪਲ ਲਏ ਗਏ ਹਨ ਅਤੇ ਜਿਨ੍ਹਾਂ ਲੋਕ ਨੇ ਖੁਦ ਆਪਣੀ ਇੱਛਾ ਨਾਲ ਆਪਣੇ ਟੈਸਟ ਕਰਵਾਏ ਹਨ, ਉਹ ਲੋਕ ਰਿਪੋਰਟ ਲੈਣ ਲਈ ਹਰ ਰੋਜ਼ ਕਦੇ ਸਿਵਲ ਹਸਪਤਾਲ ਅਤੇ ਕਦੇ ਸਿਵਲ ਸਰਜਨ ਦਫਤਰ ਦੇ ਚੱਕਰ ਮਾਰ-ਮਾਰ ਕੇ ਪ੍ਰੇਸ਼ਾਨ ਹੋ ਰਹੇ ਹਨ। ਕੋਈ ਢੁੱਕਵਾਂ ਜਵਾਬ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਾਯੂਸ ਹੋ ਕੇ ਘਰਾਂ ਨੂੰ ਪਰਤਣਾ ਪੈ ਰਿਹਾ ਹੈ। ਉਥੇ ਹੀ ਇਨ੍ਹਾਂ ਚੋਂ ਜੋ ਲੋਕ ਦੂਜੇ ਲੋਕਾਂ ਨਾਲ ਮਿਲ ਜਾਂਦੇ ਹਨ, ਚਾਹੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਵੀ ਆ ਜਾਵੇ ਪਰ ਜੇਕਰ ਇਹ ਲੋਕ ਬਾਹਰ ਘੁੰਮਦੇ ਸਮੇਂ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆ ਗਏ ਅਤੇ ਦੋਬਾਰਾ ਜਾਂਚ 'ਤੇ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆ ਜਾਂਦੀ ਹੈ ਤਾਂ ਸਿਹਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਇਕ ਵੱਡਾ ਸਵਾਲ ਖੜ੍ਹਾ ਹੋ ਜਾਵੇਗਾ।
ਦੁਬਾਰਾ ਸੈਂਪਲ ਲੈਣ 'ਤੇ ਖੜ੍ਹਾ ਹੋਇਆ ਸਵਾਲ
ਕਈ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨਹੀਂ ਆ ਰਹੀ ਅਤੇ ਟੈਸਟ ਲਈ ਉਨ੍ਹਾਂ ਦੇ ਸੈਂਪਲ ਦੋਬਾਰਾ ਲਏ ਜਾ ਰਹੇ ਹਨ। ਦੋਬਾਰਾ ਸੈਂਪਲ ਲਏ ਜਾਣ 'ਤੇ ਸ਼ੱਕੀ ਮਰੀਜ਼ ਟੈਂਸ਼ਨ 'ਚ ਆ ਜਾਂਦਾ ਹੈ ਕਿ ਉਸ ਦਾ ਮੁੜ ਟੈਸਟ ਕਿਉਂ ਲਿਆ ਜਾ ਰਿਹਾ ਹੈ। ਕਿਤੇ ਉਸ ਦੀ ਰਿਪੋਰਟ ਪਾਜ਼ੇਟਿਵ ਤਾਂ ਨਹੀਂ ਜਾਂ ਕਿਤੇ ਉਸ ਦੇ ਸੈਂਪਲ ਗੁੰਮ ਤਾਂ ਨਹੀਂ ਹੋ ਗਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੈਂਪਲ ਲਏ ਨੂੰ ਲੰਮਾ ਸਮਾਂ ਬੀਤ ਗਿਆ ਹੈ। ਜੋ ਸੈਂਪਲ ਪਹਿਲਾਂ ਲਏ ਗਏ ਹਨ, ਖਰਾਬ ਹੋ ਗਏ ਹਨ। ਇਸ ਲਈ ਦੋਬਾਰਾ ਲਏ ਜਾ ਰਹੇ ਹਨ।
ਇਸ ਸਬੰਧੀ ਜਦੋਂ ਸਿਹਤ ਅਧਿਕਾਰੀ ਟੀ. ਪੀ. ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਸੈਂਪਲ ਗੁੰਮ ਅਤੇ ਖਰਾਬ ਨਹੀਂ ਹੋਇਆ ਹੈ। ਸੈਂਪਲ ਪੂਰੀ ਤਰ੍ਹਾਂ ਪ੍ਰੀਜ਼ਰਵ ਕਰ ਕੇ ਰੱਖੇ ਜਾਂਦੇ ਹਨ। ਦੋਬਾਰਾ ਸੈਂਪਲ ਲੈਣ ਦਾ ਕਾਰਨ ਇਨ੍ਹਾਂ ਦੇ ਏਪ੍ਰੋਪ੍ਰੀਏਟ ਹੋਣਾ ਹੈ। ਇਸ ਤਰ੍ਹਾਂ ਦੇ ਹਾਲਾਤ 'ਚ ਮੁੜ ਸੈਂੈਪਲ ਲਿਆ ਜਾਂਦਾ ਹੈ।