ਮਾਮਲਾ ਕੋਰੋਨਾ ਪਾਜ਼ੇਟਿਵ ਗ੍ਰੰਥੀ ਵੱਲੋਂ ਵਰਤਾਈ ਦੇਗ ਦਾ, ਜਾਂਚ ਦੌਰਾਨ ਸਾਰਿਆਂ ਦੀ ਰਿਪੋਰਟ ਆਈ ਨੈਗੇਟਿਵ

Saturday, Jun 05, 2021 - 12:59 PM (IST)

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਸਕਰੌਦੀ ਵਿਖੇ ਬੀਤੇ ਦਿਨੀਂ ਇਕ ਕਿਸਾਨ ਆਗੂ ਦੇ ਭੋਗ ਸਮਾਰੋਹ ਦੌਰਾਨ ਗੁਰੂ ਘਰ ਦੇ ਕੋਰੋਨਾ ਪਾਜ਼ੇਟਿਵ ਗ੍ਰੰਥੀ ਸਿੰਘ ਵੱਲੋਂ ਸਮਾਰੋਹ ’ਚ ਸ਼ਾਮਲ ਹੋਣ ਦੇ ਨਾਲ-ਨਾਲ ਗਲਤੀ ਨਾਲ ਦੇਗ ਵਰਤਾਈ ਲਈ ਸੀ, ਵਾਹਿਗੁਰੂ ਦੀ ਮਿਹਰ ਸਦਕਾ ਸਮਾਗਮ ’ਚ ਸ਼ਾਮਲ ਹੋਣ ਵਾਲੇ ਸਾਰੇ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ’ਚ ਭਾਗ ਲੈਣ ਦੌਰਾਨ ਇਕ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਸ਼ਹੀਦ ਹੋਏ ਪਿੰਡ ਸਕਰੌਦੀ ਦੇ ਕਿਸਾਨ ਆਗੂ ਕਰਮਜੀਤ ਸਿੰਘ ਗਰੇਵਾਲ ਦੇ ਭੋਗ ਸਮਾਰੋਹ ਦੌਰਾਨ ਗੁਰੂਘਰ ਦੇ ਕੋਰੋਨਾ ਪਾਜ਼ੇਟਿਵ ਗ੍ਰੰਥੀ ਸਿੰਘ ਵੱਲੋਂ ਦੇਗ ਵਰਤਾਏ ਜਾਣ ਦੀ ਘਟਨਾ ਸਿਹਤ ਵਿਭਾਗ ਦੇ ਸਾਹਮਣੇ ਆਉਣ ਤੋਂ ਬਾਅਦ ਹਰਕਤ ’ਚ ਆਈ ਸਿਹਤ ਵਿਭਾਗ ਦੀ ਟੀਮ ਵੱਲੋਂ ਤੁਰੰਤ ਗੁਰੂਘਰ ਪਹੁੰਚ ਕੇ ਗ੍ਰੰਥੀ ਸਿੰਘ ਅਤੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਸਮੇਤ ਭੋਗ ਸਮਾਰੋਹ ’ਚ ਸ਼ਾਮਲ ਹੋਣ ਵਾਲੇ ਪਿੰਡ ਦੇ 50 ਦੇ ਕਰੀਬ ਵਿਅਕਤੀਆਂ ਦੇ ਕੋਰੋਨਾ ਦੀ ਜਾਂਚ ਲਈ ਨਮੂਨੇ ਲਏ ਸਨ। ਜਿਸ ’ਚ ਸੁੱਖ ਦੀ ਖ਼ਬਰ ਸਾਹਮਣੇ ਆਈ ਕਿ ਵਾਹਿਗੁਰੂ ਦੀ ਕ੍ਰਿਪਾ ਸਦਕਾ ਸਭ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ’ਚ ਕੋਰੋਨਾ ਪਾਜ਼ੇਟਿਵ ਗ੍ਰੰਥੀ ਸਿੰਘ ਦੇ ਪਿਤਾ ’ਚ ਕੋਰੋਨਾ ਸਬੰਧੀ ਲੱਛਣ ਸਾਹਮਣੇ ਆਉਣ ’ਤੇ ਜਦੋਂ ਉਨ੍ਹਾਂ ਦਾ ਦੁਬਾਰਾ ਟੈਸਟ ਕੀਤਾ ਗਿਆ ਤਾਂ ਗ੍ਰੰਥੀ ਸਿੰਘ ਦੇ ਪਿਤਾ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ। ਜਿਸ ਨੂੰ ਵੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਵਾਰ-ਵਾਰ ਸਾਵਧਾਨੀਆਂ ਵਰਤਨ ਲਈ ਸੁਚੇਤ ਕੀਤਾ ਜਾਂਦਾ ਆ ਰਿਹਾ ਹੈ। ਜਿਸ ਤਹਿਤ ਜ਼ਿਆਦਾ ਇਕੱਠ ਨਾ ਕਰਨ, ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੇ ਨਾਲ-ਨਾਲ ਕਿਸੇ ਵੀ ਬੀਮਾਰੀ ਨਾਲ ਪੀੜਤ ਵਿਕਅਤੀਆਂ ਨੂੰ ਕਿਸੇ ਵੀ ਇਕੱਠ ਨਾ ਜਾਣ ਅਤੇ ਖੰਘ, ਜ਼ੁਕਾਮ ਅਤੇ ਬੁਖਾਰ ਵਰਗੀਆਂ ਅਲਾਮਤਾ ਹੋਣ ’ਤੇ ਖੁਦ ਨੂੰ ਇਕਾਂਤਵਾਸ ਕਰਕੇ ਕੋਰੋਨਾ ਦੀ ਜਾਂਚ ਕਰਵਾਉਣ ਲਈ ਸਲਾਹ ਦਿੱਤੀ ਜਾਂਦੀ ਆ ਰਹੀ ਹੈ ਪਰ ਫਿਰ ਵੀ ਜੇਕਰ ਕੋਈ ਲਾਹਪ੍ਰਵਾਹੀ ਕਰਦਾ ਹੈ ਤਾਂ ਇਸ ’ਚ ਨਾ ਹੀ ਸਿਹਤ ਵਿਭਾਗ ਦਾ ਕੋਈ ਕਸੂਰ ਹੈ ਅਤੇ ਨਾ ਹੀ ਪ੍ਰਸ਼ਾਸਨ ਇਸ ਲਈ ਕਿਸੇ ਵੀ ਤਰ੍ਹਾਂ ਦਾ ਜ਼ਿੰਮੇਵਾਰ ਹੈ। ਕੋਰੋਨਾ ਦੀ ਰੋਕਥਾਮ ਲਈ ਹਰ ਨਾਗਰਿਕ ਨੂੰ ਖੁੱਦ ਜ਼ਿੰਮੇਵਾਰ ਹੋਣ ਦਾ ਫਰਜ਼ ਨਿਭਾਉਣਾ ਚਾਹੀਦਾ ਹੈ।


Gurminder Singh

Content Editor

Related News