ਤਰਨ ਤਾਰਨ ਜ਼ਿਲ੍ਹੇ ''ਚ ਕੋਰੋਨਾ ਦਾ ਧਮਾਕਾ, 19 ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੇਟਿਵ
Monday, Jul 27, 2020 - 09:32 PM (IST)
ਤਰਨ ਤਾਰਨ, (ਰਮਨ)- ਜ਼ਿਲ੍ਹੇ 'ਚ ਸੋਮਵਾਰ ਸਵੇਰੇ 19 ਵਿਅਕਤੀਆਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆਉਣ ਨਾਲ ਲੋਕਾਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਕੋਰੋਨਾ ਪਾਜ਼ੇਟਿਵ ਪਾਏ ਗਏ ਮਰੀਜ਼ਾਂ 'ਚ ਇਕ ਸਹਾਇਕ ਥਾਣਾ ਮੁਖੀ, ਪੁਲਸ ਮੁਲਾਜ਼ਮਾਂ, ਵਾਲੰਟੀਅਰਾਂ ਅਤੇ ਕੈਦੀ ਸਮੇਤ 9 ਪੁਲਸ ਕਰਮਚਾਰੀ ਸ਼ਾਮਲ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਲੈਬਾਰਟਰੀ ਜਾਂਚ ਲਈ ਭੇਜੇ 323 ਸੈਂਪਲਾਂ ਦੀਆਂ ਸੋਮਵਾਰ ਆਈਆਂ ਰਿਪੋਰਟਾਂ 'ਚ 19 ਕੋਰੋਨਾ ਮਰੀਜ਼ਾਂ ਦੀ ਪੁੱਸ਼ਟੀ ਹੋਈ ਹੈ। ਇਨ੍ਹਾਂ 'ਚੋਂ ਪਿੰਡ ਵੇਈਂਪੁਈਂ ਦੀ 22 ਸਾਲਾ ਲੜਕੀ, ਦੀਪ ਐਵੀਨਿਊ ਦੀ 20 ਸਾਲਾ ਲੜਕੀ, ਗਲੀ ਠੇਕੇਦਾਰ ਮੁਹੱਲਾ ਨਾਨਕਸਰ ਨਿਵਾਸੀ 40 ਸਾਲਾ ਵਿਅਕਤੀ, ਪਿੰਡ ਸ਼ਹਾਬਪੁਰ ਦੀ 28 ਸਾਲਾ ਔਰਤ, ਪੱਟੀ ਦਾ 34 ਸਾਲਾ ਵਿਅਕਤੀ, ਪੱਟੀ ਨਿਵਾਸੀ 21 ਸਾਲਾ ਲੜਕੀ, ਪੱਟੀ ਨਿਵਾਸੀ 18 ਸਾਲਾ ਨੌਜਵਾਨ, ਮਹਿਮੂਦਪੁਰਾ ਦੇ 28 ਸਾਲਾ ਨੌਜਵਾਨ, ਪਿੰਡ ਭੱਠਲ ਸਹਿਜਾਂ ਦੇ 32 ਸਾਲਾ ਵਿਅਕਤੀ ਅਤੇ ਮੁਹੱਲਾ ਟਾਂਕ ਛੱਤਰੀ ਨਿਵਾਸੀ 60 ਸਾਲਾ ਵਿਅਕਤੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚ ਕੁਝ ਮਰੀਜ਼ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੇ ਸੰਪਰਕ 'ਚ ਆਉਣ ਨਾਲ ਕੋਰੋਨਾ ਦੇ ਸ਼ਿਕਾਰ ਹੋਏ ਹਨ। ਇਨ੍ਹਾਂ ਸਾਰਿਆਂ ਮਰੀਜ਼ਾਂ ਨੂੰ ਇਲਾਜ ਲਈ ਆਈਸੋਲੇਸ਼ਨ ਵਾਰਡ ਅਤੇ ਕੋਵਿਡ ਕੇਅਰ ਸੈਂਟਰਾਂ 'ਚ ਸ਼ਿਫਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਪੱਟੀ ਵਿਖੇ ਜਿਸ ਸ਼ੱਕੀ ਮਰੀਜ਼ ਦਾ 'ਕੋਵਿਡ-19' ਨਿਯਮਾਂ ਤਹਿਤ ਸਸਕਾਰ ਕੀਤਾ ਗਿਆ ਸੀ, ਉਸ ਦੀ ਰਿਪੋਰਟ ਨੈਗੇਟਿਵ ਆਈ ਹੈ।
ਸਿਹਤ ਵਿਭਾਗ ਦਾ ਕਾਰਨਾਮਾ
ਕੋਰੋਨਾ ਪਾਜ਼ੇਟਿਵ ਪਾਏ ਗਏ ਨੌਜਵਾਨ ਨੂੰ ਆਈਸੋਲੇਸ਼ਨ ਵਾਰਡ 'ਚ ਲਿਜਾ ਰਹੀ ਇਕ ਸਰਕਾਰੀ ਐਂਬੂਲੈਂਸ ਦਾ ਦਰਵਾਜ਼ਾ ਖੁੱਲ੍ਹਾ ਹੀ ਰਹਿ ਗਿਆ, ਜਿਸ ਦੌਰਾਨ ਐਂਬੂਲੈਂਸ 'ਚ ਸਵਾਰ ਕੋਰੋਨਾ ਪੀੜਤ ਨੌਜਵਾਨ ਡਰਾਈਵਰ ਨੂੰ ਆਵਾਜ਼ਾਂ ਮਾਰਦਾ ਰਿਹਾ ਪਰ ਡਰਾਈਵਰ ਵੱਲੋਂ ਇਕ ਨਹੀਂ ਸੁਣੀ ਗਈ। ਸਰਹਾਲੀ ਰੋਡ ਵੱਲ ਜਾ ਰਹੀ ਤੇਜ਼ ਰਫਤਾਰ ਐਂਬੂਲੈਂਸ 'ਚ ਸਵਾਰ ਨੌਜਵਾਨ ਕਿਸੇ ਸਮੇਂ ਵੀ ਬਾਹਰ ਡਿੱਗ ਸਕਦਾ ਸੀ, ਜਿਸ ਨੇ ਬੜੀ ਮੁਸ਼ਕਲ ਨਾਲ ਗੱਡੀ ਰੁਕਵਾ ਕੇ ਦਰਵਾਜ਼ਾ ਬੰਦ ਕਰਵਾਇਆ।