ਕੋਰੋਨਾ ਨਾਲ ਮਰੇ ਮਰੀਜ਼ਾਂ ਦਾ ਸਸਕਾਰ ਪਿੰਡ ਵਾਸੀਆਂ ਨਾ ਹੋਣ ਦਿੱਤਾ

Saturday, Aug 22, 2020 - 05:44 PM (IST)

ਕੋਰੋਨਾ ਨਾਲ ਮਰੇ ਮਰੀਜ਼ਾਂ ਦਾ ਸਸਕਾਰ ਪਿੰਡ ਵਾਸੀਆਂ ਨਾ ਹੋਣ ਦਿੱਤਾ

ਧਰਮਕੋਟ (ਸਤੀਸ਼) : ਬੀਤੇ ਦਿਨੀਂ ਕੋਰੋਨਾ ਨਾਲ ਮਰੇ ਮਰੀਜ਼ਾਂ ਦਾ ਸਸਕਾਰ ਕਰਨ ਲਈ ਪਿੰਡ ਬਾਜੇਕੇ ਵਿਖੇ ਸਥਿਤ ਡਿਗਰੀ ਕਾਲਜ ਵਾਲੀ ਜਗ੍ਹਾ 'ਤੇ ਸਸਕਾਰ ਕਰਨ ਲਈ ਉਨ੍ਹਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਲਿਆਂਦਾ ਗਿਆ। ਇਸ ਸਬੰਧੀ ਜਦੋਂ ਪਿੰਡ ਬਾਜੇਕੇ ਦੇ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ਵਿਚ ਪਿੰਡ ਵਾਸੀ ਉਪਰੋਕਤ ਡਿਗਰੀ ਕਾਲਜ ਵਾਲੀ ਜਗ੍ਹਾ 'ਤੇ ਇਕੱਤਰ ਹੋ ਗਏ ਅਤੇ ਪਿੰਡ ਵਾਸੀਆਂ ਨੇ ਇਨ੍ਹਾਂ ਕੋਰੋਨਾ ਨਾਲ ਮਰੇ ਵਿਅਕਤੀਆਂ ਦਾ ਸਸਕਾਰ ਇਸ ਜਗ੍ਹਾ 'ਤੇ ਕਰਨ 'ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਉਪਰੋਕਤ ਜਗ੍ਹਾ ਉਪਰ ਆ ਕੇ ਸਸਕਾਰ ਕਰਨ ਲਈ ਪਹੁੰਚੇ ਕਰਮਚਾਰੀਆਂ ਨੂੰ ਸਸਕਾਰ ਇਸ ਜਗ੍ਹਾ 'ਤੇ ਕਰਨ ਤੋਂ ਰੋਕ ਦਿੱਤਾ।

ਇਸ ਮੌਕੇ ਉਥੇ ਹਾਜ਼ਰ ਪਿੰਡ ਦੇ ਸਰਪੰਚ ਹਰਨੇਕ ਸਿੰਘ, ਸੁਸਾਇਟੀ ਪ੍ਰਧਾਨ ਗੁਰਜੰਟ ਸਿੰਘ ਪਿੰਡ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ ਮਰਨ ਵਾਲੇ ਮਰੀਜ਼ਾਂ ਦਾ ਸਸਕਾਰ ਸਾਡੇ ਪਿੰਡ ਬਾਜੇਕੇ ਵਿਖੇ ਕਰਨ ਲਈ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਡਿਗਰੀ ਕਾਲਜ ਦੀ ਜਗ੍ਹਾ ਪਿੰਡ ਦੀ ਅਬਾਦੀ ਦੇ ਕੋਲ ਹੈ ਅਤੇ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਮਹਾਮਾਰੀ ਨਾਲ ਮਰੇ ਵਿਅਕਤੀਆਂ ਦਾ ਸਸਕਾਰ ਕਰਨਾ ਹੈ ਤਾਂ ਉਹ ਇਨ੍ਹਾਂ ਵਿਅਕਤੀਆਂ ਦਾ ਸਸਕਾਰ ਉਸ ਜਗ੍ਹਾ 'ਤੇ ਹੀ ਕਰਨ, ਮਰਨ ਵਾਲੇ ਵਿਅਕਤੀ ਜਿਸ ਜਗ੍ਹਾ ਨਾਲ ਸਬੰਧਤ ਹਨ, ਉਨ੍ਹਾਂ ਦੇ ਖੇਤਰ ਵਿਚ ਹੀ ਕਰਨ ਅਤੇ ਇਸ ਜਗ੍ਹਾ 'ਤੇ ਪਿੰਡ ਵਾਸੀ ਕੋਰੋਨਾ ਨਾਲ ਮਰਨ ਵਾਲੇ ਕਿਸੇ ਵੀ ਬਾਹਰੀ ਵਿਅਕਤੀ ਦਾ ਸਸਕਾਰ ਨਹੀਂ ਹੋਣ ਦੇਣਗੇ।


author

Gurminder Singh

Content Editor

Related News